ਇਸਲਾਮਾਬਾਦ- ਪਾਕਿਸਤਾਨੀ ਸੈਨਾ ਨੇ ਹਕਾਨੀ ਨੈਟਵਰਕ ਤੇ ਕਾਰਵਾਈ ਕਰਨ ਸਬੰਧੀ ਅਮਰੀਕਾ ਦਾ ਹੁਕਮ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਮਰੀਕਾ ਵਲੋਂ ਵਜ਼ੀਰਸਤਾਨ ਵਿੱਚ ਸੈਨਿਕ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਪਾਕਿਸਤਾਨ ਨੇ ਆਪਣੀ ਹਵਾਈ ਸੈਨਾ ਨੂੰ ਅਲਰਟ ਕਰ ਦਿੱਤਾ ਹੈ।
ਪਾਕਿਸਤਾਨ ਨੇ ਅਮਰੀਕੀ ਸੈਨਾ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਦਿੱਤੇ ਗਏ ਬਿਆਨਾਂ ਤੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਹੈ ਕਿ ਜੇ ਕੋਈ ਵੀ ਉਨ੍ਹਾਂ ਦੇ ਦੇਸ਼ ਤੇ ਹਮਲਾ ਕਰਨ ਦੀ ਕੋਸਿ਼ਸ਼ ਕਰੇਗਾ ਤਾਂ ਉਸ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ। ਪਾਕਿਸਤਾਨ ਨੇ ਅਮਰੀਕਾ ਦੇ ਉਨ੍ਹਾਂ ਅਰੋਪਾਂ ਨੂੰ ਮੁਢੋਂ ਹੀ ਨਕਾਰ ਦਿੱਤਾ ਹੈ, ਜਿਸ ਵਿੱਚ ਆਈਐਸਆਈ ਦੇ ਹਕਾਨੀ ਨੈਟਵਰਕ ਨਾਲ ਸਬੰਧਾਂ ਬਾਰੇ ਕਿਹਾ ਗਿਆ ਸੀ।
ਪਾਕਿਸਤਾਨ ਦੇ ਗ੍ਰਹਿਮੰਤਰੀ ਰਹਿਮਾਨ ਮਲਿਕ ਨੇ ਕਿਹਾ ਹੈ ਕਿ ਹਕਾਨੀ ਨੈਟਵਰਕ ਦੇ ਪਸਾਰ ਲਈ ਅਮਰੀਕਾ ਖੁਦ ਹੀ ਜਿੰਮੇਵਾਰ ਹੈ। ਮਲਿਕ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਵਿੱਚ ਸੋਵੀਅਤ ਸੈਨਾ ਦੀ ਮੌਜੂਦਗੀ ਸਮੇਂ ਸੀਆਈਏ ਨੇ ਤਾਲਿਬਾਨ ਦੇ ਇੱਕ ਧੜ੍ਹੇ ਨੂੰ ਟਰੇਨਿੰਗ ਦੇ ਕੇ ਤਿਆਰ ਕੀਤਾ ਸੀ। ਇਸ ਲਈ ਹਕਾਨੀ ਨੈਟਵਰਕ ਸੀਆਈਏ ਦੀ ਹੀ ਦੇਣ ਹੈ। ਇਹ ਗਰੁਪ ਪਾਕਿਸਤਾਨ ਵਿੱਚ ਨਹੀਂ ਸੀ ਬਣਿਆ। ਅਮਰੀਕਾ ਨੂੰ ਹੁਣ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੋ ਕਿ 20 ਸਾਲ ਪਹਿਲਾਂ ਹੋਈਆਂ ਹਨ।