ਬੀਜਿੰਗ- ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਚੀਨ ਨੂੰ ਅਪੀਲ ਕੀਤੀ ਸੀ ਕਿ ਚੀਨ ਤਿਬਤੀਆਂ ਦੇ ਅਧਿਕਾਰਾਂ ਦਾ ਸਨਮਾਨ ਕਰੇ। ਚੀਨ ਨੇ ਇਸ ਦੇ ਜਵਾਬ ਵਿੱਚ ਅਮਰੀਕਾ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਉਸ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਅੰਦਾਜ਼ੀ ਨਾਂ ਕਰੇ। ਅਮਰੀਕਾ ਨੇ ਇਹ ਅਪੀਲ ਦੋ ਬੋਧੀ ਭਿਕਸ਼ੂਆਂ ਵਲੋਂ ਧਾਰਮਿਕ ਆਜ਼ਾਦੀ ਨਾਂ ਮਿਲਣ ਕਰਕੇ ਆਤਮਦਾਹ ਕਰ ਲੈਣ ਕਰਕੇ ਦਿੱਤੀ ਸੀ।
ਸਿਚੂਆਨ ਸੂਬੇ ਵਿੱਚ ਆਤਮਦਾਹ ਦੀ ਇਹ ਘਟਨਾ ਵਾਪਰੀ ਸੀ। ਇਸ ਘਟਨਾ ਵਿੱਚ ਦੋਵੇਂ ਭਿਕਸ਼ੂ ਸੜ ਗਏ ਸਨ ਪਰ ਉਨ੍ਹਾਂ ਦੀ ਜਾਨ ਬੱਚ ਗਈ ਹੈ। ਚੀਨ ਸਰਕਾਰ ਦੇ ਵਿਰੁੱਧ ਉਥੇ ਪਿੱਛਲੇ ਦਿਨੀ ਕੁਝ ਰੋਸ ਮੁਜਾਹਿਰੇ ਵੀ ਹੋਏ ਸਨ। ਅਮਰੀਕਾ ਨੇ ਇਨ੍ਹਾਂ ਰੋਸ ਵਿਖਾਵਿਆਂ ਤੇ ਚਿੰਤਾ ਪ੍ਰਗਟ ਕੀਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਚੀਨ ਨੂੰ ਤਿਬਤੀਆਂ ਦੀ ਸੰਸਕਰਿਤੀ,ਭਾਸ਼ਾ ਅਤੇ ਧਾਰਮਿਕ ਹਿਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਚੀਨ ਦੀਆਂ ਕੁਝ ਨੀਤੀਆਂ ਨਾਲ ਤਿਬਤ ਵਿੱਚ ਤਣਾਅ ਦਾ ਮਹੌਲ ਪੈਦਾ ਹੁੰਦਾ ਹੈ।ਅਮਰੀਕਾ ਨੇ ਪੱਤਰਕਾਰਾਂ ਅਤੇ ਕੂਟਨੀਤਕਾਂ ਨੂੰ ਤਿਬਤ ਦਾ ਦੌਰਾ ਕਰਨ ਦੀ ਅਪੀਲ ਵੀ ਕੀਤੀ ਸੀ।
ਚੀਨ ਨੇ ਅਮਰੀਕਾ ਵਲੋਂ ਲਗਾਏ ਗਏ ਸਾਰੇ ਅਰੋਪਾਂ ਦਾ ਖੰਡਨ ਕੀਤਾ ਹੈ। ਚੀਨ ਦਾ ਕਹਿਣਾ ਹੈ ਕਿ ਇੱਥੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਦੇ ਪੂਰੇ ਪ੍ਰਬੰਧ ਹਨ।