ਅੰਮ੍ਰਿਤਸਰ- : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜੇਕਰ ਪੰਥਕ ਮਸਲਿਆ ਦੇ ਹੱਲ ਲਈ ਉਹਨਾਂ ਵੱਲੋਂ ਦੇਸ ਦੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਤੇ ਕਾਂਗਰਸ ਦੀ ਕੌਮੀ ਪ੍ਰਧਾਨ ਬੀਬੀ ਸੋਨੀਆ ਗਾਂਧੀ ਨੂੰ ਮਿਲਣਾ ਗੁਨਾਹ ਹੈ ਤਾਂ ਉਹ ਇਹ ਗੁਨਾਹ ਬਾਰ ਬਾਰ ਕਰਨਗੇ।
ਜਾਰੀ ਇੱਕ ਬਿਆਨ ਰਾਹੀ ਸ੍ਰੀ ਸਰਨਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋ ਦਿੱਤੇ ਉਸ ਬਿਆਨ ਕਿ ‘ਸਰਨਾ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਨੂੰ ਮਿਲ ਕੇ ਬੱਜਰ ਗੁਨਾਹ ਕਰ ਰਹੇ ਹਨ’ ਦੇ ਜਵਾਬ ਵਿੱਚ ਕਿਹਾ ਕਿ ਜੇਕਰ ਭੁੱਲਰ ਦੀ ਫਾਂਸੀ ਦੀ ਸਜਾ ਰੱਦ ਕਰਾਉਣ, ਸਿੱਖ ਨੌਜਵਾਨਾ ਦੀ ਕਾਲੀ ਸੂਚੀ ਖਤਮ ਕਰਾਉਣ ਅਤੇ ਹੋਰ ਸਿੱਖਾਂ ਦੇ ਭੱਖਦੇ ਮਸਲਿਆ ਦੇ ਹੱਲ ਲਈ ਬੀਬੀ ਸੋਨੀਆ ਨੂੰ ਮਿਲਣਾ ਗੁਨਾਹ ਹੈ ਤਾਂ ਉਹ ਇਹ ਗੁਨਾਹ ਬਾਰ ਬਾਰ ਕਰਨਗੇ। ਉਹਨਾਂ ਕਿਹਾ ਕਿ ਪੰਥ ਦੀ ਭਲਾਈ ਲਈ ਜੇਕਰ ਉਹਨਾਂ ਨੂੰ ਕਿਸੇ ਹੋਰ ਪਾਰਟੀ ਦੇ ਆਗੂ ਨੂੰ ਵੀ ਮਿਲਣ ਦੀ ਲੋੜ ਪਈ ਤਾਂ ਉਹ ਪਿੱਛੇ ਨਹੀ ਹੱਟਣਗੇ। ੳਹਨਾਂ ਕਿਹਾ ਕਿ ਦਿੱਲੀ ਕਮੇਟੀ ਆਪਣੀ ਜਿੰਮੇਵਾਰੀ ਨੂੰ ਭਲੀਭਾਂਤ ਸਮਝਦੀ ਹੈ ਅਤੇ ਇਸ ਬਾਰੇ ਮੱਕੜ ਕੋਲੋ ਉਹਨਾਂ ਨੂੰ ਕੋਈ ਵਿਸ਼ੇਸ਼ ਸਰਟੀਫਿਕੇਟ ਲੈਣ ਦੀ ਲੋੜ ਨਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਕੋਈ ਛੂਤ ਦੀ ਬੀਮਾਰੀ ਨਹੀ ਸਗੋਂ ਦੇਸ ਦੀ ਸਭ ਦੀ ਪ੍ਰਥਮ ਸਿਆਸੀ ਪਾਰਟੀ ਹੈ ਅਤੇ ਦੇਸ ਦੀ ਵਾਂਗਡੋਰ ਇਸ ਵੇਲੇ ਉਸ ਦੇ ਹੱਥ ਵਿੱਚ ਹੈ। ਉਹਨਾਂ ਕਿਹਾ ਕਿ ਮੱਕੜ ਤੇ ਬਾਦਲ ਜੋੜੀ ਕਈ ਵਾਰੀ ਪ੍ਰਧਾਨ ਮੰਤਰੀ ਨੂੰ ਮਿਲ ਚੁੱਕੇ ਹਨ ਕੀ ਉਸ ਵੇਲੇ ਕਾਂਗਰਸ ਵਿਕਾਸ਼ ਮੁੱਖੀ ਬਣ ਜਾਂਦੀ ਹੈ? ਉਹਨਾਂ ਕਿਹਾ ਕਿ ਬਾਦਲਕੇ ਕਾਂਗਰਸੀ ਆਗੂਆ ਨੂੰ ਮਿਲਣ ਤਾਂ ਉਹ ਦੁੱਧ ਧੋਤੇ ਪਰ ਜਦੋਂ ਕੋਈ ਹੋਰ ਮਿਲਦਾ ਹੈ ਤਾਂ ਫਿਰ ਇਹਨਾਂ ਦਾ ਪੇਟ ਕਿਉ ਦੁੱਖਣ ਲੱਗ ਪੈਦਾ ਹੈ।
ਸ੍ਰੋਮਣੀ ਕਮੇਟੀ ਦੇ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਚੋਣ ਲੜ ਰਹੇ ਪੰਥਕ ਮੋਰਚੇ ਦੇ ਉਮੀਦਵਾਰ ਸ੍ਰੀ ਪਰਦੀਪ ਸਿੰਘ ਵਾਲੀਆ ਦੇ ਬੇਟੇ ਸਿਮਰਦੀਪ ਸਿੰਘ ਨੂੰ ‘ਮਜੀਠਾ ਬਿਰਗੇਡ’ ਵੱਲੋਂ ਅੱਜ ਸਵੇਰੇ ਅਗਵਾ ਕਰ ਲੈ ਜਾਣ ਤੋ ਦੋ ਘੰਟੇ ਬਾਅਦ ਰਿਹਾਅ ਕਰਨ ਦੀ ਘਟਨਾ ਦੀ ਕਰੜੇ ਸ਼ਬਦਾ ਵਿੱਚ ਨਿਖੇਧੀ ਕਰਦਿਆ ਸ੍ਰੀ ਸਰਨਾ ਨੇ ਕਿਹਾ ਕਿ ਜਿਹੜੀਆ ਘਟਨਾਵਾਂ ਵਾਪਰਨ ਨੂੰ ਲੈ ਕੇ ਉਹ ਪਿਛਲੇ ਸਮੇਂ ਤੋ ਸਰਕਾਰ ਤੇ ਗੁਰਦੁਆਰਾ ਚੋਣ ਕਮਿਸ਼ਨ ਦਾ ਧਿਆਨ ਦਿਵਾ ਕੇ ਮੰਗ ਕਰਦੇ ਆ ਰਹੇ ਹਨ ਕਿ ਸ੍ਰੋਮਣੀ ਕਮੇਟੀ ਦੀਆ ਚੋਣਾਂ ਦੌਰਾਨ ਪੈਰਾ ਮਿਲਟਰੀ ਫੋਰਸਾਂ ਤਾਇਨਾਤ ਕੀਤੀਆ ਜਾਣ ਪਰ ਉਹਨਾਂ ਦੀ ਮੰਗ ਵੱਲ ਕਿਸੇ ਵੀ ਧਿਆਨ ਨਹੀ ਦਿੱਤਾ। ਉਹਨਾਂ ਕਿਹਾ ਕਿ ਜੇਕਰ ਚੋਣ ਤੋਂ ਇੱਕ ਦਿਨ ਪਹਿਲਾਂ ਹੀ ਹਾਕਮ ਧਿਰ ਦੇ ਗੁੰਡਿਆ ਵੱਲੋ ਂਪਿਸਤੌਲ ਦੀ ਨੋਕ ਤੇ ਅਗਵਾ ਕਰਨ ਦੀਆ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਇਹ ਵੀ ਸਪੱਸ਼ਟ ਹੈ ਕਿ ਭਲਕੇ ਪੈਣ ਵਾਲੀਆ ਵੋਟਾਂ ਦੌਰਾਨ ਗੁੰਡਾਗਰਦੀ ਹੋਣ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਨਾਜੁਕ ਬੂਥਾਂ ਦੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਅਤੇ ਵੋਟਾਂ ਦੀ ਪੂਰਣ ਰੂਪ ਵਿੱਚ ਵੀਡੀਓਗਰਾਫੀ ਕਰਨ ਦੀ ਵਿਵਸਥਾ ਕੀਤੀ ਜਾਵੇ ਤਾਂ ਕਿ ਪਤਿਤ, ਸਹਿਜਧਾਰੀ ਤੇ ਇੱਛਾਧਾਰੀਆ ਵੱਲੋ ਵੋਟ ਪਾਏ ਜਾਣ ਨੂੰ ਕੈਮਰੇ ਵਿੱਚ ਬੰਦ ਕੀਤਾ ਜਾ ਸਕੇ।
ਉਹਨਾਂ ਵਿਧਾਨ ਸਭਾ ਹਲਕਾ ਮਜੀਠਾ ਤੋਂ ਅਕਾਲੀ ਵਿਧਾਇਕ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਬਿਕਰਮ ਸਿੰਘ ਮਜੀਠੀਆ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਸੱਤਾ ਹਮੇਸ਼ਾਂ ਇੱਕ ਵਿਅਕਤੀ ਕੋਲ ਨਹੀ ਰਹਿੰਦੀ ਅਤੇ ਪੰਜਾਬ ਵਿੱਚ ਤਾਂ ਹਾਲਾਤ ਤੇ ਸੱਤਾ ਬੜੀ ਜਲਦੀ ਨਾਲ ਬਦਲ ਰਹੇ ਹਨ। ਉਹਨਾਂ ਕਿਹਾ ਕਿ ਸੱਤਾ ਦੀ ਤਬਦੀਲੀ ਉਪਰੰਤ ਮਜੀਠੀਏ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੀ ਸਭਿਅਤਾ ਅਨੁਸਾਰ ਭਾਜੀ ਦੁੱਗਣੀ ਕਰਕੇ ਮੋੜਨ ਦਾ ਰਿਵਾਜ ਹੈ। ਉਹਨਾਂ ਕਿਹਾ ਕਿ ਮਜੀਠੀਏ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਗਰਮ ਖੂਨ ਦੀ ਦੁਰਵਰਤੋਂ ਕਰਨ ਦੀ ਬਜਾਏ ਸਦਵਰਤੋ ਕਰਕੇ ਆਪਣ ਭਵਿੱਖ ਨੂੰ ਕਾਲਾ ਨਹੀ ਸਗੋਂ ਸੁਨਿਹਰੀ ਬਣਾਉਣ ਦਾ ਯਤਨ ਕਰੇ ਨਹੀ ਤਾਂ ਇਤਿਹਾਸ ਗਵਾਹ ਹੈ ਕਿ ਪੰਜਾਬੀਆ ਨੇ ਕਦੇ ਵੀ ਮੁਆਫ ਨਹੀ ਕੀਤਾ।