ਲੁਧਿਆਣਾ:- ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਾਝੇ ਦੇ ਪ੍ਰਸਿੱਧ ਕਵੀਸ਼ਰ ਸ: ਸੁਲੱਖਣ ਸਿੰਘ ਰਿਆੜ ਨੇ ਬੀਤੀ ਸ਼ਾਮ ਪਾਲ ਆਡੀਟੋਰੀਅਮ ਵਿਖੇ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਨੂੰ ਕਵੀਸ਼ਰੀ ਅਤੇ ਢਾਡੀ ਰਾਗ ਪਰੰਪਰਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਸ ਵਿੱਚ ਧਰਤੀ ਦੀ ਖੁਸ਼ਬੋਈ ਹੈ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਿਥੇ ਦੇਸ਼ ਦੀ ਅਨਾਜ ਪੱਖੋਂ ਸੇਵਾ ਕੀਤੀ ਹੈ ਉਥੇ ਕਲਾ ਪੱਖੋਂ ਵੀ ਇਹ ਅੰਗ ਸੰਭਾਲਣਾ ਜ਼ਰੂਰੀ ਹੈ। ਉਨ੍ਹਾਂ ਪੇਸ਼ਕਸ਼ ਕੀਤੀ ਕਿ ਉਹ ਇਨ੍ਹਾਂ ਕਲਾਵਾਂ ਦੀ ਸਿਖਲਾਈ ਦਾ ਪ੍ਰਬੰਧ ਕਰਕੇ ਦੇ ਸਕਦੇ ਹਨ ਜੇਕਰ ਇਥੋਂ ਦੇ ਵਿਦਿਆਰਥੀ ਕਵੀਸ਼ਰੀ ਅਤੇ ਢਾਡੀ ਰਾਗ ਸਿੱਖਣਾ ਚਾਹੁੰਣ। ਸ: ਰਿਆੜ ਨੇ ਆਖਿਆ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਇਲਾਵਾ ਸੂਬੇ ਦੀਆਂ ਬਾਕੀ ਯੂਨੀਵਰਸਿਟੀਆਂ ਵਿੱਚ ਵੀ ਇਹ ਸੇਵਾ ਨਿਸ਼ਕਾਮ ਕਰ ਸਕਦੇ ਹਨ।
ਸ: ਸੁਲੱਖਣ ਸਿੰਘ ਰਿਆੜ ਨੇ ਇਸ ਮੌਕੇ ਰਵਾਇਤੀ ਅੰਦਾਜ਼ ਵਿੱਚ ਤੁਸੀਂ ਸਾਡੇ ਦੇਸ਼ ਦਾ ਭਵਿੱਖ ਬੱਚਿਓ ਅਤੇ ਪੰਜਾਬੀ ਕਿਸਾਨਾਂ ਵੱਲੋਂ ਚੰਦਰਮਾ ਤੇ ਖੇਤੀ ਕਰਨ ਵਾਲੀ ਕਵੀਸ਼ਰੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਡਾ: ਨਿਰਮਲ ਜੌੜਾ ਨੇ ਇਨ੍ਹਾਂ ਕਵੀਸ਼ਰਾਂ ਨੂੰ ਬੇਨਤੀ ਕੀਤੀ ਕਿ ਉਹ ਕਿਸਾਨ ਮੇਲੇ ਤੇ ਵੀ ਸਮਾਜਿਕ ਬੁਰਾਈਆਂ ਅਤੇ ਖੇਤੀਬਾੜੀ ਗਿਆਨ ਭਰਪੂਰ ਕਵੀਸ਼ਰੀਆਂ ਸੁਣਾਉਣ ਲਈ ਜ਼ਰੂਰ ਆਉਣ। ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ: ਦੇਵਿੰਦਰ ਸਿੰਘ ਚੀਮਾ ਨੇ ਸ: ਸੁਲੱਖਣ ਸਿੰਘ ਰਿਆੜ ਅਤੇ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਸਨਮਾਨਿਤ ਕੀਤਾ।