ਵਾਸਿੰਗਟਨ- ਅਮਰੀਕਾ ਦੇ ਐਡਮਿਰਲ ਮਾਈਕ ਮੂਲੇਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਕਾਬੁਲ ਵਿੱਚ ਅਮਰੀਕੀ ਦੂਤਾਵਾਸ ਤੇ ਹੋਏ ਅਤਵਾਦੀ ਹਮਲੇ ਵਿੱਚ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਨੇ ਹਕਾਨੀ ਗਰੁਪ ਦੀ ਮਦਦ ਕੀਤੀ ਹੈ। ਮੂਲੇਨ ਨੇ ਅਮਰੀਕੀ ਸੰਸਦ ਵਿੱਚ ਕਿਹਾ ਕਿ ਹਕਾਨੀ ਨੈਟਵਰਕ ਪਾਕਿਸਤਾਨ ਦੀ ਇੰਟਰ ਸਰਵਸਿਜ਼ ਇਨਟੈਲੀਜੈਂਸ ਏਜੰਸੀ ਦੇ ਪੱਕੇ ਹਿੱਸੇ ਵਾਂਗ ਕੰਮ ਕਰਦਾ ਹੈ।
ਪਾਕਿਸਤਾਨ ਦੇ ਗ੍ਰਹਿਮੰਤਰੀ ਰਹਿਮਾਨ ਮਲਿਕ ਨੇ ਹਕਾਨੀ ਗੁੱਟ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਅਫ਼ਗਾਨਿਸਤਾਨ ਦੇ ਨਾਲ ਲਗਦੀ ਸੀਮਾ ਤੇ ਸਰਗਰਮ ਅਤਵਾਦੀਆਂ ਦਾ ਸਫ਼ਾਇਆ ਕਰਨ ਲਈ ਵਚਨ-ਬਧ ਹੈ। ਪਾਕਿਸਤਾਨੀ ਅਧਿਕਾਰੀ ਅਤਵਾਦੀਆਂ ਨਾਲ ਸਬੰਧਾਂ ਨੂੰ ਸਦਾ ਨਕਾਰਦੇ ਰਹੇ ਹਨ। ਅਮਰੀਕੀ ਦੂਤਾਵਾਸ ਤੇ ਹੋਏ ਹਮਲੇ ਵਿੱਚ 25 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਹ ਹਮਲਾ 20 ਘੰਟੇ ਤੱਕ ਚਲਿਆ ਸੀ।ਮੂਲੇਨ ਦਾ ਕਹਿਣਾ ਹੈ ਕਿ ਸਾਡੇ ਕੋਲ ਭਰੋਸੇਯੋਗ ਜਾਣਕਾਰੀ ਹੈ ਕਿ ਕੁਝ ਹੋਰ ਹਮਲਿਆਂ ਵਿੱਚ ਵੀ ਇਸ ਗਰੁਪ ਦਾ ਹੱਥ ਸੀ। ਮੂਲੇਨ ਦੇ ਪਾਕਿਸਤਾਨੀ ਜਨਰਲ ਕਿਆਨੀ ਨਾਲ ਵੀ ਚੰਗੇ ਸਬੰਧ ਹਨ ਅਤੇ ਉਹ ਪਾਕਿਸਤਾਨ ਦੀ ਯਾਤਰਾ ਹੋਰ ਅਮਰੀਕੀ ਅਧਿਕਾਰੀਆਂ ਦੀ ਤੁਲਨਾ ਵਿੱਚ ਸੱਭ ਤੋਂ ਵੱਧ ਵਾਰ ਕਰ ਚੁੱਕੇ ਹਨ।