ਕਵਿਤਾ ਦਿਮਾਗ ਵਿਚੋਂ ਘੱਟ ਅਤੇ ਆਤਮਾਂ ਵਿਚੋਂ ਜ਼ਿਆਦਾ ਉਪਜਦੀ ਹੈ! ਜਦੋਂ ਰੂਹ ‘ਤੇ ਵਦਾਣ ਵੱਜਦੇ ਨੇ, ਤਦ ਕਵਿਤਾ ਉਪਜਦੀ ਹੈ, ਤੇ ਜਦ ਮੋਹ-ਮਮਤਾ, ਪ੍ਰੀਤ-ਵੈਰਾਗ, ਸੰਯੋਗ-ਵਿਯੋਗ ਨਾਲ਼ ਵਾਹ ਪੈਂਦਾ ਹੈ, ਤਦ ਕਵਿਤਾ ਦਿਮਾਗ ਦੇ ਦਰਵਾਜੇ ਆ ਦਸਤਕ ਦਿੰਦੀ ਹੈ। ਤੀਹ ਕੁ ਸਾਲ ਤੋਂ ਲੰਡਨ ਵਿਚ ਵਸਦੀ ਭਿੰਦਰ ਜਲਾਲਾਬਾਦੀ ਕਾਫ਼ੀ ਲੰਬੇ ਸਮੇਂ ਤੋਂ ਸਾਊਥਾਲ ਦੇ ਇਕ ਰੇਡੀਓ ਸਟੇਸ਼ਨ ‘ਤੇ ‘ਪ੍ਰੀਜ਼ੈਂਟਰ’ ਹੈ! ਪ੍ਰੋਗਰਾਮ ਪੇਸ਼ ਕਰਦਿਆਂ ਬਹੁਤ ਵਾਰ ਮੈਂ ਉਸ ਦੀਆਂ ਕਵਿਤਾਵਾਂ ਦਾ ਆਨੰਦ ਮਾਣਿਆਂ ਹੈ। ਆਪਣੇ ਪ੍ਰੋਗਰਾਮ ਵਿਚ ਰੇਡੀਓ ‘ਤੇ ਉਹ ਕਵਿਤਾ ਬੋਲਦੀ ਨਹੀਂ, ਸਗੋਂ ਖ਼ੁਦ ਇੱਕ ਕਵਿਤਾ ਬਣ ਕੇ ਪੇਸ਼ ਹੋਣਾਂ ਉਸ ਦੀ ਵਿਲੱਖਣਤਾ ਹੈ। ਵਿਸ਼ੇ ਫ਼ੜਨ ਵਿਚ ਭਿੰਦਰ ਸ਼ਿਕਾਰੀ ਅਤੇ ਸਿਰਜਣ ਵਿਚ ਪੂਰੀ ਖਿਡਾਰੀ ਹੈ! ਜਿਵੇਂ ਜੰਗਲਾਂ ਵਿਚ ਉੱਜੜੀ ਫ਼ਿਰਦੀ ਸ਼ਾਹਣੀ ਕੌਲਾਂ ਨੇ ਕਦੇ ਕਿਹਾ ਸੀ, “ਵੀਰੋ ਊਠਾਂ ਵਾਲਿਓ ਵੇ…ਪਾਣੀ ਪੀ ਜਾਓ ਦੋ ਪਲ ਬਹਿ ਕੇ…ਕੌਲਾਂ ਡੱਕੇ ਚੁਗਦੀ ਦਾ ਜਾਇਓ ਵੇ ਇੱਕ ਸੁਨੇਹਾਂ ਲੈ ਕੇ…!” ਇਹ ਕੌਲਾਂ ਦੇ ਦੁਖੀ ਦਿਲ ਦੀ ਹੂਕ ਸੀ, ਦਰਦ ਸੀ। ਇੱਕ ਸੁਨੇਹਾਂ ਸੀ ਅਤੇ ਆਪਣੇ ਵਤਨ ਦੇ ਵੀਰਾਂ ਤੋਂ ਹਮਦਰਦੀ ਦੀ ਆਸ ਸੀ। ਤਾਂ ਹੀ ਤਾਂ ਉਸ ਨੇ ਆਪਣੇ ਵਤਨ ਦੇ ਵੀਰ ਪਹਿਚਾਣ ਕੇ ਹਾਕ ਮਾਰੀ ਸੀ। ਨਹੀਂ ਤਾਂ ਡੱਕੇ ਚੁਗਦੀ ਕੌਲਾਂ ਨੂੰ ਬਥੇਰੇ ‘ਰਾਹੀ’ ਨਿੱਤ ਅਤੇ ਸਾਰੀ ਦਿਹਾੜੀ ਮਿਲਦੇ ਹੋਣਗੇ? ਪਰ ਹਾਕ ਉਸ ਨੇ “ਊਠਾਂ ਵਾਲੇ ਵੀਰਾਂ” ਨੂੰ ਹੀ ਮਾਰੀ ਸੀ! ਉਸੇ ਤਰ੍ਹਾਂ ਭਿੰਦਰ ਵੀ ਪੰਜਾਬੀ ਮਾਂ-ਬੋਲੀ ਦੇ ਵਾਰਿਸਾਂ ਨੂੰ ਤਰਲਾ ਨਹੀਂ ਕਰਦੀ, ਸਗੋਂ ਮਾਂ-ਬੋਲੀ ਦੀ ਕਦਰ ਕਰਨ ਲਈ ਚਣੌਤੀ ਵੀ ਦਿੰਦੀ ਹੈ! ਦੁਨਿਆਵੀ ਇਖ਼ਲਾਕ ਅਤੇ ਪੰਜਾਬੀਅਤ ਪ੍ਰਤੀ ਸੁਹਿਰਦ ਸੰਸਕਾਰਾਂ ਦੇ ਅਥਾਹ ਜਜ਼ਬੇ ਦੇ ਨਾਲ਼-ਨਾਲ਼ ਭਿੰਦਰ ਕੋਲ਼ ਅਨਹਦ ਨਾਦ, ਅਨਾਹਤ ਵਰਗਾ ਅੰਦਾਜ਼ ਹੈ! ਕਵਿਤਾ ਦੀਆਂ ਬਰੀਕੀਆਂ ਦੀ ਸੂਝ ਹੈ। ਕਵਿਤਾ ਸਿਰਜਣ ਦਾ ਵੱਲ ਅਤੇ ਪੰਜਾਬੀ ਮਾਂ-ਬੋਲੀ ਦੇ ਪ੍ਰਸਾਰ ਦਾ ‘ਝੱਲ’ ਹੈ। ਕਈ ਵਾਰ ਉਸ ਦੀ ਗਰਜਦੀ-ਵੰਗਾਰਦੀ ਕਵਿਤਾ ਮੈਨੂੰ ਹਰੀ ਸਿੰਘ ਨਲੂਆ ਦੀ ‘ਗੜ੍ਹਕ’ ਦਾ ਚੇਤਾ ਕਰਵਾ ਦਿੰਦੀ ਹੈ ਅਤੇ ਕਈ ਵਾਰ ਹੀਰ ਦੀ ਪ੍ਰੀਤ ਵਿਚ ਵੱਜਦੀ ਰਾਂਝੇ ਦੀ ਵੰਝਲੀ ਦੀ ਹੂਕ ਦੀ ਯਾਦ ਦਿਵਾਉਂਦੀ ਹੈ! ਕਵਿਤਾ ਸਿਰਜਣ ਦੀ ਮੁਹਾਰਤ ਭਿੰਦਰ ਨੂੰ ਬਾਖ਼ੂਬੀ ਹਾਸਲ ਹੈ! ਜਿੱਥੇ ਉਹ ਕਾਮ-ਕ੍ਰੀੜਾ ਦੇ ਭੁੱਖੇ ਬਘਿਆੜਾਂ ਨੂੰ ਸ਼ਬਦਾਂ ਦੇ ਤੀਰਾਂ ਨਾਲ਼ ਵਿੰਨ੍ਹਦੀ ਹੈ, ਉਥੇ ਆਪਣੇ ‘ਮਾਹੀ’ ਦੀ ‘ਇਬਾਦਤ’ ਵੀ ਕਰਦੀ ਹੈ:
ਪੁੱਛਦੀ ਹਾਂ ਲਲਕਾਰ ਕੇ,
ਇਹਨਾਂ ਅਖੌਤੀ ਦਿਆਨਤਦਾਰਾਂ ਨੂੰ!
ਕਿ ਕੀ ਔਰਤ ਨਾਲ ਰਿਸ਼ਤੇ ਦਾ,
ਸਿਰਫ਼, ‘ਇੱਕੋ’ ਮੰਤਵ ਤੇ ਮਾਹਨਾਂ ਰਹਿ ਗਿਆ?
ਜਦ ਦੌੜਦੀ ਹੈ, ਤੁਹਾਡੇ ਦਿਮਾਗ ਦੀ ਸੌੜੀ ਸਿਆਸਤ,
ਲਛਮਣ-ਰੇਖ਼ਾ ਪਾਰ ਕਰਨ ਲਈ,
ਤਾਂ ਕਿੱਥੇ ਜਾ ਲੁਕਦੈ, ਤੁਹਾਡਾ ਰੱਬ ਉਸ ਵਕਤ?
……।।
ਕੋਈ ਮੰਦਿਰ ਜਾਂਦੈ, ਤੇ ਕੋਈ ਜਾਂਦੈ ਮਸਜ਼ਿਦ,
ਕੋਈ ਕਿਸੇ ਤੀਰਥ ‘ਤੇ ਹਾਜ਼ਰੀ ਭਰਦੈ,
ਤੇ ਕੋਈ ਰਗੜਦੈ ਨੱਕ, ਕਿਸੇ ਫ਼ਕੀਰ ਦੀ ਸਰਦਲ ‘ਤੇ!
ਪਰ ਮੇਰੇ ਸੱਜਣਾਂ!
ਮੇਰਾ ਤਾਂ ‘ਤੂੰ’ ਹੀ ‘ਮੱਕਾ’ ਹੈਂ!!
ਭਿੰਦਰ ਦੀ ਸਿਰਜਣਾਂ ਵਿਚ ਪੰਜਾਬ ਦਾ ਦਿਲ ਧੜਕਦਾ ਹੈ ਅਤੇ ਪੰਜਾਬਣ ਮੁਟਿਆਰ ਦੀ ਝਾਂਜਰ ਛਣਕਦੀ ਹੈ। ਉਸ ਦੀ ਕਲਪਨਾ ਦੀ ਪ੍ਰਵਾਜ਼ ਵਿਚ ਅੱਲ੍ਹੜ ਕੁੜੀ ਵੱਲੋਂ ਕਸੀਦੇ ਕੱਢੀਦੇ ਹਨ ਅਤੇ ਸੰਧੂਰੀ ਰੰਗ ਵਿਚ ਰੰਗੀ ਮੁਟਿਆਰ ਵੱਲੋਂ ਫ਼ੁਲਕਾਰੀ ‘ਤੇ ਹਾਣੀ ਪ੍ਰਤੀ ਮੋਹ ਦੇ ਫ਼ੁੱਲ ਪੈਂਦੇ ਹਨ। ਉਸ ਦੇ ਜ਼ਿਹਨ ਵਿਚ ਬੇਬੇ ਦੀ ਮਧਾਣੀ ਗਾਇਨ ਕਰਦੀ ਹੈ ਅਤੇ ਹਰੇ-ਭਰੇ ਬਾਗਾਂ ਵੱਲੋਂ ਰੁਮਕਦੀ ਪੌਣ ਲੋਰੀਆਂ ਦਿੰਦੀ ਹੈ। ਉਸ ਦੀ ਸੋਚ ਵਿਚ ਝਰਨੇਂ ਰਾਗ ਛੇੜਦੇ ਨੇ ਅਤੇ ਮੰਤਰ-ਮੁਗਧ ਹੋਈਆਂ ਇੰਦਰ ਦੀਆਂ ਪਰੀਆਂ ਨਿਰਤ ਕਰਦੀਆਂ ਨੇ! ਉਸ ਦੀਆਂ ਕਵਿਤਾਵਾਂ ਵਿਚ ਪੰਜਾਬ ਦੀਆਂ ਲਹਿ-ਲਹਾਉਂਦੀਆਂ ਫ਼ਸਲਾਂ ਜਿਹੀ ਤਾਜ਼ਗੀ ਅਤੇ ਸਰ੍ਹੋਂ ਦੇ ਫ਼ੁੱਲਾਂ ਵਰਗੀ ਰਸਭਿੰਨੀ ਖ਼ੁਸ਼ਬੂ ਹੈ। ਉਸ ਦੀ ਕਵਿਤਾ ਦੇ ਬੋਲਾਂ ਵਿਚ ਘੁਲਾੜ੍ਹੀ ‘ਤੇ ਬਣਦੇ ਗੁੜ ਜਿਹੀ ਮਹਿਕ ਹੈ ਅਤੇ ਪੋਨੇ ਗੰਨੇ ਦੇ ਰਸ ਵਰਗਾ ਸੁਆਦ! ਉਹ ਸਾਗਰ ਦੀ ਹਿੱਕ ਉਤੇ ਨੀਲ ਪਾਉਣਾ ਜਾਣਦੀ ਹੈ:
ਬਾਤ ਸੁਣਾਂ ਮੈਨੂੰ ਅੰਬਰ ਦੀ ਕੋਈ
ਜਾਂ ਪਾਤਾਲ ਦੀ ਵਿੱਥਿਆ ਦੱਸੀਂ
ਸਾਗਰ ਦੀ ਹਿੱਕ ਨੀਲ ਕਿਉਂ ਪੈਂਦੇ?
ਕੁਦਰਤ ਦੀ ਕੋਈ ਸਿੱਖਿਆ ਦੱਸੀਂ
ਗਰਜਾਂ ਦੀ ਨਿੱਤ ਵਿੱਥਿਆ ਸੁਣਦੀ
ਹੁਣ ਤਾਂ ‘ਭਿੰਦਰ’ ਹਾਰ ਗਈ ਏ
ਲੋਕ ਛੱਡ, ਰਹਿਬਰ ਦੀ ਹੋਈ
ਆਪਣਾ ਆਪ ਸੁਆਰ ਗਈ ਏ
ਪਰ ਜਦ ਉਹ ਬਗ਼ਾਵਤ ‘ਤੇ ਉੱਤਰ ਵਿਦਰੋਹੀ ਰਚਨਾ ਸਿਰਜਦੀ ਹੈ ਤਾਂ ਉਹ ਕੋਈ ‘ਬਾਗ਼ੀ’ ਜਾਂ ‘ਗੁਰੀਲਾ’ ਜਾਪਦੀ ਹੈ। ਉਸ ਕੋਲ਼ ਕਲਾ ਦੇ ਸੂਖ਼ਮ ਤਜ਼ਰਬਿਆਂ ਦੇ ਗਹਿਣੇ ਵੀ ਨੇ ਅਤੇ ਕਿਸੇ ਦੇ ਵਿੰਗ-ਵਲ਼ ਕੱਢਣ ਲਈ ਸ਼ਬਦਾਂ ਦੇ ਤੇਜ਼ਧਾਰ ਨਸ਼ਤਰ ਵੀ! ਭਿੰਦਰ ਦੀਆਂ ਰਚਨਾਵਾਂ ਅਨੁਸਾਰ ਪ੍ਰੇਮ ਅਤੇ ਇਸ਼ਕ ਇਕ ਸਾਧਨਾਂ ਹੈ! ਕਿਤੇ ਕਿਤੇ ਉਸ ਦੀਆਂ ਰਚਨਾਵਾਂ ਇਸੇ ਸਾਧਨਾਂ ਦੀ ਬਾਤ ਪਾਉਂਦੀਆਂ ਹਨ। ਉਸ ਦੀਆਂ ਕਵਿਤਾਵਾਂ ਵਿਚ ਖ਼ੂਹ ‘ਤੇ ਗਿੜਦੀਆਂ ਟਿੰਡਾਂ ਦੀ ਇਕ-ਸੁਰ ਅਤੇ ਇਕ-ਸਾਰ ਲੈਅ ਹੈ। ਉਸ ਦੀ ਸਿਰਜਣਾਂ ਸ਼ਕਤੀ ਵਿਚ ਮਾਘੀ ਮੌਕੇ ਕੜਾਕੇ ਦੀ ਸਰਦੀ ਵਿਚ ਖੇਤੀਂ ਲੱਗਦੇ ਕੱਸੀ ਦੇ ਪਾਣੀ ਵਰਗਾ ਹੁਲਾਸ ਅਤੇ ਨਿੱਘ ਹੈ। ਅੱਸੂ ਕੱਤੇ ਦੇ ਮਹੀਨੇ ਖੇਤਾਂ ਵਿਚ ਹਲ਼ ਖਿੱਚਦੇ ਬਲ਼ਦਾਂ ਦੀਆਂ ਟੱਲੀਆਂ ਖੜਕਣ ਦੀ ਅਦੁਤੀ ਧੁਨ ਹੈ। ਉਸ ਦੀ ਸ਼ਬਦ-ਬੁਣਤੀ ਵਿਚ ਨਾਰੀਅਲ ਦੇ ਪਾਣੀ ਵਰਗਾ ਕੁਦਰਤੀ ਰਸ ਹੈ ਅਤੇ ਇਹ ਬੁਣਤਰ-ਰਸ ਜਣੇਂ-ਖਣੇਂ ਨੂੰ ਨਸੀਬ ਨਹੀਂ ਹੋ ਜਾਂਦਾ। ਭਿੰਦਰ ਹਾਥੀ ਦੇ ਦੰਦਾਂ ਵਾਂਗ, ਖਾਣ ਲਈ ਹੋਰ ਅਤੇ ਦਿਖਾਉਣ ਲਈ ਹੋਰ ਵਾਲ਼ੀਆਂ ਗੱਲਾਂ ਵੀ ਨਹੀਂ ਕਰਦੀ। ਸੱਚੀ ਗੱਲ ਮੂੰਹ ‘ਤੇ ਕਹਿਣ ਦੀ ਆਦੀ ਹੈ। ਉਸ ਅਨੁਸਾਰ ਆਲੋਚਕ ਅਤੇ ਨਿੰਦਕ ਵਿਚ ਦੋ ਕਿਨਾਰਿਆਂ ਵਾਂਗ ਫ਼ਰਕ ਹੈ। ਆਲੋਚਕ ਤੁਹਾਨੂੰ ਸੇਧ ਪ੍ਰਦਾਨ ਕਰਦੇ ਨੇ ਅਤੇ ਨਿੰਦਕ ਦਾ ਕਾਰਜ ਬਿਨਾ ਗੱਲੋਂ ‘ਤਰਕ’ ਮਾਰ ਕੇ ਈਰਖ਼ਾ ਕਰਨੀ ਹੁੰਦੀ ਹੈ! ਮੇਰਾ ਇਹ ਗੱਲਾਂ ਕਰਨ ਦਾ ਭਾਵ ਹੈ ਕਿ ਭਿੰਦਰ ਜ਼ਿਆਦਾਤਰ ਚੁੱਪ ਰਹਿ ਕੇ ਹੀ ਦੁਆਵਾਂ ਦੇਣ ਵਾਲ਼ੀ ਫ਼ੌਲਾਦੀ ਦਿਲ ਵਾਲ਼ੀ ਔਰਤ ਹੈ ਅਤੇ ਉਹ ਬਦਖੋਹੀ ਕਰਨ ਵਾਲ਼ਿਆਂ ਦੀ ਵੀ ਚਿੰਤਾ ਨਹੀਂ ਕਰਦੀ। ਜੇ ਉਸ ਵਿਚ ਕਹਿਣ ਦਾ ਜਿਗਰਾ ਹੈ ਤਾਂ ਉਸ ਵਿਚ ਸਹਿਣ ਦਾ ਸਾਹਸ ਵੀ ਹੈ। ਉਹ ਵਿਹਲੜ ਬੰਦੇ ਵਾਂਗ ਸਿੰਗ ਮਿੱਟੀ ਵੀ ਨਹੀਂ ਚੁੱਕਦੀ ਅਤੇ ਨਾ ਹੀ ਸ਼ਬਦਾਂ ਦੀ ਖੁਰ-ਵੱਢ ਕਰਦੀ ਹੈ। ਉਹ ਤਾਂ ਨਿਯਮਬੱਧ ਸੈਨਿਕ ਵਾਂਗ ਸਮਾਜ ਦੇ ‘ਵੈਰੀ’ ‘ਤੇ ਸ਼ਿਸ਼ਤ ਬੰਨ੍ਹ ਨਿਸ਼ਾਨਾ ਲਾਉਂਦੀ ਹੈ:
ਜਜ਼ਬਾਤਾਂ ਨੂੰ ਕਦੇ ਸ਼ਬਦ ਨਹੀਂ ਮਿਲਦੇ,
ਤੇ ਸ਼ਬਦਾਂ ਨੂੰ ਕਦੇ ਜਜ਼ਬਾਤ ਨਹੀਂ ਮਿਲ ਸਕਦੇ!
ਤੇਰੀ ਲੋਭੀ ਰੂਹ ਤਿਲਮਿਲਾ ਰਹੀ ਹੈ,
ਪਰ ਅਖ਼ੀਰ,
‘ਅੰਗੂਰ ਖੱਟੇ’ ਕਹਿਣ ਦੀ ਆਦਤ ਪਾਉਣੀ ਪਊਗੀ,
ਬੇਵੱਸ ਲੂੰਬੜੀ ਵਾਂਗ!
ਜਦ ਉਸ ਨੇ ਰੇਡੀਓ ‘ਤੇ ਮੇਰੀ ਇੰਟਰਵਿਊ ਕੀਤੀ ਤਾਂ ਉਸ ਦੇ ਮਿੱਠੇ ਬੋਲਾਂ ਅਤੇ ਨਿਮਰਤਾ ਨੇ ਮੈਨੂੰ ਇਕ ਤਰ੍ਹਾਂ ਨਾਲ਼ ਮੁੱਲ ਲੈ ਲਿਆ। ਚਾਹ ਪੀਂਦਿਆਂ ਅਤੇ ਗੱਲਾਂ ਬਾਤਾਂ ਕਰਦਿਆਂ, ਸਿੱਧੀ ਅਤੇ ਸਾਦੀ ਭਿੰਦਰ ਵਿਚ ਮੈਨੂੰ ਕੋਈ ਵਲ਼-ਫ਼ੇਰ ਨਜ਼ਰ ਨਹੀਂ ਆਇਆ, ਸਗੋਂ ਉਹ ਮੈਨੂੰ ਨਿਰਛਲ ਅਤੇ ਨਿਰਕਪਟ ਲੱਗੀ। ਇਕ ਘੰਟਾ ਪ੍ਰੋਗਰਾਮ ਵਿਚ ਹੋਈ ਮੇਰੀ ਇੰਟਰਵਿਊ ਤੋਂ ਬਾਅਦ ਸਾਡੀਆਂ ਕਾਫ਼ੀ ਲੰਮੀਆਂ ਗੱਲਾਂ ਚੱਲੀਆਂ। ਜਿਸ ਵਿਚ ਮੈਨੂੰ ਮਹਿਸੂਸ ਹੋਇਆ ਕਿ ਭਿੰਦਰ ਇਕ ਨਿਰਲੇਪ, ਪਾਕ-ਪਵਿੱਤਰ ਰੂਹ ਅਤੇ ਨੇਕ ਨੀਅਤ ਇਨਸਾਨ ਹੈ! ਆਪਣੇ ਪੰਧ ‘ਤੇ ਮਸਤ ਤੁਰਨ ਵਾਲ਼ੀ ਮਸਤਾਨੀ ਅਤੇ ਫ਼ਕੀਰ ਔਰਤ! ਸਿਰੜ ਅਤੇ ਸਾਧਨਾਂ ਦੀ ਮੂਰਤ! ਜਿਸ ਨੂੰ ‘ਤੇਰ-ਮੇਰ’ ਦੀ ਚਿੰਤਾ ਹੀ ਨਹੀਂ ਅਤੇ ਨਾ ਹੀ ‘ਮੈਂ-ਤੂੰ’ ਦਾ ਫ਼ਿਕਰ! ਕੁਝ ਅਰਸਾ ਪਹਿਲਾਂ ਮੈਂ ਉਸ ਦਾ ਪਲੇਠਾ ਕਹਾਣੀ-ਸੰਗ੍ਰਹਿ “ਬਣਵਾਸ ਬਾਕੀ ਹੈ” ਪੜ੍ਹਿਆ ਸੀ। ਉਹ ਕੇਵਲ ਕਹਾਣੀ ਖੇਤਰ ਵਿਚ ਹੀ ਸੰਪੂਰਨ ਨਹੀਂ, ਕਾਵਿ-ਸਿਰਜਣਾਂ ਵਿਚ ਵੀ ਨਿਪੁੰਨ ਹੈ। ਸਮਾਂ ਦੇਖ ਕੇ ਉਸ ਨੂੰ ਅੱਗੇ ਵਧਣਾ ਆਉਂਦਾ ਹੈ! ਉਹ ਸਿਰਫ਼ ਦੇਸ਼-ਵਿਦੇਸ਼ ਦੇ ਅਖਬਾਰਾਂ-ਰਸਾਲਿਆਂ ‘ਚ ਸਿਰਫ਼ ਛਪਦੀ ਹੀ ਨਹੀਂ, ਪੰਜਾਬੀ ਪਾਠਕਾਂ ਨੇ ਉਸ ਦੀਆਂ ਕਹਾਣੀਆਂ ਨੂੰ ਸਲਾਹਿਆ ਵੀ ਬਹੁਤ ਹੈ। ਜਿਥੇ ਭਿੰਦਰ ਦੀਆਂ ਕਹਾਣੀਆਂ ‘ਤੇ ਫਿਲਮਾਂ ਬਣ ਰਹੀਆਂ ਹਨ, ਉਥੇ ਉਸ ਦੀਆਂ ਕਹਾਣੀਆਂ ਉਪਰ ਨਾਟਕ ਵੀ ਖੇਡੇ ਜਾ ਰਹੇ ਹਨ । ਕੈਨੇਡਾ ਅਤੇ ਆਸਟਰੇਲੀਆ ਦੇ ਰੇਡੀਓ ਪ੍ਰੋਗਰਾਮਾਂ ਵਿਚ ਉਸ ਦੀਆਂ ਕਹਾਣੀਆਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ। ਭਿੰਦਰ ਦੀ ਅੰਗਰੇਜ਼ੀ ਕਿਤਾਬ ‘ਦਾ ਬਲਾਈਂਡ ਐਂਡ ਡੈਫ ਗੌਡ’ ਵੀ ਹੁਣੇ ਮਾਰਕੀਟ ਵਿਚ ਆਈ ਹੈ। ਮੈਂ ਭਿੰਦਰ ਦੇ ਕਾਵਿ-ਸੰਗ੍ਰਹਿ “ਸਰਘੀ ਦੇ ਤਾਰੇ ਦੀ ਚੁੱਪ” ਨੂੰ ‘ਜੀ ਆਇਆਂ’ ਆਖਦਾ ਹੋਇਆ ਉਸ ਦੀ ਮਿਹਨਤ, ਸਿਰੜ-ਸਿਦਕ ਅਤੇ ਸਿਰਜਣਾਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ। ਹਮੇਸ਼ਾ ਨਵੇਂ, ਨਵੇਕਲ਼ੇ ਅਤੇ ਸਫ਼ਲ ਤਜ਼ਰਬੇ ਕਰਨ ਵਾਲ਼ੀ ਭਿੰਦਰ ਲਈ ਮੇਰੀ ਪ੍ਰਾਰਥਨਾਂ ਹੈ ਕਿ ਉਹ ਇਸੇ ਤਰ੍ਹਾਂ ਹੀ ਅਣਥੱਕ ਪਾਂਧੀ ਦੀ ਤਰ੍ਹਾਂ ਆਪਣੀ ਮੰਜ਼ਿਲ ਵੱਲ ਵੱਧਦੀ ਜਾਵੇ, ਭਵਿੱਖ ਉਸ ਦੇ ਹੱਥਾਂ ਵਿਚ ਹੈ! ਉਸ ਦੀ ਬਹੁਭਾਂਤੀ ਕਲਾ ਅਤੇ ਸਖ਼ਸ਼ੀਅਤ ਮਿਸਾਲ ਜ਼ਰੂਰ ਬਣੇਗੀ। ਇਹੀ ਫ਼ਕੀਰ ਦੀ ਦੁਆ ਹੈ!