ਨਵੀਂ ਦਿੱਲੀ,(ਪਰਮਜੀਤ ਸਿੰਘ ਬਾਗੜੀਆ) – ਐਤਵਾਰ ਦੀ ਰਾਤ ਹਿਮਾਲੀਆ ਖੇਤਰ ਵਿਚ ਆਏ ਜੋਰਦਾਰ ਭੁਚਾਲ ਨਾਲ ਭਾਰਤ, ਨੇਪਾਲ ਅਤੇ ਤਿੱਬਤ ਵਿਚ ਜਾਨੀ ਤੇ ਮਾਲੀ ਨੁਕਸਾਨ ਦੀਆਂ ਖਬਰਾਂ ਹਨ। ਭੁਚਾਲ ਨਾਲ ਭਾਰਤ ਵਿਚ 92, ਨੇਪਾਲ ਵਿਚ 8 ਅਤੇ ਚੀਨ ਵਿਚ 7 ਲੋਕਾਂ ਦੇ ਮਰਨ ਦੀਆਂ ਖਬਰਾਂ ਹਨ। ਭੁਚਾਲ ਕਰਕੇ ਸੜਕਾਂ, ਇਮਾਰਤਾਂ ਅਤੇ ਢਾਂਚਾਗਤ ਵਜੂਦ ਨੂੰ ਭਾਰੀ ਨੁਕਸਾਨ ਪੁੱਜਾ ਹੈ। ਰਿਕਟਰ ਪੈਮਾਨੇ ‘ਤੇ 6.9 ਦੀ ਜਬਰਦਸਤ ਤੀਬਰਤਾ ਨਾਲ ਮਾਪੇ ਗਏ ਇਸ ਭੁਚਾਲ ਨੇ ਭਾਰਤ ਦੇ ਉੱਤਰ ਪੱਛਮੀ ਪਹਾੜੀ ਸੂਬੇ ਸਿੱਕਮ ਵਿਚ ਜਿਆਦਾ ਨੁਕਸਾਨ ਕੀਤਾ ਹੈ। ਸਿੱਕਮ ਦੀ ਰਾਜਧਾਨੀ ਗੰਗਟੋਕ ਦੇ ਚੁਫੇਰੇ ਜਾਂਦੀਆਂ ਸੜਕਾਂ ਦੇ ਧਸਣ ਕਰਕੇ ਤੇ ਪਿਛਲੇ ਚਾਰ ਦਿਨਾਂ ਤੋਂ ਪੈਰ ਹੀ ਭਾਰੀ ਬਾਰਿਸ਼ ਨਾਲ ਥਾਂ ਥਾਂ ਢਿੱਗਾਂ ਡਿਗਣ ਸਦਕਾ ਰਾਹਤ ਕਾਰਜਾਂ ਵਿਚ ਲੱਗੇ ਕਾਮਿਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮੀ ਮੁਸ਼ਕਿਲਾਂ ਕਰਕੇ ਰਾਹਤ ਤੇ ਬਚਾਅ ਕਾਰਜ ਵਿਚ ਲੱਗੀਆਂ ਟੀਮਾਂ ਅਜੇ ਵੀ ਪ੍ਰਵਾਵਿਤ ਖੇਤਰਾਂ ਤੱਕ ਨਹੀਂ ਪਹੁੰਚ ਸਕੀਆਂ ਜਿਸ ਕਰਕੇ ਮਰਨ ਵਾਲਿਆਂ ਦੀ ਗਿਣਤੀ ਸੈਂਕੜੇ ਤੋ ਵੀ ਟੱਪ ਜਾਣ ਦਾ ਖਦਸ਼ਾ ਹੈ।
ਭਾਰਤੀ ਫੌਜ ਅਤੇ ਸਿਵਲ ਖੇਤਰ ਦੇ ਹੈਲੀਕਾਪਟਰਾਂ ਰਾਹੀਂ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜ ਕਰਨ ਤੇ ਖਾਣ-ਪੀਣ ਦਾ ਸਮਾਨ ਪਹੁੰਚਾਣ ਦਾ ਕੰਮ ਜ਼ੋਰਾਂ ‘ਤੇ ਹੈ। ਬਾਰਡਰ ਰੋਡ ਆਰਗੇਨਾਈਜੇਸ਼ਨ ਵਲੋਂ ਵੀ ਸਿੱਕਮ ਨੂੰ ਜਾਣ ਵਾਲੇ ਰਾਸ਼ਟਰੀ ਮਾਰਗ ਨੰਬਰ 31 ਏ ਅਤੇ ਦਾਰਜੀਲਿੰਗ ਨੂੰ ਜੋੜਨ ਵਾਲੇ ਰਸਤੇ ਹਾਈਵੇ ਨੰਬਰ 55 ‘ਤੇ ਵੀ ਸਫਾਈ ਦਾ ਕੰਮ ਤੇਜੀ ਨਾਲ ਚਲ ਰਿਹਾ ਹੈ। ਭੁਚਾਲ ਤੋਂ ਸਹਿਮੇ ਹੋਏ ਲੋਕ ਖੂੱਲ੍ਹੇ ਅਸਮਾਨ ਥੱਲੇ ਰਾਤਾਂ ਕੱਟਣ ਲਈ ਮਜਬੂਰ ਹਨ। ਉਪਰੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਲੋਕਾਂ ਦਾ ਜੀਣਾ ਹੋਰ ਵੀ ਦੁੱਭਰ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨੇ ਭੁਚਾਲ ਨਾਲ ਮਰਨ ਵਾਲਿਆਂ ਦੇ ਨੇੜਲੇ ਰਿਸ਼ਤੇਦਾਰਾਂ ਲਈ ਪ੍ਰਤੀ ਵਿਆਕਤੀ 2 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਪੱਛਮੀ ਬੰਗਾਲ ਲਈ ਹੈਲਪ ਲਾਈਨ ਨੰਬਰ 033-22143250 ਅਤੇ ਗੰਗਟੋਕ ਪੁਲੀਸ ਹੈਲਪ ਲਾਈਨ 0091-3592-202022 ਅਤੇ 0091-3592-202033 ਹੈ।