ਨਵੀਂ ਦਿੱਲੀ- ਸਾਬਕਾ ਕ੍ਰਿਕਟ ਕਪਤਾਨ ਮਨਸੂਰ ਅਲੀ ਖਾਨ ਪਟੌਦੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਫੇਫੜਿਆਂ ਵਿੱਚ ਇਨਫੈਕਸ਼ਨ ਦੀ ਸਿ਼ਕਾਇਤ ਹੋਣ ਕਰਕੇ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਮਨਸੂਰ ਅਲੀ ਖਾਨ ਪਟੌਦੀ ਦਾ ਜਨਮ ਜਨਵਰੀ 1941 ਵਿੱਚ ਭੋਪਾਲ ਵਿੱਚ ਹੋਇਆ ਸੀ। ਉਹ 70 ਸਾਲ ਦੇ ਸਨ।ਉਹ ਇਫਿਤਖਾਰ ਅਲੀ ਖਾਨ ਦੇ ਬੇਟੇ ਸਨ। ਉਨ੍ਹਾਂ ਨੂੰ ਭਾਰਤ ਵਿੱਚ ਟਾਈਗਰ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ। ਪਟੌਦੀ 21 ਸਾਲ ਦੀ ਉਮਰ ਵਿੱਚ ਭਾਰਤ ਦੀ ਕ੍ਰਿਕਟ ਟੀਮ ਦੇ ਕਪਤਾਨ ਬਣੇ ਅਤੇ ਉਨ੍ਹਾਂ ਦੀ ਕਮਾਨ ਹੇਠ ਪਹਿਲੀ ਵਾਰ ਭਾਰਤ ਨੇ ਵਿਦੇਸ਼ ਵਿੱਚ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਭਾਰਤ ਵਲੋਂ 46 ਟੈਸਟ ਮੈਚ ਖੇਡੇ।
ਪਟੌਦੀ ਨੇ ਮੁਢਲੀ ਪੜ੍ਹਾਈ ਦੇਹਰਾਦੂਨ ਸਕੂਲ ਤੋਂ ਪ੍ਰਾਪਤ ਕੀਤੀ। ਬਾਅਦ ਵਿੱਚ ਜਿਆਦਾਤਰ ਪੜ੍ਹਾਈ ਬ੍ਰਿਟੇਨ ਵਿੱਚ ਪੂਰੀ ਕੀਤੀ। ਉਨ੍ਹਾਂ ਦਾ ਵਿਆਹ ਉਸ ਸਮੇਂ ਦੀ ਮਸ਼ਹੂਰ ਫਿਲਮੀ ਹੀਰੋਇਨ ਸ਼ਰਮੀਲਾ ਟੈਗੋਰ ਨਾਲ ਹੋਇਆ ਸੀ। ਉਨ੍ਹਾਂ ਦੇ ਪਰੀਵਾਰ ਵਿੱਚ ਪਤਨੀ ਸ਼ਰਮੀਲਾ ਟੈਗੋਰ ਤੋਂ ਇਲਾਵਾ ਇੱਕ ਬੇਟਾ ਸੈਫ਼ ਅਲੀ ਖਾਨ ਅਤੇ ਦੋ ਬੇਟੀਆਂ ਸੋਹਾ ਅਲੀ ਖਾਨ ਅਤੇ ਸਭਾ ਅਲੀ ਖਾਨ ਹਨ।