ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਡਾ: ਅਨਿਲ ਸ਼ਰਮਾ ਦੀ ਨਿਰਦੇਸ਼ਨਾ ਹੇਠ ਬੀਤੀ ਸ਼ਾਮ ਪੇਸ਼ ਕੀਤੇ ਪਾਕਿਸਤਾਨੀ ਪੰਜਾਬੀ ਨਾਟਕ ‘ਦੁੱਖ ਦਰਿਆ’ ਦੀ ਪੇਸ਼ਕਾਰੀ ਦੀ ਪ੍ਰਧਾਨਗੀ ਕਰਦਿਆਂ ਖੇਤੀਬਾੜੀ ਕਾਲਜ ਦੇ ਡੀਨ ਡਾ: ਦੇਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਹਿੰਦ-ਪਾਕਿ ਦੀ ਵੰਡ ਦਾ ਪੁਰਾਣਾ ਦਰਦ ਅੱਜ ਵੀ ਭਾਰਤ ਅਤੇ ਪਾਕਿਸਤਾਨ ਦੇ ਸਾਹਿਤ ਵਿੱਚ ਜਿਉਂਦਾ ਜਾਗਦਾ ਹੈ। ਇਸ ਤੋਂ ਨਵੀਂ ਪੀੜ੍ਹੀ ਨੂੰ ਪ੍ਰੇਰਨਾ ਦੇ ਕੇ ਵਿਸ਼ਵ ਅਮਨ ਲਹਿਰ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਹਰ ਦੁਖਾਂਤ ਵੇਲੇ ਔਰਤ ਹੀ ਮਰਦਾਂ ਦੇ ਜ਼ਬਰ ਦਾ ਸ਼ਿਕਾਰ ਕਿਉਂ ਹੁੰਦੀ ਹੈ ਇਸ ਸਵਾਲ ਦਾ ਜਵਾਬ ਸਾਨੂੰ ਸਭ ਨੂੰ ਮਿਲ ਕੇ ਲੱਭਣਾ ਪਵੇਗਾ। ਉਨ੍ਹਾਂ ਆਖਿਆ ਕਿ ਡਾ: ਕੇਸ਼ੋ ਰਾਮ ਸ਼ਰਮਾ ਦੀ ਯਾਦ ਨੂੰ ਸਮਰਪਿਤ ਇਹ ਨਾਟਕ ਸ਼ਾਮ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਦੀ ਨਿਰਦੇਸ਼ਨਾ ਉਨ੍ਹਾਂ ਦੇ ਹੀ ਵਿਦਿਆਰਥੀ ਨੇ ਕੀਤੀ ਹੈ। ਭਵਿੱਖ ਵਿੱਚ ਵੀ ਆਪਣੇ ਵਿਛੜੇ ਕਲਾਕਾਰਾਂ ਦੀ ਯਾਦ ਨੂੰ ਸਮਰਪਿਤ ਅਜਿਹੀਆਂ ਸਰਗਰਮੀਆਂ ਕੀਤੀਆਂ ਜਾਣਗੀਆਂ ਜਿਸ ਨਾਲ ਨਵੀਂ ਪੀੜ੍ਹੀ ਨੂੰ ਵਿਰਸੇ ਤੋਂ ਜਾਣੂੰ ਕਰਵਾਇਆ ਜਾ ਸਕੇ।
ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਆਖਿਆ ਕਿ ‘ਦੁੱਖ ਦਰਿਆ’ ਨਾਟਕ ਦਾ ਲਿਖਾਰੀ ਸ਼ਾਹਿਦ ਨਦੀਮ ਸਾਡੇ ਲਈ ਸਰਵ ਸਾਂਝਾ ਨਾਟਕਕਾਰ ਹੈ ਜਿਸ ਨੇ ਧਰਤੀ ਦੀ ਸਾਂਝੀ ਪੀੜ੍ਹ ਨੂੰ ਆਪਣੀ ਲਿਖਤ ਦਾ ਆਧਾਰ ਬਣਾਇਆ ਹੈ। ਉਨ੍ਹਾਂ ਆਖਿਆ ਕਿ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵੱਲੋਂ ਦੱਖਣੀ ਏਸ਼ੀਆ ਵਿੱਚ ਪਾਏਦਾਰ ਅਮਨ ਲਈ ਹਮੇਸ਼ਾਂ ਯਤਨ ਕੀਤਾ ਜਾਂਦਾ ਰਿਹਾ ਹੈ ਅਤੇ ਇਹ ਪੇਸ਼ਕਾਰੀ ਵੀ ਉਸੇ ਦੀ ਅਹਿਮ ਕੜੀ ਹੈ। ਉਨ੍ਹਾਂ ਆਖਿਆ ਕਿ ਕਲਾਕਾਰ ਤਿੱਤਲੀਆਂ ਵਰਗੇ ਹੁੰਦੇ ਹਨ ਜਿਨ੍ਹਾਂ ਦੀ ਸੰਵੇਦਨਾ ਨੂੰ ਲਾਲ ਫੀਤਾਸ਼ਾਹੀ ਨਾਲ ਕੁਚਲਣਾ ਸਾਡੀ ਯੂਨੀਵਰਸਿਟੀ ਦੀ ਮਰਿਆਦਾ ਨਹੀਂ, ਇਸੇ ਕਰਕੇ ਡਾ: ਕੇਸ਼ੋ ਰਾਮ ਸ਼ਰਮਾ ਦੀ ਅਗਵਾਈ ਹੇਠ ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਡਾ: ਸੁਖਨੈਨ, ਨਿਰਮਲ ਜੌੜਾ, ਅਨਿਲ ਸ਼ਰਮਾ, ਸੁਖਵਿੰਦਰ ਸੁੱਖੀ ਅਤੇ ਅਨੇਕਾਂ ਕਲਾਕਾਰ ਪ੍ਰਵਾਨ ਚੜੇ ਹਨ। ਡਾ: ਧੀਮਾਨ ਨੇ ਆਖਿਆ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਜੀ ਨੇ ਵੀ ਸਾਨੂੰ ਸਭ ਨੂੰ ਇਹੀ ਸੁਨੇਹਾ ਦਿੱਤਾ ਹੈ ਕਿ ਦੇਸ਼ ਦੀ ਭੁੱਖਮਰੀ ਦੂਰ ਕਰਨ ਲਈ ਜਿਥੇ ਵੱਧ ਅਨਾਜ ਦੀ ਲੋੜ ਹੈ ਉਥੇ ਆਪਣੇ ਘਰ ਨੂੰ ਸੁਰੱਖਿਅਤ ਰੱਖਣ ਲਈ ਸਮਾਜਿਕ ਕੁਰੀਤੀਆਂ ਦੇ ਖਿਲਾਫ ਵੀ ਸਾਨੂੰ ਹੀ ਜੂਝਣਾ ਪੈਣਾ ਹੈ। ਕੁਰੀਤੀ ਭਾਵੇਂ ਕੰਮ ਚੋਰੀ ਦੀ ਹੋਵੇ, ਭਰੂਣ ਹੱਤਿਆ ਹੋਵੇ, ਸੀਨਾਜ਼ੋਰੀ ਹੋਵੇ, ਰਿਸ਼ਵਤਖੋਰੀ ਹੋਵੇ ਜਾਂ ਦਾਜ ਦਹੇਜ਼ ਦੀ ਮੰਗ ਵਰਗਾ ਕੋਹੜ ਹੋਵੇ, ਜਵਾਨ ਪੀੜ੍ਹੀ ਨੂੰ ਇਸ ਤੋਂ ਮੁਕਤ ਰੱਖਣ ਵਿਦਿਅਕ ਅਦਾਰਿਆਂ ਦੀ ਜਿੰਮੇਂਵਾਰੀ ਹੈ।
‘ਦੁੱਖ ਦਰਿਆ’ ਨਾਟਕ ਦੇ ਨਿਰਦੇਸ਼ਕ ਡਾ: ਅਨਿਲ ਸ਼ਰਮਾ ਨੇ ਦੱਸਿਆ ਕਿ ਇਸ ਨਾਟਕ ਵਿੱਚ 20 ਤੋਂ ਵੱਧ ਨਵੇਂ ਕਲਾਕਾਰਾਂ ਨੇ ਬੜੀ ਹੰਢੀ ਵਰਤੀ ਅਦਾਕਾਰੀ ਰਾਹੀਂ ਸਮਾਜ ਨੂੰ ਅਮਨ ਦਾ ਸੁਨੇਹਾ ਦਿੱਤਾ ਹੈ। ਇਹੀ ਸਾਡਾ ਟੀਚਾ ਸੀ। ਉਨ੍ਹਾਂ ਆਖਿਆ ਕਿ ਡਾ: ਕੇਸ਼ੋ ਰਾਮ ਸ਼ਰਮਾ ਦਾ ਪੇਟਿੰਗ ਚਿੱਤਰ ਵਿਦਿਆਰਥੀਆਂ ਨੇ ਤਿਆਰ ਕਰਵਾਇਆ ਹੈ ਜਿਸ ਨੂੰ ਯੂਨੀਵਰਸਿਟੀ ਵਿੱਚ ਯੋਗ ਥਾਂ ਤੇ ਸਥਾਪਿਤ ਕਰਨ ਲਈ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਭਵਿੱਖ ਦੇ ਕਲਾਕਾਰ ਵੀ ਉਨ੍ਹਾਂ ਤੋਂ ਪ੍ਰੇਰਨਾ ਹਾਸਿਲ ਕਰ ਸਕਣ। ਮੰਚ ਸੰਚਾਲਨ ਡਾ: ਨਿਰਮਲ ਜੌੜਾ ਨੇ ਕਰਦਿਆਂ ਆਖਿਆ ਕਿ ਇਹ ਸਰਗਰਮੀਆਂ ਵਿਦਿਆਰਥੀਆਂ ਦੀ ਸਰਵਪੱਖੀ ਸੰਤੁਲਿਤ ਸਖਸ਼ੀਅਤ ਉਸਾਰਨ ਲਈ ਜ਼ਰੂਰੀ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੀ ਸਰਵਸਾਂਝੀ ਵਿਰਾਸਤ ਨੂੰ ਪੇਸ਼ ਕਰਦੀ ਕੋਰੀਓਗ੍ਰਾਫੀ ਨੂੰ ਵਿਦਿਆਰਥੀਆਂ ਵੱਲੋਂ ਚੰਗਾ ਹੁੰਗਾਰਾ ਦੇਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਉਹ ਚੰਗਾ ਸੁਣਨਾ ਅਤੇ ਵੇਖਣਾ ਚਾਹੁੰਦੇ ਹਨ ਪਰ ਸਾਡੀਆਂ ਬਹੁਤੀਆਂ ਸੰਸਥਾਵਾਂ ਵਪਾਰਕ ਬਿਰਤੀ ਅਧੀਨ ਉਨ੍ਹਾਂ ਨੂੰ ਸਿਹਤਮੰਦ ਸੋਚ ਦੇ ਲੜ ਨਹੀਂ ਲਾਉਦੀਆਂ।
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਅਤੇ ਪੀ ਏ ਯੂ ਅਧਿਆਪਕ ਗੁਰਭਜਨ ਗਿੱਲ ਨੇ ਧੰਨਵਾਦੀ ਸ਼ਬਦ ਬੋਲਦਿਆਂ ਆਖਿਆ ਕਿ ਲਗਾਤਾਰ ਸਾਹਿਤਕ, ਸਭਿਆਚਾਰਕ ਅਤੇ ਸਹਿ ਸਿਖਿਅਕ ਸਰਗਰਮੀਆਂ ਨਾਲ ਆਪਣੇ ਵਿਦਿਆਰਥੀਆਂ ਨੂੰ ਲਗਾਤਾਰ ਸੁਚੇਤ ਕੀਤਾ ਜਾਵੇਗਾ ਤਾਂ ਜੋ ਉਹ ਸਮਾਜ ਵਾਸਤੇ ਸਿਹਤਮੰਦ ਧਿਰ ਬਣ ਸਕਣ। ਉਨ੍ਹਾਂ ਆਖਿਆ ਕਿ ਜੇਕਰ ਕਿਸੇ ਵੀ ਸੰਸਥਾ ਵਿੱਚ ਵਿਦਿਆਰਥੀ ਚੰਗੀ ਪੇਸ਼ਕਾਰੀ ਨੂੰ ਠੀਕ ਤਰ੍ਹਾਂ ਪ੍ਰਵਾਨ ਨਹੀਂ ਕਰਦੇ ਤਾਂ ਇਹ ਸਾਡੀ ਕਮਜ਼ੋਰੀ ਹੈ ਕਿਉਂਕਿ ਕੌਮੀ ਪੱਧਰ ਤੇ ਸੰਚਾਰ ਮਾਧਿਅਮ, ਇੰਟਰਨੈੱਟ ਅਤੇ ਹੋਰ ਪਸਾਰ ਸਾਧਨ ਨੌਜਵਾਨ ਪੀੜ੍ਹੀ ਨੂੰ ਜੋ ਕੁਝ ਪਰੋਸ ਰਹੇ ਹਨ ਉਹ ਮਾਰੂ ਰੁਝਾਨ ਪੈਦਾ ਕਰਨ ਵਾਲਾ ਹੈ, ਉਸਾਰੂ ਨਹੀਂ। ਸਿੰਜੈਂਟਾ ਕੰਪਨੀ ਵੱਲੋਂ ਡਾ: ਮਲਵਿੰਦਰ ਸਿੰਘ ਮੱਲ੍ਹੀ ਨੇ ਸਾਰੇ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ।