ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਰਵਾਏ ਦੋ ਰੋਜ਼ਾ ਕਿਸਾਨ ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ (ਸਿੱਖਿਆ) ਡਾ: ਅਰਵਿੰਦ ਕੁਮਾਰ ਨੇ ਕਿਹਾ ਹੈ ਕਿ ਭਾਵੇਂ ਦੇਸ਼ ਵਿੱਚ ਇਸ ਸਾਲ ਅਨਾਜ ਦਾ 241 ਮਿਲੀਅਨ ਟਨ ਰਿਕਾਰਡ ਤੋੜ ਉਤਪਾਦਨ ਹੋਇਆ ਹੈ ਪਰ ਅਗਲੇ ਪੰਦਰਾਂ ਸਾਲਾਂ ਬਾਅਦ ਜਦ ਸਾਡੀ ਆਬਾਦੀ 140 ਕਰੋੜ ਹੋ ਜਾਵੇਗੀ ਤਾਂ ਸਾਨੂੰ ਏਨੇ ਜੀਆਂ ਦਾ ਢਿੱਡ ਭਰਨ ਲਈ 325 ਮਿਲੀਅਨ ਟਨ ਅਨਾਜ ਚਾਹੀਦਾ ਹੈ। ਇਸ ਲਈ ਸਾਨੂੰ ਹਰ ਵਰ੍ਹੇ ਘੱਟੋ ਘੱਟ ਸਾਢੇ ਪੰਜ ਮਿਲੀਅਨ ਟਨ ਅਨਾਜ ਹੋਰ ਪੈਦਾ ਕਰਨਾ ਪਵੇਗਾ ਤਾਂ ਜੋ ਦੇਸ਼ ਦੀ ਭੋਜਨ ਸੁਰੱਖਿਆ ਯਕੀਨੀ ਬਣੀ ਰਹੀ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲ ਪੂਰਾ ਦੇਸ਼ ਵੱਡੀ ਆਸ ਨਾਲ ਹਮੇਸ਼ਾਂ ਵੇਖਦਾ ਹੈ ਅਤੇ ਦੇਸ਼ ਦੀਆਂ 52 ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਇਸ ਦੀ ਸਰਦਾਰੀ ਖੇਤੀਬਾੜੀ ਖੋਜ ਵਿੱਚ ਇਸੇ ਕਰਕੇ ਕਾਇਮ ਹੈ ਕਿਉਂਕਿ ਇਹ ਭਵਿੱਖ ਮੁਖੀ ਚੁਣੌਤੀਆਂ ਨੂੰ ਹਮੇਸ਼ਾਂ ਪਹਿਲਾਂ ਸਵੀਕਾਰ ਕਰਦੀ ਹੈ। ਡਾ: ਕੁਮਾਰ ਨੇ ਆਖਿਆ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚੋਂ ਇਸ ਵੇਲੇ 40 ਫੀ ਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਕਿਉਂਕਿ ਉਨ੍ਹਾਂ ਨੂੰ ਸਹੀ ਤੱਤਾਂ ਵਾਲੀ ਖੁਰਾਕ ਨਸੀਬ ਨਹੀਂ ਹੁੰਦੀ। ਭੋਜਨ ਸੁਰੱਖਿਆ ਦੇ ਨਾਲ ਨਾਲ ਪੌਸ਼ਟਿਕਤਾ ਵੀ ਯਕੀਨੀ ਬਣਾਉਣੀ ਪਵੇਗੀ।
ਡਾ: ਅਰਵਿੰਦ ਕੁਮਾਰ ਨੇ ਆਖਿਆ ਕਿ ਕੇਂਦਰੀ ਅਤੇ ਸੂਬਾਈ ਸਰਕਾਰਾਂ ਨੂੰ ਖੇਤੀਬਾੜੀ ਯੂਨੀਵਰਸਿਟੀਆਂ ਦੀ ਅਹਿਮੀਅਤ ਪਛਾਣ ਕੇ ਇਨ੍ਹਾਂ ਦੇ ਖੇਤੀਬਾੜੀ ਖੋਜ ਬਜਟ ਵਿੱਚ ਇਸ ਕਰਕੇ ਲਗਾਤਾਰ ਵਾਧਾ ਕਰਨਾ ਚਾਹੀਦਾ ਹੈ ਕਿਉਂਕਿ ਇਕ ਕਿਸਮ ਦੇ ਵਿਕਾਸ ਨਾਲ ਹੀ ਅਗਲੇ ਪਿਛਲੇ ਘਾਟੇ ਪੂਰੇ ਹੋ ਜਾਂਦੇ ਹਨ। ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਕਣਕ ਦੀ ਇਕ ਪੁਰਾਣੀ ਕਿਸਮ ਪੀ ਬੀ ਡਬਲਯੂ 343 ਦੇ ਹਵਾਲੇ ਨਾਲ ਆਖਿਆ ਕਿ ਇਸ ਕਿਸਮ ਨੇ ਪੂਰੇ ਦੇਸ਼ ਨੂੰ ਰਜਵਾਂ ਅਨਾਜ ਅਤੇ ਸਥਿਰਤਾ ਦਿੱਤੀ ਹੈ। ਹੁਣ ਨਵੀਂ ਕਿਸਮ ਪੀ ਬੀ ਡਬਲਯੂ 621 ਕੋਲੋਂ ਵੀ ਸਾਨੂੰ ਵੱਡੀਆਂ ਆਸਾਂ ਹਨ। ਉਨ੍ਹਾਂ ਆਖਿਆ ਕਿ ਖੁੰਭਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਸਬਜ਼ੀਆਂ, ਫ਼ਲਾਂ, ਤੇਲ ਬੀਜ ਫ਼ਸਲਾਂ ਅਤੇ ਦਾਲਾਂ ਦੀ ਕਾਸ਼ਤ ਦੇ ਨਾਲ ਨਾਲ ਪਸ਼ੂ ਪਾਲਣ ਵੱਲ ਮੁੜਨਾ ਸਾਡੀ ਕੌਮੀ ਲੋੜ ਹੈ। ਉਨ੍ਹਾਂ ਆਖਿਆ ਕਿ ਤਕਨਾਲੋਜੀ ਨੂੰ ਸਿਰਫ ਵੇਖਣਾ ਜ਼ਰੂਰੀ ਨਹੀਂ ਸਗੋਂ ਆਪਣਾਉਣਾ ਲਾਜ਼ਮੀ ਹੈ। ਡਾ: ਕੁਮਾਰ ਨੇ ਟੈਂਸ਼ੀਓਮੀਟਰ, ਲੇਜ਼ਰ ਕਰਾਹਾ ਅਤੇ ਹਰਾ ਪੱਤਾ ਚਾਰਟ ਅਪਣਾਉਣ ਵੱਲ ਧਿਆਨ ਦਿਓ । ਇਵੇਂ ਹੀ ਸੱਠੀ ਮੂੰਗੀ ਅਪਣਾਅ ਕੇ ਜ਼ਮੀਨ ਦੀ ਸਿਹਤ ਸੁਧਾਰੋ। ਡਾ: ਅਰਵਿੰਦ ਕੁਮਾਰ ਨੂੰ ਯੂਨੀਵਰਸਿਟੀ ਵੱਲੋਂ ਡਾ: ਬਲਦੇਵ ਸਿੰਘ ਢਿੱਲੋਂ ਨੇ ਸਨਮਾਨਿਤ ਕੀਤਾ। ਅਗਾਂਹਵਧੂ ਕਿਸਾਨ ਸ: ਮਹਿੰਦਰ ਸਿੰਘ ਗਰੇਵਾਲ ਨੇ ਡਾ: ਬਲਦੇਵ ਸਿੰਘ ਢਿੱਲੋਂ ਦੀ ਅਪੀਲ ਤੇ ਪੀ ਏ ਯੂ ਅਮਾਨਤੀ ਫੰਡ ਲਈ ਇੱਕ ਲੱਖ ਪੰਜ ਹਜ਼ਾਰ ਰੁਪਏ ਭੇਂਟ ਕੀਤੇ। ਜ਼ਿਲ੍ਹਾਂ ਫਿਰੋਜ਼ਪੁਰ ਤੋਂ ਆਏ ਇਕ ਸਾਦ ਮੁਰਾਦੇ ਕਿਸਾਨ ਨੇ ਵੀ ਇਸ ਫੰਡ ਵਿੱਚ 100 ਰੁਪਏ ਦਿੱਤੇ। ਪੀ ਏ ਯੂ ਪ੍ਰਬੰਧਕੀ ਬੋਰਡ ਦੀ ਮੈਂਬਰ ਸਰਦਾਰਨੀ ਉਰਵਿੰਦਰ ਕੌਰ ਗਰੇਵਾਲ ਵੀ ਸਮਾਪਤੀ ਸਮਾਗਮ ਵਿੱਚ ਸ਼ਾਮਿਲ ਹੋਏ।
ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਖਿਆ ਕਿ ਯੂਨੀਵਰਸਿਟੀ ਵੱਲੋਂ ਅਗਲੇ ਕਿਸਾਨ ਮੇਲੇ ਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਗੀਤਾਂ ਦਾ ਇੱਕ ਸੰਗ੍ਰਿਹ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵੱਲੋਂ ਵੱਡੀ ਗਿਣਤੀ ਵਿੱਚ ਛਾਪ ਕੇ ਵੰਡਿਆ ਜਾਵੇਗਾ। ਇਸੇ ਤਰ੍ਹਾਂ ਸਮਾਜਿਕ ਕੁਰੀਤੀਆਂ ਦੂਰ ਕਰਨ ਵਾਲੇ ਗੀਤਾਂ ਨੂੰ ਰਿਕਾਰਡ ਕਰਕੇ ਯੂਨੀਵਰਸਿਟੀ ਦੇ ਕਲਾਕਾਰਾਂ ਜਸਵਿੰਦਰ ਭੱਲਾ ਅਤੇ ਹੋਰਨਾਂ ਦੀ ਮਦਦ ਨਾਲ ਇਕ ਆਡੀਓ-ਵੀਡੀਓ ਕੈਸਿਟ ਵੀ ਤਿਆਰ ਕੀਤੀ ਜਾਵੇਗੀ ਤਾਂ ਜੋ ਪੰਜਾਬੀਆਂ ਦੀ ਦਸਤਾਰ ਨੂੰ ਲੱਗ ਰਹੇ ਦਾਗਾਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਇਕ ਸਦੀ ਪਹਿਲਾਂ ਪਗੜੀ ਸੰਭਾਲ ਓ ਜੱਟਾ ਲਹਿਰ ਨਾਲ ਆਤਮ ਸਨਮਾਨ ਦੀ ਲਹਿਰ ਸ਼ੁਰੂ ਹੋਈ ਸੀ ਅਤੇ ਅੱਜ ਫਿਰ ਉਸਦੀ ਜ਼ਰੂਰਤ ਹੈ ਕਿਉਂਕਿ ਅਭਿਮਾਨ ਨੂੰ ਉਸਾਰਨ ਵਾਲੇ ਗੀਤਾਂ ਦੀ ਥਾਂ ਆਤਮ ਸਨਮਾਨ ਦੀ ਉਸਾਰੀ ਤਾਂ ਹੀ ਹੋ ਸਕੇਗੀ। ਉਨ੍ਹਾਂ ਆਖਿਆ ਕਿ ਅਗਲੇ ਕਿਸਾਨ ਮੇਲੇ ਦਾ ਮੁੱਖ ਥੀਮ ਵੀ ਪਗੜੀ ਸੰਭਾਲ ਜੱਟਾ ਰੱਖਿਆ ਜਾਵੇਗਾ। ਉਨ੍ਹਾਂ ਪਗੜੀ ਸੰਭਾਲ ਓ ਜੱਟਾ ਗੀਤ ਗਾਉਣ ਲਈ ਪ੍ਰਸਿੱਧ ਲੋਕ ਗਾਇਕ ਸੁਰਜੀਤ ਭੁੱਲਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇਹੋ ਜਿਹੇ ਹੋਰ ਗੀਤ ਗਾ ਕੇ ਪੰਜਾਬ ਦੀ ਸੇਵਾ ਕਰੇ।
ਡਾ: ਢਿੱਲੋਂ ਨੇ ਆਖਿਆ ਕਿ ਖੇਤੀਬਾੜੀ ਖੋਜ ਨੂੰ ਹੁਲਾਰਾ ਦੇਣ ਲਈ ਖੇਤੀਬਾੜੀ ਖੋਜ ਬਜਟ ਕੌਮੀ ਪੱਧਰ ਤੇ ਵਧਾਉਣਾ ਪਵੇਗਾ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਨੂੰ ਬੀ ਟੀ ਜੀਨ ਸਾਂਝੇ ਪੱਧਰ ਤੇ ਖਰੀਦ ਕੇ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਸੌਂਪਣਾ ਚਾਹੀਦਾ ਹੈ ਤਾਂ ਜੋ ਭਵਿੱਖ ਦੀਆਂ ਲੋੜਾਂ ਦੇ ਹਾਣ ਦੀ ਖੇਤੀ ਖੋਜ ਕੀਤੀ ਜਾ ਸਕੇ। ਉਨ੍ਹਾਂ ਆਖਿਆ ਕਿ ਵਿਸ਼ਵ ਦੀ ਇਕ ਪ੍ਰਮੁਖ ਨਿੱਜੀ ਬੀਜ ਕੰਪਨੀ ਦਾ ਖੋਜ ਬਜਟ ਭਾਰਤ ਦੇਸ਼ ਦੇ ਕੁੱਲ ਖੇਤੀਬਾੜੀ ਖੋਜ ਬਜਟ ਨਾਲੋਂ ਕਈ ਗੁਣਾਂ ਵਧੇਰੇ ਹੈ।
ਡਾ: ਢਿੱਲੋਂ ਨੇ ਕਿਸਾਨ ਭਰਾਵਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੈਂ ਵੀ ਪਿੰਡ ਦਾ ਜੰਮਪਲ ਹਾਂ ਅਤੇ ਮੈਨੂੰ ਅੱਜ ਵੀ ਆਪਣੇ ਭੈਣਾਂ ਭਰਾਵਾਂ ਦੀਆਂ ਤਕਲੀਫਾਂ ਦਾ ਅਹਿਸਾਸ ਹੈ। ਇਸੇ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਸਾਨੂੰ ਫੋਕੀਆਂ ਫੈਲ ਸੂਫ਼ੀਆਂ ਤੋਂ ਬਚਣ ਦੀ ਲੋੜ ਹੈ। ਡਾ: ਢਿੱਲੋਂ ਨੇ ਹਵਾਲਾ ਦਿੰਦਿਆਂ ਦੱਸਿਆ ਕਿ ਬੈਂਕ ਤੋਂ ਕਰਜ਼ਾ ਲੈ ਕੇ ਟਰੈਕਟਰ ਖਰੀਦਣ ਸਾਰ ਹੀ 50 ਹਜ਼ਾਰ ਰੁਪਏ ਦੀ ਘੱਟ ਕੀਮਤ ਤੇ ਵੇਚਣ ਉਪਰੰਤ ਫੋਕੀ ਸ਼ਾਨ ਲਈ ਧੀਆਂ ਪੁੱਤਰਾਂ ਦੇ ਵਿਆਹ ਤੇ ਇਹੀ ਪੈਸਾ ਖਰਚਣਾ ਕਿਧਰ ਦੀ ਲਿਆਕਤਮੰਦੀ ਹੈ। ਉਨ੍ਹਾਂ ਨੌਜਵਾਨ ਕਿਸਾਨਾਂ ਨੂੰ ਕਿਹਾ ਕਿ ਉਹ ਪੱਛਮ ਦੀਆਂ ਚੰਗੀਆਂ ਗੱਲਾਂ ਅਪਣਾਉਣ, ਮਾੜੀਆਂ ਨਹੀਂ। ਉਨ੍ਹਾਂ ਆਖਿਆ ਕਿ ਅਨੁਸਾਸ਼ਨ ਬਗੈਰ ਕਿਤੇ ਵੀ ਤਰੱਕੀ ਨਹੀਂ ਹੋ ਸਕਦੀ ਅਤੇ ਵਿਖਾਵਾ ਪ੍ਰਸਤੀ ਸਾਡੀ ਰਵਾਇਤ ਨਹੀਂ । ਉਨ੍ਹਾਂ ਆਖਿਆ ਕਿ ਹੁਣ ਝੋਨੇ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਅਤੇ ਹੋਰ ਕੁਝ ਦਿਨਾਂ ਤੀਕ ਸਾਰੇ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾ ਕੇ ਸਾੜਨ ਦੀ ਹੋੜ ਸ਼ੁਰੂ ਹੋ ਜਾਣੀ ਹੈ, ਇਸ ਤੋਂ ਬਚੋ ਕਿਉਕਿ ਇਸ ਨਾਲ ਸਿਰਫ ਧੂਏਂ ਕਾਰਨ ਵਾਤਾਵਰਨ ਹੀ ਦੂਸ਼ਿਤ ਨਹੀਂ ਹੁੰਦਾ ਸਗੋਂ ਜ਼ਮੀਨ ਨੂੰ ਲੋੜੀਂਦੇ ਸਲਫਰ ਅਤੇ ਨਾਈਟਰੋਜਨ ਤੱਤ ਵੀ ਸੜਦੇ ਹਨ। ਉਨ੍ਹਾਂ ਆਖਿਆ ਕਿ ਲੋੜੋਂ ਵੱਧ ਯੂਰੀਆ ਪਾ ਕੇ ਝੋਨਾ ਪਾਲਣ ਦੀ ਥਾਂ ਸਾਨੂੰ ਸਿਰਫ 35 ਰੁਪਏ ਦੀ ਕੀਮਤ ਵਾਲਾ ਹਰਾ ਪੱਤਾ ਚਾਰਟ ਖਰੀਦ ਕੇ ਉਸ ਦੀ ਮਦਦ ਨਾਲ ਖਾਦਾਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਇਵੇਂ ਹੀ ਬਾਸਮਤੀ ਨੂੰ ਪਾਦਾਨ ਕੀਟਨਾਸ਼ਕ ਜ਼ਹਿਰ ਬਿਲਕੁਲ ਨਾ ਵਰਤੋਂ। ਡਾ: ਢਿੱਲੋਂ ਨੇ ਆਖਿਆ ਕਿ ਮਨੋਰੰਜਨ ਚੰਗੀ ਗੱਲ ਹੈ ਪਰ ਗਿਆਨ ਪ੍ਰਾਪਤੀ ਲਈ ਮੇਲੇ ਆਉਣਾ ਚਾਹੀਦਾ ਹੈ ਕਿਉਂਕਿ ਇਸ ਦਿਨ ਗਿਆਨ ਵਿਗਿਆਨ ਅਤੇ ਕਿਸਾਨ ਦਾ ਸੁਮੇਲ ਹੋਣ ਦਾ ਸਾਡੇ ਹੀ ਭਵਿੱਖ ਨੂੰ ਲਾਭ ਹੋਣਾ ਹੈ।
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਕਿਸਾਨਾਂ ਵੱਲੋਂ ਉਤਸ਼ਾਹ ਅਤੇ ਲਗਨ ਨਾਲ ਨਵੇਂ ਗਿਆਨ ਨਾਲ ਜੁੜਨ ਦੀ ਭਾਵਨਾ ਸਲਾਹੁੰਦਿਆਂ ਕਿਹਾ ਕਿ ਤਕਨਾਲੋਜੀ ਬਾਰੇ ਵਧੇਰੇ ਜਾਣਕਾਰੀ ਹਾਸਿਲ ਕਰਨ ਦੀ ਤਾਂਘ ਇਸ ਵਾਰ ਵੱਧ ਦਿਸੀ ਹੈ। ਇਹ ਸ਼ੁਭ ਸ਼ਗਨ ਹੈ। ਉਨ੍ਹਾਂ ਦੱਸਿਆ ਕਿ 27 ਸਤੰਬਰ ਨੂੰ ਗੁਰਦਾਸਪੁਰ ਅਤੇ 30 ਸਤੰਬਰ ਨੂੰ ਬਠਿੰਡਾ ਵਿਖੇ ਲੱਗਣ ਵਾਲੇ ਕਿਸਾਨ ਮੇਲਿਆਂ ਵਿੱਚ ਵੀ ਉਸ ਇਲਾਕੇ ਦੇ ਕਿਸਾਨਾਂ ਨੂੰ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ 621 ਦਾ ਬੀਜ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਰਾਣੀ ਮੱਖੀਆਂ ਪਾਲਣ ਬਾਰੇ ਵਿਸ਼ੇਸ਼ ਸਿਖਲਾਈ ਕੋਰਸ ਲੁਧਿਆਣਾ ਵਿੱਚ ਲੱਗਦੇ ਰਹਿੰਦੇ ਹਨ, ਇਸ ਲਈ ਆਪੋ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਆਪਣੇ ਨਾਮ ਸਾਡੇ ਤੀਕ ਪਹੁੰਚਾਓ। ਖੇਤੀਬਾੜੀ ਖੋਜ ਦੇ ਐਡੀਸ਼ਨਲ ਡਾਇਰੈਕਟਰ ਡਾ: ਤਰਲੋਚਨ ਸਿੰਘ ਥਿੰਦ ਨੇ ਖੇਤੀਬਾੜੀ ਖੋਜ ਸੰਬੰਧੀ ਨਵੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਮੇਲੇ ਵਿੱਚ ਲੋਕ ਸੰਗੀਤ ਪੇਸ਼ ਕਰਦੇ ਲੋਕ ਸਾਜ਼ਾਂ ਤੇ ਅਧਾਰਿਤ ਫੋਕ ਆਰਕੈਸਟਰਾ ਪ੍ਰੋਫੈਸਰ ਮੇਜਰ ਸਿੰਘ ਸੰਗਰੂਰ ਨੇ ਪੇਸ਼ ਕੀਤਾ। ਉੱਘੇ ਲੋਕ ਗਾਇਕ ਸੁਰਜੀਤ ਭੁੱਲਰ ਤੋਂ ਇਲਾਵਾ ਕਮਲ ਕਰਤਾਰ ਧੁੱਗਾ ਨੇ ਵੀ ਆਪਣੇ ਗੀਤਾਂ ਦੀ ਛਹਿਬਰ ਲਾਈ। ਮੰਚ ਸੰਚਾਲਨ ਡਾ: ਜਸਵਿੰਦਰ ਭੱਲਾ ਨੇ ਕੀਤਾ। ਪਸਾਰ ਸਿੱਖਿਆ ਦੇ ਅਪਰ ਨਿਰਦੇਸ਼ਕ ਡਾ: ਹਰਜੀਤ ਸਿੰਘ ਧਾਲੀਵਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਵਧਦੀ ਆਬਾਦੀ ਦਾ ਢਿੱਡ ਭਰਨ ਲਈ 15 ਸਾਲਾਂ ਬਾਅਦ ਦੇਸ਼ ਨੂੰ 325 ਮਿਲੀਅਨ ਟਨ ਅਨਾਜ ਚਾਹੀਦਾ ਹੈ-ਡਾ: ਅਰਵਿੰਦ ਕੁਮਾਰ
This entry was posted in ਖੇਤੀਬਾੜੀ.