ਨਵੀਂ ਦਿੱਲੀ:- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੰਚਾਰਜ ਸ੍ਰੀ ਸ਼ਾਂਤਾ ਕੁਮਾਰ ਵੱਲੋਂ ਹੋਰ ਭਾਜਪਾ ਆਗੂਆਂ ਨਾਲ ਮਿਲ ਕੇ
ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਦਲ ਵੱਲੋਂ ਜੇਕਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਦਾ ਮਤਾ ਰੱਖਿਆ ਗਿਆ ਤਾਂ ਭਾਜਪਾ ਉਸਦਾ ਡੱਟਵਾਂ ਵਿਰੋਧ ਕਰੇਗੀ, ਬਾਰੇ ਦਿੱਤੇ ਬਿਆਨ ਨੇ ਭਾਜਪਾ ਦੀ ਸਿੱਖਾਂ, ਮੁਸਲਮਾਨਾਂ ਤੇ ਈਸਾਈਆਂ ਪ੍ਰਤੀ ਆਪਣੀ ਨਫ਼ਰਤ ਨੂੰ ਦਿਨ-ਦਿਹਾੜੇ ਉਜਾਗਰ ਕਰਕੇ ਰੱਖ ਦਿੱਤਾ ਹੈ। ਇਹ ਵਿਚਾਰ ਅੱਜ ਇੱਥੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਚ ਸਿੱਖ ਫ਼ਰੰਟ(ਇੰਟਰਨੈਸ਼ਨਲ) ਦੇ ਚੇਅਰਮੈਨ ਸ. ਗੁਰਕਿਰਪਾਲ ਸਿੰਘ ਬਠਿੰਡਾ, ਸਾਬਕਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਨੇ ਪ੍ਰਗਟ ਕਰਦਿਆਂ ਕਹੇ। ਉਨਾਂ ਕਿਹਾ ਕਿ ਭਾਜਪਾ ਹਿੰਦੁਤਵ ਨੀਤੀ ਨੂੰ ਦੇਸ਼ ਵਿੱਚ ਲਾਗੂ ਕਰਨਾ ਚਾਹੁੰਦੀ ਹੈ ਅਤੇ ਇਸਨੂੰ ਗੁਜਰਾਤ ਵਿੱਚ ਹਿੰਦੂ ਅੱਤਵਾਦੀਆਂ, ਜਿਨ੍ਹਾਂ ਨੇ ਖੁੱਲ੍ਹੇਆਮ ਮੁਸਲਮਾਨਾਂ ਦੇ ਕਤਲ ਕੀਤੇ, ਜਿਨ੍ਹਾਂ ਹਿੰਦੂ ਅੱਤਵਾਦੀਆਂ ਨੇ ਈਸਾਈ ਪ੍ਰਚਾਰਕਾਂ ਨੂੰ ਦਿਨ- ਦਿਹਾੜੇ ਜ਼ਿੰਦਾ ਸਾੜ ਕੇ ਸੁਆਹ ਕੀਤਾ, ਜਿਨ੍ਹਾਂ ਹਿੰਦੂ ਅੱਤਵਾਦੀਆਂ ਨੇ 84 ਦੇ ਕਤਲੇਆਮ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਨੱਚਿਆ,ਉਨਾਂ ਨਾਲ ਤਾਂ ਪੂਰਨ ਹਮਦਰਦੀ ਹੈ। ਸਾਧਵੀ ਪ੍ਰਤਿੱਗਿਆ ਲਈ ਤਾਂ ਭਾਜਪਾ ਰਿਹਾਈ ਚਾਹੁੰਦੀ ਹੈ ਪਰ ਪ੍ਰੋ. ਭੁੱਲਰ, ਜਿਸ ਬਾਰੇ ਸਾਫ਼ ਜ਼ਾਹਿਰ ਹੈ ਕਿ ਉਹ ਆਪ ਕਿਸੇ ਵੀ ਅੱਤਵਾਦੀ ਘਟਨਾ ਚ ਸ਼ਾਮਿਲ ਨਹੀਂ ਸੀ, ਬੰਬ ਧਮਾਕੇ ਵਿੱਚ ਉਹ ਕਿੱਧਰੇ ਵੀ ਦੋਸ਼ੀ ਨਹੀਂ ਪਾਇਆ ਗਿਆ, ਉਸ ਨਾਲ ਮੁਕੰਮਲ ਤੌਰ ਤੇ ਨਿਆਇਕ ਅਨਿਆਂ ਹੋ ਰਿਹਾ ਹੈ, ਉਸ ਲਈ ਸਿਰਫ਼ ਫ਼ਾਂਸੀ ਇਸ ਲਈ ਚਾਹੁੰਦੀ ਹੈ ਕਿਉਂਕਿ ਉਹ ਪੱਗੜੀਧਾਰੀ ਸਿੱਖ ਹੈ। ਉਨਾਂ ਕਿਹਾ ਕਿ ਭਾਜਪਾ ਨੂੰ ਡਾ. ਮਨਮੋਹਨ ਸਿੰਘ, ਜੋ ਸਾਰੇ ਦੇਸ਼ ਵਿੱਚੋਂ ਪਹਿਲੇ ਨੰਬਰ ਦਾ ਈਮਾਨਦਾਰ ਤੇ ਦੇਸ਼ ਭਗਤ ਹੈ, ਉਸਨੂੰ ਪ੍ਰਧਾਨ ਮੰਤਰੀ ਪਦ ਤੇ ਸਿਰਫ਼ ਇਸ ਲਈ ਵੇਖਣਾ ਨਹੀਂ ਚਾਹੁੰਦੀ ਕਿਉਂਕਿ ਉਹ ਪੱਗੜੀਧਾਰੀ ਸਿੱਖ ਹੈ। ਉਨਾਂ ਕਿਹਾ ਕਿ ਉਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਜੇਕਰ ਭਾਜਪਾ ਦੇ ਸਾਰੇ ਥੱਲੇ ਤੋਂ ਉੱਪਰ ਤੱਕ ਦੇ ਆਗੂਆਂ ਦੀ ਨਿਰਪੱਖ ਜਾਂਚ ਕਰਵਾ ਲਈ ਜਾਵੇ ਤਾਂ ਮਨਮੋਹਨ ਸਿੰਘ ਵਰਗਾ ਈਮਾਨਦਾਰ, ਗਿਆਨਦਾਰ ਤੇ ਦੇਸ਼-ਭਗਤ ਨਹੀਂ ਲੱਭੇਗਾ ਪਰ ਇੱਕ ਹਿੰਦੂ ਏਜਡ ਦੀ ਖ਼ਾਤਿਰ ਉਹ ਉਸ ਮਹਾਨ ਦੇਸ਼-ਭਗਤ ਨੂੰ ਵੀ ਬਦਨਾਮ ਕਰਨ ਤੋਂ ਗੁਰਜ਼ ਨਹੀਂ ਕਰਦੇ। ਉਨਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਜੇਕਰ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਉਨਾਂ ਨੂੰ ਸੌਂਪੀ ਹੈ ਤਾਂ ਉਨ੍ਹਾਂ ਦੀ ਵੀ ਸਭ ਤੋਂ ਪਹਿਲੀ ਅਹਿਮੀਅਤ ਇਹ ਹੋਣੀ ਚਾਹੀਦੀ ਹੈ ਕਿ ਉਹ ਵਿਧਾਨ ਸਭਾ ਵਿੱਚ ਪ੍ਰੋ. ਭੁੱਲਰ ਦੀ ਫ਼ਾਂਸੀ ਮੁਆਫ਼ ਕਰਨ ਲਈ ਮਤਾ ਜ਼ਰੂਰ ਰੱਖਣ, ਜਿਸ ਬਾਰੇ ਸਿੱਖਾਂ ਤੋਂ ਇਲਾਵਾ ਜਰਮਨ ਅਤੇ ਹਾਲੈਂਡ ਦੀਆਂ ਸਰਕਾਰਾਂ ਵੀ ਮਨੁੱਖਤਾ ਦੇ ਆਧਾਰ ਤੇ ਪ੍ਰੋ. ਭੁੱਲਰ ਦੀ ਸਜ਼ਾ ਮੁਆਫ਼ੀ ਬਾਰੇ ਭਾਰਤ ਸਰਕਾਰ ਨੂੰ ਲਿਖ ਕੇ ਭੇਜ ਚੁੱਕੀਆਂ ਹਨ। ਜੇਕਰ ਭਾਜਪਾ ਇਸਦਾ ਵਿਰੋਧ ਕਰੇ ਤਾਂ ਉਹ
ਸਿੱਖ ਪੰਥ ਦੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਤੁਰਤ ਭਾਜਪਾ ਨਾਲੋਂ ਤੋੜ-ਵਿਛੋੜਾ ਕਰ ਲੈਣ ਤਾਂ ਕਿ ਉਨ੍ਹਾਂ ਵੱਲੋਂ ਪਿਛਲੇ ਸਮੇਂ ਵਿੱਚ ਸਿੱਖ ਵਿਰੋਧੀ ਹੋਣ ਦੇ ਲੱਗੇ ਦਾਗ਼ ਹੁਣ ਧੋਤੇ ਜਾ ਸਕਣ। ਉਨਾਂ ਕਿਹਾ ਕਿ ਜੇਕਰ ਸ. ਬਾਦਲ ਇਹ ਨਿਰਣਾਇਕ ਫ਼ੈਸਲਾ ਪੰਥਕ ਹਿਤਾਂ ਖ਼ਾਤਰ ਲੈ ਲੈਂਦੇ ਤਾਂ ਫੇਰ ਉਨਾਂ ਨਾਲ ਭਾਰਤ ਭਰ ਦੇ ਸਿੱਖ ਉਨਾਂ ਦੇ ਗ਼ੁਨਾਹ ਮੁਆਫ਼ ਕਰਕੇ ਮੁੜ ਜੁੜ ਸਕਦੇ ਹਨ ਤੇ ਉਹ ਇੱਕ ਸਿੱਖ ਪੰਥਕ ਆਗੂ ਬਣ ਕੇ ਮੁੜ ਪੰਥਕ ਧਿਰ ਦੇ ਮੋਢੀ ਆਗੂ ਵਜੋਂ ਵਿਚਰ ਸਕਦੇ ਹਨ। ਉਨਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਵਿਧਾਨ ਸਭਾ ਵਿੱਚ ਕਾਂਗਰਸੀ ਐਮ.ਐਲ.ਏਜ਼ ਵੀ ਇਸ ਦੀ ਹਿਮਾਇਤ ਕਰਨਗੇ ਤਾਂ ਕਿ ਘੱਟ-ਗਿਣਤੀਆਂ ਕਾਂਗਰਸ ਨਾਲ ਜੁੜੀਆਂ ਰਹਿਣ ਤੇ ਇਸ ਪ੍ਰਕਾਰ ਦੇਸ਼ ਨੂੰ ਤੋੜਨ ਵਾਲੀ ਭਾਜਪਾ ਤੇ ਆਰ.ਐਸ.ਐਸ. ਦਾ ਚਿਹਰਾ ਬੇਨਕਾਬ ਕੀਤਾ ਜਾ ਸਕੇਗਾ। ਉਨਾਂ ਕਿਹਾ ਕਿ ਜੇਕਰ ਤਾਮਿਲਨਾਡੂ ਦੀ ਅਸੈਂਬਲੀ ਸ੍ਰੀ ਰਾਜੀਵ ਗਾਂਧੀ ਦੇ ਕਾਤਲਾਂ ਦੀ ਹਿਮਾਇਤ ਕਰ ਸਕਦੀ ਹੈ ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨਿਡਰਤਾ ਭਰਪੂਰ ਅਫ਼ਜ਼ਲ ਗੁਰੂ ਲਈ ਮਤਾ ਰੱਖ ਸਕਦੇ ਹਨ ਤਾਂ ਜਿਹੜੇ ਸਿੱਖਾਂ ਨੇ 80% ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਭਾਰਤ ਉੱਤੇ ਹੋਏ ਹਮਲਿਆਂ ਦੌਰਾਨ ਦੇਸ਼ ਦੀ ਰੱਖਿਆ ਕੀਤੀ, ਉਹ ਸਿੱਖ ਆਪਣੇ ਨਿਰਦੋਸ਼ ਸਿੱਖ ਨੂੰ ਫ਼ਾਂਸੀ ਤੋਂ ਬਚਾਉਣ ਲਈ ਪ੍ਰੋ. ਭੁੱਲਰ ਬਾਰੇ ਮਤਾ ਕਿਉਂ ਨਹੀਂ ਰੱਖ ਸਕਦੇ ਪਰ ਜੇਕਰ ਸ. ਬਾਦਲ ਨੇ ਅਜੇ ਵੀ ਭਾਜਪਾ ਮਗਰ ਲੱਗ ਕੇ ਇਹ ਵੱਡੀ ਭੁੱਲ ਕਰ ਲਈ ਤਾਂ ਨਾ ਹੀ ਸਿੱਖ ਇਤਿਹਾਸ ਉਨਾਂ ਨੂੰ ਮੁਆਫ਼ ਕਰੇਗਾ ਤੇ ਨਾ ਹੀ ਉਨ੍ਹਾਂ ਦੇ ਪੁੱਤਰ ਦਾ ਰਾਜਸੀ ਭਵਿੱਖ ਸੁਰਖਿਅਤ ਰਹਿ ਸਕੇਗਾ। ਇਹ ਨਿਰਣਾ ਹੁਣ ਸ. ਬਾਦਲ ਨੇ ਲੈਣਾ ਹੈ ਕਿ ਉਸਨੇ ਪੰਥ-ਪ੍ਰਸਤੀ ਵਿਖਾਉਣੀ ਹੈ ਕਿ ਪੰਥਕ ਦੁਸ਼ਮਣਾਂ ਦੀ ਝੋਲੀ ਚ ਪੈ ਕੇ ਸਮੁੱਚੇ ਪੰਥ ਨੂੰ ਤਬਾਹੀ ਵੱਲ ਲੈ ਜਾਣਾ ਹੈ।
ਸ੍ਰੀ ਸ਼ਾਂਤਾ ਕੁਮਾਰ ਵੱਲੋਂ ਭੁੱਲਰ ਬਾਰੇ ਦਿੱਤੇ ਬਿਆਨ ਨਾਲ ਭਾਜਪਾ ਦੀ ਸਿੱਖਾਂ ਪ੍ਰਤੀ ਨਫ਼ਰਤ ਸਾਹਮਣੇ ਆਈ
This entry was posted in ਭਾਰਤ.