ਕੁਰੂਕਸ਼ੇਤਰ – : ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਦਾ ਰੌਲਾ ਸਮਾਪਤ ਹੋ ਗਿਆ ਹੈ ਕਿਉਂਕਿ ਹਰਿਆਣੇ ਦੇ ਸਿੱਖਾਂ ਨੂੰ ਗੁੰਮਰਾਹ ਕਰਨ ਵਾਲੇ ਕਾਂਗਰਸੀ ਏਜੈਂਟਾਂ ਨੂੰ ਗੁਰਦੁਆਰਾ ਚੋਣਾਂ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਵਿਚਾਰ ਕੁਰੂਕਸ਼ੇਤਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰ ਸ੍ਰ. ਹਰਭਜਨ ਸਿੰਘ ਮਸਾਨਾ ਨੇ ਕਹੇ। ਉਹ ਐਤਵਾਰ ਨੂੰ ਸਥਾਨਕ ਸਿੱਖ ਮਿਸ਼ਨ ਹਰਿਆਣਾ ਵਿਖੇ ਅਕਾਲੀ ਦਲ ਕਾਰਕੁੰਨਾਂ ਨੂੰ ਸੰਬੋਧਨ ਕਰ ਰਹੇ ਸਨ।
ਜਿਕਰਯੋਗ ਹੈ ਕਿ ਸ੍ਰ. ਮਸਾਨਾ ਨੇ ਵੱਖਰੀ ਕਮੇਟੀ ਦੇ ਆਗੂ ਸ੍ਰ. ਦੀਦਾਰ ਸਿੰਘ ਨਲਵੀ ਨੂੰ ਲਗਭਗ 10,000 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਸ੍ਰ. ਮਸਾਨਾ ਨੇ ਕਿਹਾ ਕਿ ਪਿਛਲੇ 5-7 ਸਾਲਾਂ ਤੋਂ ਕੁੱਝ ਕਾਂਗਰਸੀ ਪਿੱਠੂ ਹਰਿਆਣੇ ਦੇ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲੋਂ ਤੋੜ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਸਨ ਪਰ ਹਰਿਆਣਾ ਦੇ ਸਿੱਖਾਂ ਨੇ ਇਹਨਾਂ ਚੋਣਾਂ ਵਿਚ ਹਰਿਆਣਾ ਦੀਆਂ ਕੁਲ 11 ਵਿਚੋਂ 8 ਸੀਟਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਜਿਤਾ ਕੇ ਇਹਨਾਂ ਆਗੂਆਂ ਨੂੰ ਬੇਰੁਜਗਾਰ ਕਰ ਦਿੱਤਾ ਹੈ।
ਐਸ.ਜੀ.ਪੀ.ਸੀ. ਪੂਰੇ ਵਿਸ਼ਵ ਵਿਚ ਸਿੱਖਾਂ ਦੀ ਸਿਰਮੌਰ ਸੰਸਥਾ ਹੈ। ਇਸ ਨੂੰ ਤੋੜਣ ਦੀ ਸੋਚ ਰੱਖਣ ਵਾਲਾ ਕੋਈ ਪੰਥ ਦੋਖੀ ਹੀ ਹੋ ਸਕਦਾ ਹੈ। ਸ੍ਰ. ਮਸਾਨਾ ਨੇ ਕਿਹਾ ਕਿ ਹਰਿਆਣਾ ਦੇ ਸਿੱਖਾਂ ਦੇ ਹਰ ਦੁੱਖ-ਸੁੱਖ ਵਿਚ ਕੇਵਲ ਸ੍ਰੋਮਣੀ ਅਕਾਲੀ ਦਲ (ਬ) ਹੀ ਅੱਗੇ ਆਉਂਦਾ ਹੈ। ਉਹ ਚਾਹੇ ਪੰਜਾਬੀ ਭਾਸ਼ਾ ਦਾ ਮੁੱਦਾ ਹੋਵੇ ਜਾਂ ਕੋਈ ਹੋਰ।
ਉਨ੍ਹਾਂ ਕਿਹਾ ਕਿ ਅਗਲੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਅਕਾਲੀ ਦਲ ਆਪਣੇ ਦਮ ਤੇ ਦੁਬਾਰਾ ਸੱਤਾ ਵਿਚ ਆਵੇਗਾ। ਇਸ ਮੌਕੇ ਜੱਥੇਦਾਰ ਅਮਰੀਕ ਸਿੰਘ ਰਾਠੌਰ, ਜਿਲ੍ਹਾ ਪ੍ਰਧਾਨ ਜਰਨੈਲ ਸਿੰਘ, ਕਰਮਬੀਰ ਸਿੰਘ ਕੰਗ, ਸੁਰਜੀਤ ਸਿੰਘ, ਦਵਿੰਦਰ ਸਿੰਘ ਢਿੱਲੋਂ, ਸਰਬਜੀਤ ਸਿੰਘ, ਅਮਰਜੀਤ ਸਿੰਘ ਨੰਬਰਦਾਰ, ਜਸਵੰਤ ਸਿੰਘ ਦੁਨੀਆਂਮਾਜਰਾ, ਸੁਖਦੇਵ ਸਿੰਘ ਮੈਨੇਜਰ, ਗੁਰਮੁਖ ਸਿੰਘ, ਕੁਲਜੀਤ ਸਿੰਘ, ਸਿੱਖ ਮਿਸ਼ਨ ਹਰਿਆਣਾ ਦੇ ਇੰਚਾਰਜ ਕਿਰਪਾਲ ਸਿੰਘ ਚੌਹਾਨ, ਭਾਗ ਸਿੰਘ ਮਲਕਪੁਰਾ ਅਤੇ ਕੁੰਵਰ ਪ੍ਰਧਾਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਕਾਰਕੁੰਨ ਹਾਜਰ ਸਨ।