ਸੰਗਰੂਰ,(ਪਰਮਜੀਤ ਸਿੰਘ ਬਾਗੜੀਆ ਦੀ ਵਿਸ਼ੇਸ਼ ਰਿਪੋਰਟ) -ਮੀਰੀ ਪੀਰੀ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਲਾਂਗੜੀਆਂ ਜਿਲ੍ਹਾ ਸੰਗਰੂਰ ਵਲੋਂ ਤੀਜਾ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿਚ ਕਬੱਡੀ 70 ਕਿਲੋ ਵਿਚ ਬਾਠਾਂ ਅਤੇ ਕਬੱਡੀ ਓਪਨ ਦੇ ਮੁਕਾਬਲਿਆਂ ਵਿਚ ਬਰੜਵਾਲ ਦੀ ਟੀਮ ਜੇਤੂ ਰਹੀ। ਤੀਜੇ ਸਾਲ ਵਿਚ ਪ੍ਰਵੇਸ਼ ਇਹ ਟੂਰਨਾਮੈਂਟ ਮੌਕੇ ਦਰਸ਼ਕਾਂ ਦਾ ਵਿਸ਼ਾਲ ਇਕੱਠ ਜੁੜਿਆ ਜੋ ਮੇਲੇ ਨੂੰ ਜਿਲ੍ਹੇ ਦਾ ਪ੍ਰਸਿੱਧ ਮੇਲਾ ਸਾਬਤ ਕਰ ਗਿਆ। ਇਸ ਭਰਵੇਂ ਖੇਡ ਮੇਲੇ ਵਿਚ ਕਲੱਬ ਦੇ ਸੱਦੇ ‘ਤੇ ਖਿਡਾਰੀਆਂ ਨਾਲ ਜਾਣ ਪਹਿਚਾਣ ਸ. ਸੁਖਦੇਵ ਸਿੰਘ ਲਿਬੜਾ ਐਮ.ਪੀ., ਸ. ਇਕਬਾਲ ਸਿੰਘ ਝੂੰਦਾਂ ਵਿਧਾਇਕ ਅਤੇ ਗੁਰਲਵਲੀਨ ਸਿੰਘ ਸਿੱਧੂ ਕਮਿਸ਼ਨਰ ਨਗਰ ਨਿਗਮ ਪਟਿਆਲਾ, ਨਰਿੰਦਰ ਪਾਲ ਸਿੰਘ ਸਿੱਧੂ ਡੀ.ਐਸ.ਪੀ. ਅਮਰਗੜ੍ਹ, ਸੁਖਦੇਵ ਸਿੰਘ ਬਰਾੜ ਰਿਟਾ. ਐਸ. ਐਸ. ਪੀ., ਜਸਵੰਤ ਸਿੰਘ ਗੱਜਣ ਮਾਜਰਾ ਤਾਰਾ ਫੀਡ, ਜਸਬੀਰ ਸਿੰਘ ਜੱਸੀ ਮੰਨਵੀ ਮੈਂਬਰ ਜਿ਼ਲਾ ਪ੍ਰੀਸ਼ਦ, ਭੀਮ ਸਿੰਘ ਤੋਲੇਵਾਲ ਯੂਥ ਆਗੂ ਹੁਰਾਂ ਕੀਤੀ। ਟੂਰਨਾਮੈਂਟ ਦੇ ਇਨਾਮਾਂ ਲਈ ਐਨ. ਆਰ. ਆਈ. ਸੱਜਣਾਂ ਸੁੱਖੀ ਘੁੰਮਣ ਅਮਰੀਕਾ, ਪ੍ਰਦੀਪ ਢਿੱਲੋਂ, ਹਰਮੀਤ ਢੀਂਡਸਾ, ਜਸਵਿੰਦਰ ਢੀਂਡਸਾ ਤੇ ਦਲੀਪ ਸਿੰਘ ਢੀਂਡਸਾ ਅਤੇ ਡਾ. ਜਗਤਾਰ ਸਿੰਘ ਲਾਂਗੜੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਦੀ ਰੈਵੇਨਿਉ ਪਟਵਾਰ ਯੁਨੀਅਨ ਮਲੇਰਕੋਟਲਾ ਵਲੋਂ ਵੀ 51 ਹਜ਼ਾਰ ਦਾ ਯੋਗਦਾਨ ਦਿੱਤਾ ਗਿਆ।
ਜਿਓਂ ਹੀ ਇਕ ਪਿੰਡ ਕਬੱਡੀ 70 ਕਿਲੋ ਦੇ ਮੈਚ ਨੇੜੇ ਲੱਗੇ ਤਾਂ ਇਕ ਪਿੰਡ ਓਪਨ ਦੀਆਂ ਟੀਮਾਂ ਦੇ ਮੁਕਾਬਲੇ ਸ਼ੁਰੂ ਹੋਏ ਜਿਸ ਵਿਚ ਤੀਜੇ ਗੇੜ ਵਿਚ ਠੀਕਰੀਵਾਲ ਨੇ ਖੇੜੀ ਚਹਿਲਾਂ ਨੂੰ ਅਤੇ ਬਰੜਵਾਲ ਨੇ ਤਖਤੂਪੁਰਾ ਨੂੰ, ਲਸਾੜਾ ਗਿੱਲ ਨੇ ਮੰਡੀਆਂ ਨੂੰ ਅਤੇ ਚੌਂਦਾ ਨੇ ਕਰਮਜੀਤ ਕਲੱਬ ਰਾਮਾ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਪਰ ਇਨ੍ਹਾਂ ਵਿਚੋਂ ਇਲਾਕੇ ਦੀਆਂ ਦੋ ਸਿਰਕੱਢ ਟੀਮਾਂ ਲਸਾੜਾ ਤੇ ਮੰਡੀਆਂ ਦਾ ਜਦੋਂ ਮੈਚ ਹੋਇਆ ਤਾਂ ਦਰਸ਼ਕਾਂ ਨੇ ਜਿਵੇਂ ਸਾਹ ਹੀ ਸੂਤ ਲਏ ਹੋਣ। ਦੋਵੇਂ ਟੀਮਾਂ ਵਿਚ ਆਏ ਅੰਤਰਰਾਸ਼ਟਰੀ ਖਿਡਾਰੀਆਂ ਨੇ ਦਰਸ਼ਕਾਂ ਦੀ ਦਿਲਚਸਪੀ ਹੋਰ ਵੀ ਵਧਾ ਦਿੱਤੀ। ਮੰਡੀਆਂ ਵਲੋਂ ਗੁਰਮੀਤ ਮੰਡੀਆਂ, ਬੁੱਧੂ ਰਾਮਗੜ ਅਤੇ ਨਾਥ ਸੀਹਾਂਦੌਦ ਧਾਵੀ ਅਤੇ ਹਰਵਿੰਦਰ ਰੱਬੋਂ, ਲਾਡੀ ਮੰਡੀਆਂ, ਲਾਲਾ ਸਗੈਣ ਅਤੇ ਤੇਜਪਾਲ ਤੇ ਗੁਰਪ੍ਰੀਤ ਬਤੌਰ ਜਾਫੀ ਤਿਆਰ ਖੜੇ ਸਨ ਜਦਕਿ ਲਸਾੜਾ ਵਲੋਂ ਗੁਰਜਿੰਦਰ ਗਿਆਨੀ, ਬੱਬੂ ਲਸਾੜਾ, ਕੁਲਜੀਤ ਅਤੇ ਗੱਗੀ ਜਰਗੜੀ ਧਾਵੀ ਅਤੇ ਮੱਖਣ ਲਸਾੜਾ, ਨੋਨਾ ਭੈਣੀ ਬੜਿੰਗ, ਗੁਰਮੀਤ ਲਸਾੜਾ,ਮਨਜਿੰਦਰ ਲਸਾੜਾ, ਕਰਮਜੀਤ ਲਸਾੜਾ ਤੇ ਸਿ਼ੰਗਾਰਾ ਹੋਲ ਅੱਜ ਲਾਂਗੜੀਆਂ ਦਾ 51 ਹਜਾਰੀ ਕੱਪ ਚੁੱਕਣ ਲਈ ਆਹਮੋ-ਸਾਹਮਣੇ ਸੀ। ਮਾਇਕ ‘ਤੇ ਮੱਖਣ ਅਲੀ ਨੇ ਵੀ ਆਪਣੀ ਦਮਦਾਰ ਆਵਾਜ ਰਾਹੀਂ ਕਬੱਡੀ ਦੀ ਸੇ਼ਅਰੋ ਸ਼ਾਇਰੀ ਵਿਚ ਗੁੰਦੇ ਲਫ਼ਜਾਂ ਨਾਲ ਮਲਵਈ ਦਰਸ਼ਕਾਂ ਦਾ ਮਨ ਮੋਹ ਲਿਆ ਸੀ।
ਲਸਾੜਾ ਵਲੋਂ ਗੁਰਜਿੰਦਰ ਗਿਆਨੀ ਨੂੰ ਦੂਜੀ ਅਤੇ ਬੱਬੂ ਲਸਾੜਾ ਨੂੰ ਚੌਥੀ ਕਬੱਡੀ ਜਾਫੀ ਲਾਡੀ ਮੰਡੀਆਂ ਨੇ ਇਕ-ਇਕ ਜੱਫਾ ਲਾ ਕੇ ਮੁੜਨ ਨਹੀਂ ਦਿੱਤਾ ਬਦਲਵੇ ਖਿਡਾਰੀ ਵਜੋਂ ਤੀਜੇ ਧਾਵੀ ਗੱਗੀ ਨੂੰ ਵੀ ਜਾਫੀ ਹਰਵਿੰਦਰ ਰੱਬੋਂ ਨੇ ਦੂਜੀ ਕਬੱਡੀ ਫੜ ਲਿਆ। ਦੂਜੇ ਪਾਸੇ ਮੰਡੀਆਂ ਦਾ ਧਾਵੀ ਗੁਰਮੀਤ ਮੰਡੀਆਂ ਲਗਾਤਾਰ 4 ਕਬੱਡੀਆਂ ਜਾਫੀ ਕਰਮਜੀਤ ਲਸਾੜਾ ਤੇ ਨੋਨਾ ਭੈਣੀ ਦੇ ਹੱਥਾਂ ਵਿਚੋਂ ਨਿਕਲਦਾ ਰਿਹਾ। ਬੁੱਧੂ ਰਾਮਗੜ ਵੀ 3 ਸਫਲ ਕਬੱਡੀਆਂ ਪਾ ਗਿਆ। ਮੰਡੀਆਂ ਦੀ ਟੀਮ 3 ਜੱਫਿਆਂ ਦੇ ਫਰਕ ਨਾਲ 6 ਅੰਕਾਂ ਨਾਲ ਅੱਗੇ ਸੀ। ਗਿਣਤੀ ਦੀਆਂ 20-20 ਕਬੱਡੀਆਂ ਦੇ ਇਸ ਮੈਚ ਵਿਚ ਹੁਣ ਲਸਾੜਾ ਦੇ ਖਿਡਾਰੀਆਂ ਲਈ ਹਾਲਤ ਕਰੋ ਜਾਂ ਮਰੋ ਵਾਲੀ ਬਣ ਗਈ ਸੀ। ਹਰ ਅੰਕ ‘ਤੇ ਲਗਦੇ ਸੈਂਕੜੇ- ਹਜਾਰਾਂ ਨੋਟਾਂ ਸਦਕਾ ਵੀ ਖਿਡਾਰੀ ਗਰਮੀ ਵਿਚ ਆਏ ਹੋਏ ਸੀ। ਅਗਲੀ ਕਬੱਡੀ ਮੰਡੀਆਂ ਦੇ ਧਾਵੀ ਗੁਰਮੀਤ ਨੇ ਕਬੱਡੀ ਪਾਈ, ਉਹ ਜਿਉਂ ਹੀ ਨੂੰ ਜਾਫੀ ਨੋਨਾ ਨੂੰ ਹੱਥ ਲਾ ਕੇ ਭੱਜਿਆ ਤਾਂ ਜਾਫੀ ਨੋਨਾ ਭੈਣੀ ਨੇ ਜੋਰਦਾਰ ਧੱਕਾ ਮਾਰ ਕੇ ਉਸਨੂੰ ਵਿਚਕਾਰਲੀ ਲਾਈਨ ਟਪਾ ਕੇ ਜੱਫੇ ਦਾ ਪਹਿਲਾ ਅੰਕ ਆਪਣੀ ਟੀਮ ਦੇ ਖਾਤੇ ਵਿਚ ਜੋੜਿਆ ਤਾਂ ਦਰਸ਼ਕਾਂ ਵਿਚ ਹਲਚਲ ਮੱਚ ਗਈ। ਗੁਰਮੀਤ ਨੂੰ ਅਗਲੀ ਹੀ ਕਬੱਡੀ ਕਰਮਜੀਤ ਨੇ ਵੀ ਹੰਦਿਆਂ ਕੋਲ ਢਾਹ ਕੇ ਆਪਣੀ ਜੱਫਾ ਲਾਉਣ ਵਾਲੀ ਅੜੀ ਪੁਗਾ ਦਿੱਤੀ। ਧਾਵੀ ਬੁੱਧੂ ਰਾਮਗੜ ਨੂੰ ਵੀ ਗੁਰਮੀਤ ਲਸਾੜਾ ਤੇ ਨੋਨਾ ਭੈਣੀ ਨੇ ਇਕ-ਇਕ ਜੱਫਾ ਲਾ ਕੇ ਮੈਚ ਨੂੰ ਯੂ ਟਰਨ ਮੋੜ ਦੇ ਦਿੱਤਾ। ਇੰਝ ਲਗਦਾ ਸੀ ਜਿਵੇਂ ਦਿਨ ਦੀ ਤੇਜ ਧੁੱਪ ਨਾਲੋਂ ਜੱਫਿਆਂ ਦੀ ਤਪਸ਼ ਵਧ ਗਈ ਹੋਵੇ। ਹੁਣ ਲਸਾੜਾ ਦੇ ਧਾਵੀਆਂ ਨੇ ਹੌਸਲੇ ਵਿਚ ਆ ਕੇ ਬੇਰੋਕ ਕਬੱਡੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਮੰਡੀਆਂ ਵਲੋਂ ਜਾਫ ਲਾਈਨ ਵਿਚ ਖੜ੍ਹੇ ਤੇਜਪਾਲ ਮੰਡੀਆਂ ਨੂੰ ਜਦੋਂ ਬਦਲਵੇਂ ਧਾਵੀ ਵਜੋਂ ਕਬੱਡੀ ਪਾਉਣ ਭੇਜਿਆ ਤਾਂ ਉਸਨੂੰ ਦੋਵੈ ਕਬੱਡੀਆਂ ਜਾਫੀ ਗੁਰਮੀਤ ਤੇ ਮਨਜਿੰਦਰ ਲਸਾੜਾ ਨੇ ਫੜ ਲਿਆ। ਅਤੇ ਚੌਥੇ ਧਾਵੀ ਜਸ਼ਨ ਨੂੰ ਵੀ ਦੋਵੈ ਵਾਰ ਜਾਫੀ ਸਿ਼ਗਾਰਾ ਹੋਲ ਜੱਫੇ ਲਾ ਗਿਆ। ਇਸ ਤਰ੍ਹਾਂ ਲਸਾੜਾ ਨੇ ਇਹ ਅਹਿਮ ਮੈਚ 10 ਦੇ ਮੁਕਾਬਲੇ 20 ਅੰਕਾਂ ਨਾਲ ਜਿੱਤ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।
ਉਕਤ ਮੈਚ ਹੀ ਟੂਰਨਾਮੈਂਟ ਦਾ ਸਭ ਤੋਂ ਖੜਕਵਾਂ ਮੈਚ ਸੀ । ਇਸ ਤੋਂ ਬਾਅਦ ਵਿਚ ਇਕ ਹੋਰ ਉਲਟ ਫੇਰ ਵਾਪਰਿਆ। ਕੱਪ ਦੀ ਦਾਅਵੇਦਾਰ ਟੀਮ ਲਸਾੜਾ ਨੂੰ ਸੈਮੀਫਾਈਨਲ ਵਿਚ ਠੀਕਰੀਵਾਲ ਨੇ ਹਰਾ ਦਿੱਤਾ। ਇਸ ਮੈਚ ਵਿਚ ਬੱਬੂ ਤੇ ਗਿਆਨੀ ਲਸਾੜਾ ਨੂੰ ਲੱਗਿਆ ਇਕ ਇੱਕ ਜੱਫਾ ਹੀ ਲਸਾੜਾ ਨੂੰ ਕੱਪ ਦੀ ਦੌੜ ਵਿਚੋਂ ਬਾਹਰ ਕਰ ਗਿਆ। ਪਹਿਲੇ ਮੈਚ ਵਿਚ ਮੰਡੀਆਂ ਦੀ ਟੀਮ ਨੂੰ ਕੁੱਟ ਕੇ ਜਿੱਤਣ ਵਾਲੀ ਟੀਮ ਲਸਾੜਾ ਦੇ ਠੀਕਰੀਵਾਲ ਹੱਥੋਂ ਹਾਰ ਜਾਣ ‘ਤੇ ਦਰਸ਼ਕ ਵੀ ਹੈਰਾਨ ਸਨ। ਦੂਜੇ ਸੈਮੀਫਾਈਨਲ ਵਿਚ ਬਰੜਵਾਲ ਦੇ ਮੁਕਾਬਲੇ ਚੌਦਾਂ ਦੀ ਟੀਮ ਮੈਦਾਨ ਵਿਚ ਹੀ ਨਹੀਂ ਆਈ। ਕਾਫੀ ਰੌਲੇ ਰੱਪੇ ਤੇ ਘੱਟ ਰੌਸ਼ਨੀ ਵਿਚ ਹੋਏ ਫਾਈਨਲ ਮੈਚ ਵਿਚ ਅਜੇ 5-5 ਕਬੱਡੀਆਂ ਹੀ ਪਈਆਂ ਸਨ ਕਿ ਠੀਕਰੀਵਾਲ ਦੇ ਖਿਡਾਰੀ ਬਬਲੀ ਨੂੰ ਕਰਮੀ ਬਰੜਵਾਲ ਦਾ ਜੱਫਾ ਲੱਗਣ ਸਾਰ ਹੀ ਮੈਚ ਸਮਾਪਤੀ ਦੀ ਵਿਸਲ ਵਜਾ ਦਿੱਤੀ ਗਈ। ਇਸ ਤਰਾਂ ਬਰੜਵਾਲ ਨੇ 51 ਹਜਾਰ ਦਾ ਪਹਿਲਾ ਅਤੇ ਠੀਕਰੀ ਵਾਲ ਨੇ 41 ਹਜਾਰ ਦਾ ਦੂਜਾ ਇਨਾਮ ਜਿੱਤਿਆ। ਕਬੱਡੀ 70 ਕਿਲੋ ਵਿਚ ਬਾਠਾਂ ਨੇ ਬਾਲੇਵਾਲ ਨੂੰ ਹਰਾਇਆ। ਕਲੱਬ ਪ੍ਰਬੰਧਕਾਂ ਹਰਕਮਲਪ੍ਰੀਤ ਸਿੰਘ ਪ੍ਰਧਾਨ, ਅਮਰਿੰਦਰ ਸਿੰਘ ਤੇ ਹਰਵੀਰ ਸਿੰਘ ਪਟਵਾਰੀ ਸਰਪ੍ਰਸਤ, ਜਗਦੀਪ ਸਿੰਘ ਵਾਈਸ ਪ੍ਰਧਾਨ, ਮਨਜਿੰਦਰ ਸਿੰਘ ਜਨਰਲ ਸਕੱਤਰ, ਗੁਰਵਿੰਦਰ ਸਿੰਘ ਖਜਾਨਚੀ, ਮਨਜਿੰਦਰ ਮਿੱਠੂ ਪ੍ਰੈਸ ਸਕੱਤਰ, ਗੋਬਿੰਦਰ ਸਿੰਘ ਪ੍ਰਚਾਰ ਸਕੱਤਰ ਅਤੇ ਗਗਨਦੀਪ ਸਿੰਘ ਸਲਾਹਕਾਰ ਨੇ ਅੰਤਰਾਸ਼ਟਰੀ ਖਿਡਾਰੀ ਗੁਰਲਾਲ ਘਨੌਰ, ਸ਼ੀਰਾ ਪਿੱਥੋਂ ਅਤੇ ਬੀਰਾਂ ਬਾਠਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੁਮੈਂਟੇਟਰ ਕ੍ਰਿਸ਼ਨ ਨੂੰ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਵਿਚ ਅੰਪਾਇਰਿੰਗ ਦੀ ਡਿਊਟੀ ਜਿੰਦਰ ਲਸਾੜਾ, ਪਵਿੱਤਰ ਭੱਟੀ ਕੋਹਾੜਾ, ਪੰਮਾ ਬੁਆਣੀ , ਬਲਬੀਰ ਤੇ ਅਵਤਾਰ ਤੋਲੇਵਾਲ ਨੇ ਨਿਭਾਈ। ਮੈਚਾਂ ਦੌਰਾਨ ਕੁਮੈਂਟਰੀ ਪ੍ਰਸਿੱਧ ਬੁਲਾਰੇ ਮੱਖਣ ਅਲੀ, ਹਰਜੋਧ ਸਿਹੋੜਾ, ਗੁਰਪ੍ਰੀਤ ਤੇ ਕ੍ਰਿਸ਼ਨ ਨੇ ਨਿਭਾਈ। ਦਰਸ਼ਕਾਂ ਦਾ ਵਿਸ਼ਾਲ ਇਕੱਠ ਪ੍ਰਬੰਧਕਾਂ ਨੂੰ ਅਗਲਾ ਖੇਡ ਮੇਲਾ ਹੋਰ ਵਧ ਚੜ੍ਹ ਕੇ ਕਰਵਾਉਣ ਦਾ ਉਤਸ਼ਾਹ ਦੇ ਗਿਆ।
kabbadi cup