ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਰਬਾਨੀ ਦੀ ਹੱਤਿਆ ਨੂੰ ਲੈ ਕੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਕੁਝ ਗਲਤ ਫਹਿਮੀਆਂ ਹਨ। ਰਾਸ਼ਟਰਪਤੀ ਕਰਜ਼ਈ ਨੇ ਹਾਲ ਹੀ ਵਿੱਚ ਸ਼ਾਂਤੀ ਪ੍ਰੀਸ਼ਦ ਦੇ ਪ੍ਰਧਾਨ ਰਬਾਨੀ ਦੀ ਹੱਤਿਆ ਲਈ ਤਾਲਿਬਾਨ ਦੇ ਕਵੇਟਾ ਸ਼ੂਰਾ ਨੂੰ ਜਿੰਮੇਵਾਰ ਠਹਿਰਾਇਆ ਹੈ। ਇਸ ਅਤਵਾਦੀ ਸੰਗਠਨ ਦਾ ਮੁੱਖ ਅੱਡਾ ਪਾਕਿਸਤਾਨ ਦੇ ਕਵੇਟਾ ਖੇਤਰ ਵਿੱਚ ਹੈ।
ਪ੍ਰਧਾਨਮੰਤਰੀ ਗਿਲਾਨੀ ਨੇ ਕਿਹਾ ਕਿ ਰਾਸ਼ਟਰਪਤੀ ਕਰਜ਼ਈ ਸਾਡਾ ਭਰਾ ਅਤੇ ਦੋਸਤ ਹੈ। ਉਨ੍ਹਾਂ ਨਾਲ ਸਾਡੇ ਚੰਗੇ ਸਬੰਧ ਹਨ। ਇਸ ਹੱਤਿਆ ਦੀ ਜਾਂਚ ਪੜਤਾਲ ਲਈ ਪਾਕਿਸਤਾਨ ਹਰ ਤਰ੍ਹਾਂ ਦੀ ਸੁਰੱਖਿਆ ਅਤੇ ਖੁਫ਼ੀਆ ਮਦਦ ਮੁਹਈਆ ਕਰਵਾਉਣ ਲਈ ਤਿਆਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਰਜ਼ਈ ਸਾਡੇ ਤੇ ਸ਼ਕ ਨਹੀਂ ਕਰ ਸਕਦੇ। ਗਿਲਾਨੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਫ਼ਗਾਨਿਸਤਾਨ ਦੀ ਖੁਫ਼ੀਆ ਏਜੰਸੀ ਨੇ ਪਾਕਿਸਤਾਨ ਨੂੰ ਇਸ ਗੱਲ ਦੇ ਸਬੂਤ ਦਿੱਤੇ ਹਨ ਕਿ ਰਬਾਨੀ ਦੀ ਹੱਤਿਆ ਦੀ ਸਾਜਿਸ਼ ਕਵੇਟਾ ਦੇ ਬਾਹਰੀ ਇਲਾਕੇ ਵਿੱਚ ਰਚੀ ਗਈ ਸੀ, ਜਿਥੇ ਤਾਲਿਬਾਨ ਨੇਤਾਵਾਂ ਦਾ ਅੱਡਾ ਹੈ।