ਚੰਡੀਗੜ੍ਹ- ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਬਾਦਲ ਦਲ ਨੇ ਹੂੰਝਾਫੇਰ ਜਿੱਤ ਹਾਸਿਲ ਕੀਤੀ। ਵਿਰੋਧੀ ਧਿਰਾਂ ਉਨ੍ਹਾਂ ਦੀ ਜਬਰਦਸਤ ਜਿੱਤ ਅੱਗੇ ਟਿਕ ਨਹੀਂ ਸਕੀਆਂ। ਸ਼ਰੋਮਣੀ ਅਕਾਲੀ ਦਲ ਅਤੇ ਸੰਤ ਸਮਾਜ ਨੇ ਕੁਲ 170 ਸੀਟਾਂ ਵਿਚੋਂ 157 ਸੀਟਾਂ ਪ੍ਰਾਪਤ ਕੀਤੀਆਂ ਅਤੇ ਬਾਕੀ ਸਾਰੀਆਂ ਪਾਰਟੀਆਂ ਦੇ ਖਾਤੇ ਵਿੱਚ ਸਿਰਫ਼ 13 ਸੀਟਾਂ ਹੀ ਗਈਆਂ। ਪੰਜਾਬ ਵਿੱਚ 55% ਵੋਟਾਂ ਪਈਆਂ। ਐਸਜੀਪੀਸੀ ਦੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਮੱਕੜ, ਸੇਵਾ ਸਿੰਘ ਸੇਖਵਾਂ, ਤੋਤਾ ਸਿੰਘ, ਬੀਬੀ ਜਗੀਰ ਕੌਰ, ਸੁਖਦੇਵ ਸਿੰਘ ਭੌਰ, ਬੀਬੀ ਕਿਰਨਜੀਤ ਕੌਰ, ਸੁੱਚਾ ਸਿੰਘ ਲੰਗਾਹ, ਅਮਰਜੀਤ ਸਿੰਘ ਚਾਵਲਾ, ਸੁਖਦਰਸ਼ਨ ਸਿੰਘ ਮਰਾੜ ਅਤੇ ਹੋਰ ਬਹੁਤ ਸਾਰੇ ਅਕਾਲੀ ਆਗੂ ਚੋਣ ਜਿੱਤ ਗਏ ਹਨ। ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਅਤੇ ਪੰਚ ਪ੍ਰਧਾਨੀ ਦੇ ਭਾਈ ਹਰਪਾਲ ਸਿੰਘ ਚੀਮਾ ਚੋਣ ਹਾਰ ਗਏ ਹਨ। ਪੰਥਕ ਮੋਰਚੇ ਦੇ ਕੁਲਬੀਰ ਸਿੰਘ ਬੜਾ ਪਿੰਡ ਚੋਣ ਜਿੱਤ ਗਏ ਹਨ। ਸ਼ਹਿਰਾਂ ਨਾਲੋਂ ਪਿੰਡਾਂ ਵਿੱਚ ਵੱਧ ਵੋਟਾਂ ਭੁਗਤੀਆਂ।
ਐਸਜੀਪੀਸੀ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਵਲੋਂ ਸਰਕਾਰ ਤੇ ਧੱਕੇਸ਼ਾਹੀ ਅਤੇ ਗੁੰਡਾਗਰਦੀ ਦੇ ਦੋਸ਼ ਲਗਾਏ ਗਏ ਹਨ। ਸਰਕਾਰੀ ਅਮਲੇ ਫੈਲੇ ਤੇ ਵੀ ਬਾਦਲ ਦਲ ਦੀ ਮਦਦ ਕਰਨ ਦੇ ਦੋਸ਼ ਲਗਾਏ ਗਏ ਹਨ। ਇਸ ਦੇ ਬਾਵਜੂਦ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ।