ਨਵੀਂ ਦਿੱਲੀ- ਭਾਰਤ ਵਿੱਚ ਸਿਕਿਮ ਸਮੇਤ ਉਤਰ-ਪੂਰਬੀ ਰਾਜਾਂ ਵਿੱਚ ਭੂਚਾਲ ਦੇ ਜਬਰਦਸਤ ਝਟਕੇ ਆਏ। ਗਵਾਂਢੀ ਦੇਸ਼ਾਂ ਬੰਗਲਾ ਦੇਸ਼ ਅਤੇ ਨੇਪਾਲ ਵਿੱਚ ਵੀ ਭੁਚਾਲ ਦੇ ਵੱਡੇ ਝਟਕੇ ਲਗੇ। ਸਿਕਿਮ ਅਤੇ ਨੇਪਾਲ ਵਿੱਚ 6.8 ਦੀ ਰਫ਼ਤਾਰ ਦਰਜ ਕੀਤੀ ਗਈ ਹੈ। ਭਾਰਤ ਅਤੇ ਨੇਪਾਲ ਵਿੱਚ ਭੂਚਾਲ ਨਾਲ 92 ਲੋਕਾਂ ਦੇ ਮਾਰੇ ਜਾਣ ਅਤੇ 100 ਤੋਂ ਵੱਧ ਲੋਕਾਂ ਦੇ ਜਖਮੀ ਹੋਣ ਦੀਆਂ ਖਬਰਾਂ ਹਨ।
ਭਾਰਤ ਦੇ ਦੂਸਰੇ ਹਿਸਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਸਾਮ,ਤਿਰਪੁਰਾ, ਮੇਘਾਲਿਆ, ਬਿਹਾਰ, ਝਾਰਖੰਡ, ਰਾਜਸਥਾਨ,ਉਤਰਪ੍ਰਦੇਸ਼, ਦਿੱਲੀ, ਚੰਡੀਗੜ੍ਹ ਅਤੇ ਪੱਛਮੀ ਬੰਗਾਲ ਦੇ ਕੁਝ ਭਾਗਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਿਕਿਮ ਵਿੱਚ ਕੁਝ ਸਥਾਨਾਂ ਤੇ ਧਰਤੀ ਫਟਣ ਨਾਲ ਸੜਕਾਂ ਬੰਦ ਹੋ ਗਈਆਂ ਹਨ।ਬਿਜਲੀ ਅਤੇ ਫ਼ੋਨ ਸੇਵਾਵਾਂ ਵੀ ਠੱਪ ਹੋ ਗਈਆਂ ਹਨ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸਿਕਿਮ ਦੇ ਮੁੱਖਮੰਤਰੀ ਨਾਲ ਗੱਲਬਾਤ ਕੀਤੀ ਅਤੇ ਦਿੱਲੀ ਵਿੱਚ ਐਮਰਜੈਂਸੀ ਬੈਠਕ ਬੁਲਾਈ। ਰਾਹਤ ਬਲਾਂ ਨੂੰ ਸਿਕਿਮ ਰਵਾਨਾ ਕਰ ਦਿੱਤਾ ਗਿਆ ਹੈ। ਸਿਕਿਮ ਸਰਕਾਰ ਨੇ ਮਦਦ ਲਈ ਸੈਨਾ ਵੀ ਬੁਲਾ ਲਈ ਹੈ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਆਏ ਭੂਚਾਲ ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਭੂਚਾਲ ਪੀੜਤਾਂ ਲਈ ਹਰ ਸੰਭਵ ਮਦਦ ਮੁਹਈਆ ਕਰਵਾਉਣ ਲਈ ਕਿਹਾ ਹੈ। ਪੱਛਮੀ ਬੰਗਾਲ ਦੀ ਸਰਕਾਰ ਨੇ ਵੀ ਹਰ ਸੰਭਵ ਸਹਾਇਤਾ ਕਰਨ ਦੀ ਪੇਸ਼ਕਸ਼ ਕੀਤੀ ਹੈ।