ਨਿਊਯਾਰਕ – ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਸੰਯੁਕਤ ਰਾਸ਼ਟਰ ਮਹਾਂ ਸਭਾ ਨੂੰ ਸੰਬੋਧਨ ਕਰਨ ਦੌਰਾਨ ਸੈਂਕੜੇ ਸਿਖਾਂ ਨੇ ਸੰਯੁਕਤ ਰਾਸ਼ਟਰ ਹੈਡਕੁਆਰਟਰ ਅੱਗੇ ਰੋਸ ਮੁਜ਼ਾਹਰਾ ਕੀਤਾ ਤੇ ਨਵੰਬਰ 1984 ਵਿਚ ਸਿਖਾਂ ’ਤੇ ਹਮਲੇ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਕਮਲ ਨਾਥ ਨੂੰ ਮੰਤਰੀ ਮੰਡਲ ’ਚੋਂ ਹਟਾਉਣ ਅਤੇ ਸਿਖਾਂ ਨੂੰ ਖੁਦਮੁਖਤਿਆਰੀ ਦਾ ਅਧਿਕਾਰ ਦੇਣ ਦੀ ਮੰਗ ਕੀਤੀ।
ਸਿਖਸ ਫਾਰ ਜਸਟਿਸ ਨੇ ਐਲਾਨ ਕੀਤਾ ਕਿ 02 ਨਵੰਬਰ ਨੂੰ ਕੇਨਸ ਫਰਾਂਸ ਵਿਚ ਰੋਸ ਰੈਲੀ ਕੀਤੀ ਜਾਵੇਗੀ ਜਿਥੇ ਪ੍ਰਧਾਨ ਮੰਤਰੀ ਜੀ-20 ਸਮੇਲਨ ਵਿਚ ਸ਼ਾਮਿਲ ਹੋ ਰਹੇ ਹਨ ਤੇ ਵਿਸ਼ਵ ਨੂੰ ਦਸਿਆ ਜਾਵੇਗਾ ਕਿ ਪ੍ਰਧਾਨ ਮੰਤਰੀ ਸਿੰਘ ਦਾ ਸ਼ਾਸਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਚਾਅ ਰਿਹਾ ਹੈ।
ਜਦੋਂ ਪ੍ਰਧਾਨ ਮੰਤਰੀ ਸਿੰਘ ਸੰਯੁਕਤ ਰਾਸ਼ਟਰ ਦੇ ਹਾਲ ਦੇ ਅੰਦਰ ਫਲਸਤੀਨੀਆਂ ਲਈ ਖੁਦਮੁਖਤਿਆਰੀ ਦੇ ਅਧਿਕਾਰ ਦਾ ਸਮਰਥਨ ਕਰ ਰਹੇ ਸੀ ਉਦੋਂ ਬਾਹਰ ਸੜਕਾਂ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਸਿਖ ਭਾਰਤ ਨੂੰ ਯਾਦ ਦਿਵਾ ਰਹੇ ਸੀ ਕਿ ਭਾਰਤ ਵਲੋਂ ਉਨ੍ਹਾਂ ਨੂੰ ਇਸੇ ਖੁਦਮੁਖਤਿਆਰੀ ਦੇ ਅਧਿਕਾਰ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਜਦੋਂ ਵਾਸ਼ਿੰਗਟਨ ਤੋਂ ਡਾ. ਅਮਰਜੀਤ ਸਿੰਘ, ਡਾ. ਗੁਰਮੀਤ ਸਿੰਘ ਔਲਖ ਤੇ ਡਾ. ਬਖਸ਼ੀਸ਼ ਸਿੰਘ ਸੰਧੂ ਰੈਲੀ ਨੂੰ ਸੰਬੋਧਨ ਕਰਨ ਲਈ ਸਟੇਜ ’ਤੇ ਪੁਹੰਚੇ ਤਾਂ ਸਿਖਾਂ ਨੇ ਵਖਰੇ ਸਿਖ ਰਾਜ ਖਾਲਿਸਤਾਨ ਲਈ ਏਨੀ ਜ਼ੋਰ ਦੀ ਨਾਅਰੇ ਲਗਾਏ ਕਿ ਸੰਯੁਕਤ ਰਾਸ਼ਟਰ ਦੇ ਸਟਾਫ ਨੂੰ ਬਾਹਰ ਆਉਣਾ ਪਿਆ। ਉਕਤ ਆਗੂਆਂ ਨੇ ਸੰਬੋਧਨ ਦੌਰਾਨ ਜੂਨ 1984 ਤੋਂ ਲੈਕੇ ਸਿਖਾਂ ਨਾਲ ਹੋਈਆਂ ਬੇਇਨਸਾਫੀਆਂ ਦੇ ਵਾਕਿਆਂ ਦਾ ਵਰਣਨ ਕੀਤਾ ਤੇ ਭਾਈਚਾਰੇ ਨੂੰ ਇਹ ਯਾਦ ਦਿਵਾਇਆ ਗਿਆ ਕਿ ਸਿਖਾਂ ਦੀਆਂ ਸਮਸਿਆਵਾਂ ਦਾ ਇਕੋ ਇਕ ਹਲ ਹੈ ਜਮਹੂਰੀ ਤਰੀਕਿਆਂ ਰਾਹੀਆਂ ਵਖਰੇ ਸਿਖ ਰਾਜ ਖਾਲਿਸਤਾਨ ਦੀ ਸਥਾਪਨਾ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸੁਰਜੀਤ ਸਿੰਘ ਕਲਾਰ ਨੇ ਕਿਹਾ ਕਿ ਸਿਖ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰਖਣਗੇ। ਸਿਖ ਯੂਥ ਆਫ ਅਮਰੀਕਾ ਦੇ ਪ੍ਰਧਾਨ ਗੁਰਿੰਦਰਜੀਤ ਸਿੰਘ ਮਾਨਾ ਨੇ ਕਿਹਾ ਕਿ ਸਿਖਾਂ ਦਾ ਹਿੰਦੂਆਂ ਨਾਲੋਂ ਇਕ ਵਖਰਾ ਦੇਸ਼ ਹੈ ਤੇ ਉਨ੍ਹਾਂ ਦੀ ਧਰਤੀ ’ਤੇ ਭਾਰਤ ਵਲੋਂ ਕਬਜ਼ਾ ਕੀਤਾ ਹੋਇਆ ਹੈ। ਅਮਰੀਕਨ ਸਿਖ ਆਗਰੇਨਾਈਜੇਸ਼ਨ ਦੇ ਬੁਲਾਰੇ ਤੇ ਰੈਲੀ ਦੇ ਕੋਆਰਡੀਨੇਟਰ ਕਰਨੈਲ ਸਿੰਘ ਨੇ ਕਿਹਾ ਕਿ ਭਾਰਤ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਸਿਖਾਂ ਦੇ ਅਕਸ ਨੂੰ ਕੌਮਾਂਤਰੀ ਪੱਧਰ ’ਤੇ ਬਦਨਾਮ ਨਹੀਂ ਕੀਤਾ ਜਿਵੇਂ ਕਿ ਪ੍ਰਧਾਨ ਮੰਤਰੀ ਸਿੰਘ ਨੇ ਕੀਤਾ ਹੈ। ਸਿਖਾਂ ਬਾਰੇ ਉਨ੍ਹਾਂ ਦੇ ਨਾਪੱਖੀ ਬਿਆਨਾਂ ਕਾਰਨ ਅਮਰੀਕਾ, ਕੈਨੇਡਾ ਤੇ ਯੁਰਪ ਵਿਚ ਸਿਖਾਂ ਦੀਆਂ ਪੱਗਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸਿਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਅਵਤਾਰ ਸਿੰਘ ਪੰਨੂ ਨੇ ਕਿਹਾ ਕਿ 27 ਸਾਲ ਬੀਤ ਗਏ ਹਨ ਤੇ ਸਿਖਾਂ ਦੇ ਕਾਤਲਾਂ ਨੂੰ ਅਜੇ ਤੱਕ ਸਜ਼ਾਵਾਂ ਨਹੀਂ ਮਿਲੀਆਂ ਤੇ ਪ੍ਰ੍ਰਧਾਨ ਮੰਤਰੀ ਸਿੰਘ ਦੀ ਸਰਕਾਰ ਸਿਖਾਂ ਦੇ ਕਾਤਲਾਂ ਨੂੰ ਸਜ਼ਾ ਦੇਣ ਵਿਚ ਨਾਕਾਮ ਰਹੀ ਸਗੋਂ ਉਨ੍ਹਾਂ ਨੂੰ ਕੈਬਨਿਟ ਦੇ ਅਹੁਦੇ ਨਾਲ ਨਿਵਾਜ ਰਹੀ ਹੈ। ਰੈਲੀ ਦੇ ਕੋਆਰਡੀਨੇਟਰ ਤੇ ਪੰਥਕ ਸਿਖ ਸੁਸਾਇਟੀ ਦੇ ਹਿੰਮਤ ਸਿੰਘ ਨੇ ਕਿਹਾ ਕਿ ਜਿਥੇ ਜਿਥੇ ਵੀ ਪ੍ਰਧਾਨ ਮੰਤਰੀ ਸਿੰਘ ਕੌਮਾਂਤਰੀ ਪਧਰ ’ਤੇ ਜਾਣਗੇ ਸਿਖ ਉਨ੍ਹਾਂ ਦਾ ਪਿਛਾ ਨਹੀਂ ਛਡਣਗੇ ਤੇ ਸਿਖ ਨਸਲਕੁਸ਼ੀ ਦਾ ਮੁੱਦਾ ਸਾਰੀ ਦੁਨੀਆ ਵਿਚ ਉਠਾਉਣਗੇ। ਸਿਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਰਾਜਦੀਪ ਕੌਰ ਸੇਖੋਂ ਤੇ ਤੇਜਕੌਰ ਕਰਨ ਬੈਂਸ ਨੇ ਕਿਹਾ ਕਿ ਨੌਜਵਾਨ ਪੀੜੀ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸਿਖ ਨਸਲਕੁਸ਼ੀ ਦੇ ਪੀੜਤਾਂ ਬਾਰੇ ਜਾਗਰੂਕਤਾ ਫੈਲਾਉਣ ਤੇ ਉਨ੍ਹਾਂ ਲਈ ਇਨਸਾਫ ਦੀ ਮੰਗ ਕਰਨ। ਰੈਲੀ ਦੇ ਕੋਆਰਡੀਨੇਟਰ ਤੇ ਸਿਖ ਯੂਥ ਆਫ ਅਮਰੀਕਾ ਦੇ ਜਸਬੀਰ ਸਿੰਘ ਨੇ ਕਿਹਾ ਕਿ ਮਨਮੋਹਨ ਸਿੰਘ ਕਾਲੀ ਭੇਡ ਦੀ ਤਰਾਂ ਹੈ ਤੇ ਸਿਖ ਭਾਈਚਾਰੇ ਲਈ ਭਦਾ ਦਾਗ ਹੈ ਕਿਉਂਕਿ ਉਨ੍ਹਾਂ ਸਿਖ ਧਰਮ ਦੇ ਸਿਧਾਂਤਾਂ ਨੂੰ ਢਾਹ ਲਾਈ ਹੈ।
ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਸਿਖ ਸਯੁੰਕਤ ਰਾਸ਼ਟਰ ਅੱਗੇ ਇਸ ਕਰਕੇ ਪ੍ਰਦਰਸ਼ਨ ਕਰ ਰਹੇ ਹਨ ਤਾਂ ਜੋਂ ਵਿਸ਼ਵ ਨੂੰ ਇਹ ਯਾਦ ਕਰਵਾਇਆ ਜਾ ਸਕੇ ਕਿ ਭਾਰਤ ਨਸਲਕੁਸ਼ੀ ਬਾਰੇ ਸਯੁੰਕਤ ਰਾਸ਼ਟਰ ਕਨਵੈਨਸ਼ਨ ਪ੍ਰਤੀ ਪਾਬੰਦ ਹੈ ਤੇ ਉਹ ਨਵੰਬਰ 1984 ਸਿਖ ਨਸਲਕੁਸ਼ੀ ਦੇ ਕਾਤਲਾਂ ਨੂੰ ਸਜ਼ਾ ਦੇਵੇ।
ਰੈਲੀ ਦੇ ਕੋਆਰਡੀਨੇਟਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਰਪਾਲ ਸਿੰਘ ਸੰਧਰ ਨੇ ਰੈਲੀ ਦੀ ਸਟੇਜ ਦੀ ਸੰਚਾਲਨਾ ਕਰਦਿਆਂ ਸਿਖ ਨਸਲਕੁਸ਼ੀ ਦੇ ਪੀੜਤਾਂ ਲਈ ਇਨਸਾਫ ’ਤੇ ਜ਼ੋਰ ਦਿੱਤਾ।
ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਦੇ ਰਜਿੰਦਰ ਸਿੰਘ, ਦਸਮੇਸ਼ ਦਰਬਾਰ ਕਾਰਟਰੇਟ ਨਿਊਜਰਸੀ ਦੇ ਸਕੱਤਰ ਜਤਿੰਦਰ ਸਿੰਘ ਖਟੜਾ, ਸਿਖ ਸੈਂਟਰ ਫਲਸ਼ਿਗ ਨਿਊਯਾਰਕ ਦੇ ਸਕੱਤਰ ਸੁਖਵੰਤ ਸਿੰਘ ਦਾਖਾ, ਸਿੰਘ ਸਭਾ ਕਾਰਟਰੇਟ ਨਿਊਜਰਸੀ ਦੇ ਸਕੱਤਰ ਪਰਦੀਪ ਸਿੰਘ, ਨਾਨਕ ਨਾਮ ਜਹਾਜ ਜਰਸੀ ਸਿਟੀ ਦੇ ਪ੍ਰਧਾਨ ਕਰਨੈਲ ਸਿੰਘ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਰਿੰਦਰ ਸਿੰਘ, ਸਿਖ ਯੂਥ ਆਫ ਨਿਊਯਾਰਕ ਦੇ ਪ੍ਰਤੀਨਿਧ ਵਰਿੰਦਰ ਸਿੰਘ, ਜਸਮਿਤਰ ਸਿੰਘ ਸਾਕਾ, ਜੋਗਾ ਸਿੰਘ ਤੇ ਦੀਦਾਰ ਸਿੰਘ ਚੀਮਾ ਬਾਬਾ ਬੁਢਾ ਜੀ ਸੁਸਾਇਟੀ ਤੋਂ ਆਦਿ ਸ਼ਾਮਿਲ ਹਨ।
ਇਸ ਰੋਸ ਰੈਲੀ ਦਾ ਆਯੋਜਨ ਮਨੁੱਖੀ ਅਧਿਕਾਰਾਂ ਬਾਰੇ ਸੰਸਥਾ ਸਿਖਸ ਫਾਰ ਜਸਟਿਸ ਵਲੋਂ ਸਿਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਮਰੀਕਨ ਸਿਖ ਆਰਗਨਾਈਜੇਸ਼ਨ, ਪੰਥਕ ਸਿਖ ਸੁਸਾਇਟੀ ਤੇ ਟਰਾਈ ਸਟੇਟ ਏਰੀਆ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਦੇ ਨਾਲ ਕੀਤਾ ਗਿਆ ਸੀ। ਸਾਰੀਆਂ ਸਿਖ ਜਥੇਬੰਦੀਆਂ ਨੇ ਪ੍ਰਣ ਕੀਤਾ ਕਿ ਉਹ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਤੋਂ ਕੀਤਾ ਜਾ ਰਿਹਾ ਇਨਕਾਰ ਤੇ ਯੂ ਐਨ ਚਾਰਟਰ ਅਨੁਸਾਰ ਸਿਖਾਂ ਦੇ ਖੁਦਮੁਖਤਿਆਰੀ ਦੇ ਅਧਿਕਾਰ ਦੇ ਮੁਦਿਆਂ ਨੂੰ ਕੌਮਾਂਤਰੀ ਪਧਰ ’ਤੇ ਉਠਾਉਣਗੇ।