ਕਰਾਚੀ – ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਨੇ ਅਮਰੀਕਾ ਨੂੰ ਇਹ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਸਰਵਜਨਿਕ ਤੌਰ ਤੇ ਪਾਕਿਸਤਾਨ ਤੇ ਅਰੋਪ ਲਗਾਉਣ ਤੋਂ ਬਾਜ ਨਾਂ ਆਇਆ ਤਾਂ ਅਮਰੀਕਾ ਆਪਣਾ ਇੱਕ ਚੰਗਾ ਸਾਥੀ ਗਵਾ ਦੇਵੇਗਾ।
ਹਿਨਾ ਰਬਾਨੀ ਨੇ ਪਾਕਿਸਤਾਨੀ ਟੀਵੀ ਚੈਨਲ ਜਿਓ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ, “ਤੁਸੀਂ ਪਾਕਿਸਤਾਨ ਨੂੰ ਅਤੇ ਪਾਕਿਸਤਾਨੀ ਜਨਤਾ ਨੂੰ ਅਲੱਗ-ਥਲੱਗ ਨਹੀਂ ਕਰ ਸਕਦੇ, ਜੇ ਅਜਿਹਾ ਕੀਤਾ ਤਾਂ ਇਹ ਤੁਹਾਡੀ ਆਪਣੀ ਜਿੰਮੇਵਾਰੀ ਹੋਵੇਗੀ।” ਰਬਾਨੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਗੰਭੀਰ ਸਮਸਿਆਵਾਂ ਹਨ, ਪਰ ਇੱਕ ਦੂਸਰੇ ਤੇ ਉਂਗਲੀ ਉਠਾਉਣ ਅਤੇ ਬਲੀ ਦਾ ਬੱਕਰਾ ਬਣਾਏ ਜਾਣ ਨਾਲ ਕੁਝ ਹਾਸਿਲ ਨਹੀਂ ਹੋਵੇਗਾ।ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਸਰਵਜਨਿਕ ਤੌਰ ਤੇ ਅਪਮਾਨਿਤ ਕਰਨਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਬਾਨੀ ਨੇ ਮੂਲੇਨ ਵਲੋਂ ਪਾਕਿਸਤਾਨ ਤੇ ਲਗਾਏ ਗਏ ਸਾਰੇ ਅਰੋਪਾਂ ਨੂੰ ਰੱਦ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨਮੰਤਰੀ ਗਿਲਾਨੀ ਨੇ ਵੀ ਇਨ੍ਹਾਂ ਅਰੋਪਾਂ ਦੀ ਸਖਤ ਅਲੋਚਨਾ ਕੀਤੀ ਹੈ।