ਚੰਡੀਗੜ੍ਹ- ਪੰਜਾਬੀ ਦੇ ਮੰਨੇ ਪ੍ਰਮੰਨੇ ਨਾਟਕਕਾਰ ਅਤੇ ਥਿਏਟਰ ਕਲਾਕਾਰ ਡਾ: ਗੁਰਸ਼ਰਨ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਚੰਡੀਗੜ੍ਹ ਵਿੱਚ ਹੀ ਬੁੱਧਵਾਰ ਦੁਪਹਿਰ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਥਿਏਟਰ ਅਤੇ ਸਾਹਿਤ ਜਗਤ ਦੀਆਂ ਵੱਡੀਆਂ ਸ਼ਖਸੀਅਤਾਂ ਮੌਜੂਦ ਸਨ। ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਇਸ ਨੂੰ ਰਾਜ ਲਈ ਨਾਂ ਪੂਰਾ ਹੋਣ ਵਾਲਾ ਘਾਟਾ ਦਸਿਆ।
ਡਾ: ਗੁਰਸ਼ਰਨ ਸਿੰਘ ਦਾ ਜਨਮ 1929 ਵਿੱਚ ਹੋਇਆ ਸੀ। ਉਨ੍ਹਾਂ ਨੇ ਭਾਖੜਾ ਨੰਗਲ ਡੈਮ ਦੇ ਨਿਰਮਾਣ ਸਮੇਂ ਇੰਜੀਨੀਅਰ ਦੇ ਤੌਰ ਤੇ ਕੰਮ ਕੀਤਾ ਸੀ। ਭਾਖੜਾ ਬੰਨ੍ਹ ਤੇ ਕੰਮ ਕਰਦਿਆਂ ਉਨ੍ਹਾਂ ਦੀ ਜਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ ਅਤੇ ਉਨ੍ਹਾਂ ਨੇ ਮਜ਼ਦੂਰਾਂ ਦੇ ਹੱਕਾਂ ਲਈ ਨਾਟਕ ਲਿਖੇ। ਪੰਜਾਬੀ ਨਾਟਕ ਲੇਖਕ ਅਤੇ ਨੁਕੜ ਨਾਟਕ ਨਿਰਦੇਸ਼ਕ ਨੂੰ ਲੋਕ ‘ਗੁਰਸ਼ਰਨ ਭਾਜੀ’ ਦੇ ਨਾਂ ਨਾਲ ਬੁਲਾਉਂਦੇ ਸਨ। ਉਨ੍ਹਾਂ ਦੁਆਰਾ ਰਚਿਆ ਗਿਆ ਕਰੈਕਟਰ ‘ਭਾਈ ਮੰਨਾ ਸਿੰਘ’ ਬਹੁਤ ਪ੍ਰਸਿੱਧ ਹੋਇਆ ਸੀ।