ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਖੇਤਰੀ ਕੇਂਦਰ ਗੁਰਦਾਸਪੁਰ ਵਿਖੇ ਕਰਵਾਏ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ਲੰਗਾਹ ਨੇ ਕਿਹਾ ਹੈ ਕਿ ਅਗਲੀਆਂ ਪੁਸ਼ਤਾਂ ਨੂੰ ਬਚਾਉਣ ਖਾਤਰ ਧਰਤੀ, ਪਾਣੀ, ਹਵਾ ਨੂੰ ਸੰਭਾਲਣਾ ਜ਼ਰੂਰੀ ਹੈ। ਸ: ਲੰਗਾਹ ਨੇ ਕਿਹਾ ਕਿ ਦਿਨੋਂ ਦਿਨ ਲਾਪ੍ਰਵਾਹੀ ਕਰਨ ਕਰਕੇ ਸਾਡੀ ਧਰਤੀ, ਪਾਣੀ ਅਤੇ ਪੌਣ ਪਲੀਤ ਹੋ ਰਹੀ ਹੈ। ਜੇਕਰ ਅਸੀਂ ਕੀਟਨਾਸ਼ਕ ਜ਼ਹਿਰਾਂ, ਖਾਦਾਂ ਅਤੇ ਹੋਰ ਫ਼ਸਲ ਸੁਰੱਖਿਆ ਲਈ ਕੀਟਨਾਸ਼ਕ ਜ਼ਹਿਰਾਂ ਦੀ ਅੰਧਾਧੁੰਦ ਵਰਤੋਂ ਕਰਦੇ ਰਹੇ ਤਾਂ ਇਹ ਮਨੁੱਖਤਾ ਲਈ ਘਾਤਕ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਵਿਸ਼ਵ ਭਰ ਵਿੱਚ ਜ਼ਹਿਰ ਮੁਕਤ ਖੇਤੀ ਵੱਲ ਧਿਆਨ ਕੇਂਦਰਿਤ ਹੋ ਰਿਹਾ ਹੈ।
ਜਲ ਸੋਮਿਆਂ ਦੇ ਪਲੀਤ ਹੋਣ ਸੰਬੰਧੀ ਸ: ਲੰਗਾਹ ਨੇ ਆਖਿਆ ਕਿ ਸਾਡੇ ਪੰਜਾਬ ਦਾ ਪਾਣੀ ਕਦੇ ਬਿਨਾਂ ਪੁਣਿਆਂ ਪੀਣਯੋਗ ਹੁੰਦਾ ਸੀ ਪਰ ਅੱਜ ਸਾਨੂੰ ਆਪਣੇ ਪਾਣੀਆਂ ਤੇ ਵੀ ਵਿਸ਼ਵਾਸ ਨਹੀਂ ਰਿਹਾ ਅਤੇ ਬੋਤਲਬੰਦ ਪਾਣੀ ਪੰਜਾਬ ਦੀ ਹਰ ਮੰਡੀ ਵਿੱਚ ਵਿਕਦਾ ਹੈ। ਉਨ੍ਹਾਂ ਆਖਿਆ ਕਿ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਕਾਰਨ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਪੈਰ ਪਸਾਰ ਰਹੀਆਂ ਹਨ। ਸ: ਲੰਗਾਹ ਨੇ ਆਖਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਖੇਤੀਬਾੜੀ ਵਾਲੀ ਵਿਹਾਰਕ ਜ਼ਿੰਦਗੀ ਨਾਲੋਂ ਤੋੜ ਰਹੇ ਹਾਂ ਅਤੇ ਉਸੇ ਕਾਰਨ ਹੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਛੋਟੇ ਕਿਸਾਨਾਂ ਨੂੰ ਸਬਜ਼ੀਆਂ ਦੀ ਨੈਟ ਹਾਊਸ ਟੈਕਨਾਲੋਜੀ ਰਾਹੀਂ ਖੇਤੀ, ਮਿਰਚਾਂ, ਹਲਦੀ, ਮਧੂ ਮੱਖੀ ਪਾਲਣ, ਮੱਛੀ ਪਾਲਣ , ਬੱਕਰੀ ਪਾਲਣ ਅਤੇ ਡੇਅਰੀ ਫਾਰਮਿੰਗ ਵੱਲ ਪਰਤਣ ਦੀ ਸਲਾਹ ਦਿੰਦਿਆਂ ਆਖਿਆ ਕਿ ਉਹ ਪੰਜਾਬ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਬਾਰੇ ਵੀ ਖੇਤੀਬਾੜੀ ਮਹਿਕਮੇ ਤੋਂ ਗਿਆਨ ਹਾਸਿਲ ਕਰਨ। ਸ: ਲੰਗਾਹ ਨੇ ਕਿਸਾਨਾਂ ਨੂੰ ਆਖਿਆ ਕਿ ਕਿਤਾਬਾਂ ਨਾਲ ਵੀ ਦੋਸਤੀ ਵਧਾਉ ਕਿਉਂਕਿ ਗਿਆਨ ਨਾਲ ਹੀ ਦੁਨੀਆਂ ਦੀ ਹਰ ਪ੍ਰਾਪਤੀ ਯਕੀਨੀ ਬਣਾਈ ਜਾ ਸਕਦੀ ਹੈ।
ਕਿਸਾਨ ਮੇਲੇ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਵਾਈਸ ਚਾਂਸਲਰ ਡਾ:ਬਲਦੇਵ ਸਿੰਘ ਢਿਲੋਂ ਨੇ ਅਖਿਆ ਕਿ ਗੁਰਦਾਸਪੁਰ ਦਾ ਖੇਤੀ ਖੋਜ ਕੇਂਦਰ ਪਿਛਲੇ 100 ਸਾਲ ਤੋਂ ਖੇਤੀਬਾੜੀ ਵਿਕਾਸ ਲਈ ਯਤਨਸ਼ੀਲ ਹੈ। ਡਾ: ਢਿੱਲੋਂ ਨੇ ਆਖਿਆ ਕਿ ਖੁਦ ਕਿਸਾਨਾਂ ਦੇ ਤਜਰਬਿਆਂ ਤੋਂ ਜਾਣੂੰ ਹੋਣ ਅਤੇ ਵਿਗਿਆਨੀਆਂ ਦੇ ਖੋਜ ਤਜਰਿਬਆਂ ਨੂੰ ਕਿਸਾਨਾਂ ਨਾਲ ਸਾਂਝੇ ਕਰਨ ਦੇ ਮਨੋਰਥ ਲਈ ਕਿਸਾਨ ਮੇਲੇ ਲਾਉਣ ਵਿੱਚ ਇਸ ਯੂਨੀਵਰਸਿਟੀ ਨੇ ਪੂਰੇ ਦੇਸ਼ ਅੰਦਰ ਸਾਲ 1967 ਵਿੱਚ ਪਹਿਲਾ ਕਿਸਾਨ ਮੇਲਾ ਲਗਾ ਕੇ ਪਹਿਲ ਕੀਤੀ। ਉਦੋਂ ਤੋਂ ਲੈ ਕੇ ਹੁਣ ਤੀਕ ਇਹ ਕਿਸਾਨ ਮੇਲੇ ਖੇਤੀਬਾੜੀ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਆਖਿਆ ਕਿ ਦੇਸੀ ਰੂੜੀ, ਕੰਪੋਸਟ, ਹਰੀ ਖਾਦ ਅਤੇ ਸ¤ਠੀ ਮੂੰਗੀ ਬੀਜ ਕੇ ਧਰਤੀ ਦੀ ਸਿਹਤ ਸੰਵਾਰੀ ਜਾ ਸਕਦੀ ਹੈ। ਉਨ੍ਹਾਂ ਆਖਿਆ ਕਿ ਕੁਦਰਤੀ ਸੋਮੇ ਬਚਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਸ ਨਾਲ ਖੇਤੀ ਖਰਚੇ ਵੀ ਘਟਦੇ ਹਨ। ਉਨ੍ਹਾਂ ਆਖਿਆ ਕਿ ਖਾਦਾਂ ਅਤੇ ਜ਼ਹਿਰਾਂ ਦੀ ਸਿਫਾਰਸ਼ ਮਾਤਰਾ ਤੋਂ ਵੱਧ ਬੇਲੋੜੀ ਵਰਤੋਂ ਤੋਂ ਬਚਿਆ ਜਾ ਸਕਦਾ ਹੈ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਗਿਆਨ ਵਿਗਿਆਨ ਭਰਪੂਰ ਕਿਤਾਬਾਂ ਪੜ੍ਹਨ ਦੇ ਨਾਲ ਖੇਤੀ ਕਰੀਏ। ਉਨ੍ਹਾਂ ਆਖਿਆ ਕਿ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾ ਕੇ ਇਸ ਵਾਰ ਕੁਦਰਤੀ ਸੋਮੇ ਤਬਾਹ ਨਾ ਕਰਿਓ ਕਿਉਂਕਿ ਇਸ ਨਾਲ ਜਿਥੇ ਨਾਈਟਰੋਜਨ ਅਤੇ ਹੋਰ ਖੁਰਾਕੀ ਤੱਤਾਂ ਦਾ ਨੁਕਸਾਨ ਹੁੰਦਾ ਹੈ ਉਥੇ ਮਿੱਤਰ ਕੀੜੇ ਵੀ ਮਰਦੇ ਹਨ। ਡਾ: ਢਿਲੋਂ ਨੇ ਆਖਿਆ ਕਿ ਸਮਾਜਿਕ ਕੁਰਤੀਆਂ ਦੇ ਖਿਲਾਫ ਵੀ ਸਾਨੂੰ ਲਾਮਬੰਦ ਹੋਣਾ ਚਾਹੀਦਾ ਹੈ ਅਤੇ ਫੋਕੇ ਅਭਿਮਾਨ ਦੀ ਥਾਂ ਆਤਮ ਸਨਮਾਨ ਲਈ ਧਰਤੀ ਦੇ ਸਵੈ ਮਾਣ ਦੀ ਰਾਖੀ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜੇਕਰ ਅਸੀਂ ਵੱਖ ਵੱਖ ਫਸਲਾਂ, ਸ਼ਹਿਦ ਪੈਦਾ ਕਰਨ, ਖੁੰਭਾਂ ਉਗਾਉਣ , ਮੱਛੀ ਪਾਲਣ ਆਦਿ ਵਿੱਚ ਦੇਸ਼ ਵਿੱਚ ਸਰਵੋਤਮ ਹਾਂ ਤਾਂ ਅਨੁਸਾਸ਼ਨ ਵਿੱਚ ਸਭ ਤੋਂ ਪਿਛੇ ਕਿਉਂ ਹਾਂ।
ਗੁਰਦਾਸਪੁਰ ਜ਼ਿਲ੍ਹੇ ਡਿਪਟੀ ਕਮਿਸ਼ਨਰ ਸ: ਮਹਿੰਦਰ ਸਿੰਘ ਕੈਂਥ ਆਈ ਏ ਐਸ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਹੱਥੀਂ ਕਿਰਤ ਕਰਨ ਨਾਲ ਹਰ ਕੰਮ ਸਫਲ ਹੁੰਦਾ ਹੈ ਅਤੇ ਇਹ ਗੱਲ ਕਿਸਾਨੀ ਕਿੱਤੇ ਨਾਲ ਵਧੇਰੇ ਢੁਕਦੀ ਹੈ । ਸ: ਕੈਂਥ ਨੇ ਇਸ ਮੌਕੇ ਪੰਜਾਬ ਸਰਕਾਰ ਦੀਆਂ ਖੇਤੀਬਾੜੀ ਵਿਕਾਸ ਸਕੀਮਾਂ ਬਾਰੇ ਜਾਣਕਾਰੀ ਦਿੱਤੀ ।ਇਸ ਮੌਕੇ ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ ਡਾ: ਬਲਦੇਵ ਸਿੰਘ ਬੋਪਾਰਾਏ, ਡਾ: ਹਰਦੇਵ ਸਿੰਘ ਰਿਆੜ ਹਾਜ਼ਰ ਹੋਏ । ਮੁੱਖ ਮਹਿਮਾਨ ਵਲੋਂ ਯੂਨੀਵਰਿਸਟੀ ਦੀਆਂ ਪ੍ਰਕਾਸ਼ਨਾਵਾਂ ਲੋਕ ਅਰਪਣ ਕੀਤੀਆਂ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵੀਰਮ ਦੇ ਸਰਪੰਚ ਸ: ਅਮਰਜੀਤ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕਾਰਜਵਾਹਕ ਨਿਰਦੇਸ਼ਕ ਖੋਜ ਅਤੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਇਸ ਮੌਕੇ ਆਖਿਆ ਕਿ ਇਸ ਵਾਰ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ 621 ਪੀਲੀ ਭੂਰੀ ਕੁੰਗੀ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ 158 ਦਿਨਾਂ ਵਿੱਚ ਪੱਕ ਕੇ 21.1 ਕੁਇੰਟਲ ਝਾੜ ਪ੍ਰਤੀ ਏਕੜ ਦਿੰਤੀ ਹੈ। ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਪਸਾਰ ਸਿਖਿਆ ਡਾ: ਹਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਅ¤ਜ ਦੀ ਖੇਤੀ, ਵਿਗਿਆਨ ਦੇ ਗਿਆਨ ਤੋਂ ਬਿਨਾ ਅਧੂਰੀ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਖੇਤੀ ਨੂੰ ਵਪਾਰਕ ਲੀਹਾਂ ਤੇ ਤੋਰਨ ਲਈ ਹਰ ਕਦਮ ਖੇਤੀ ਵਿਗਿਆਨੀਆਂ ਦੀ ਸਲਾਹ ਨਾਲ ਹੀ ਰੱਖਣ।
ਤਕਨੀਕੀ ਸੈਸ਼ਨ ਦੌਰਾਨ ਵੱਖ ਵੱਖ ਵਿਸ਼ਾ ਮਾਹਿਰਾਂ ਡਾ: ਸੁਰਜੀਤ ਸਿੰਘ, (ਫਸਲ ਵਿਗਿਆਨ), ਡਾ: ਐਸ.ਪੀ.ਐਸ.ਬਰਾੜ (ਫਸਲਾਂ ਦੀਆਂ ਕਿਸਮਾਂ), ਡਾ: ਮਹੇਸ਼ ਨਾਰੰਗ (ਖੇਤੀ ਮਸ਼ੀਨਰੀ) ਡਾ: ਜਗਦੇਵ ਸਿੰਘ ਕੁਲਾਰ (ਕੀੜੇ ਮਕੌੜੇ), ਡਾ: ਚੰਦਰ ਮੋਹਨ (ਫ਼ਸਲਾਂ ਦੀਆਂ ਬਿਮਾਰੀਆਂ) ਡਾ: ਗੁਰਬਖਸ਼ ਸਿੰਘ ਕਾਹਲੋਂ (ਬਾਗਬਾਨੀ) ਅਤੇ ਡਾ: ਦਵਿੰਦਰ ਜੀਤ ਸਿੰਘ ਬੈਨੀਪਾਲ (ਭੂਮੀ ਵਿਗਿਆਨ) ਨੇ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ। ਮੰਚ ਦਾ ਸੰਚਾਲਨ ਡਾ: ਨਿਰਮਲ ਜੌੜਾ ਨੇ ਕੀਤਾ । ਖੇਤੀਬਾੜੀ ਸੰਸਥਾ ਦੇ ਵਿਦਿਆਰਥੀਆਂ ਵਲੋ ਦਿਲਚਸਪ ਪੰਜਾਬੀ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਯੂਨੀਵਰਸਿਟੀ ਦੇ ਖੇਤਰੀ ਕੇਂਦਰ ਗੁਰਦਾਸਪੁਰ ਦੇ ਨਿਰਦੇਸ਼ਕ ਡਾ: ਪਰਮਜੀਤ ਸਿੰਘ ਬੱਗਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਤੀਬਾੜੀ ਖੋਜ ਵਿੱਚ ਇਸ ਸੰਸਥਾ ਨੇ ਅਹਿਮ ਯੋਗਦਾਨ ਪਾਇਆ ਹੈ ਅਤੇ ਇਲਾਕੇ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋਇਆ ਹੈ।