ਨਿਊਯਾਰਕ- ਸਥਾਨਕ ਪੁਲਿਸ ਨੇ ਵਾਲ ਸਟਰੀਟ ਤੇ ਸਰਕਾਰ ਵਿਰੁੱਧ ਰੋਸ ਮੁਜ਼ਾਹਿਰਾ ਕਰ ਰਹੇ 700 ਵਿਖਾਵਾਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਲੋਕ ਪਿੱਛਲੇ ਦੋ ਹਫ਼ਤਿਆਂ ਤੋਂ ਅਮਰੀਕੀ ਸਮਾਜ ਵਿੱਚ ਲੋਕਾਂ ਦੀ ਆਮਦਨ ਵਿੱਚ ਵੱਧ ਰਹੇ ਫਾਸਲੇ ਅਤੇ ਬੇਰੁਜ਼ਗਾਰੀ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਪੂੰਜੀਪਤੀਆਂ ਦੇ ਹਿਤਾਂ ਦਾ ਜਿਆਦਾ ਧਿਆਨ ਰੱਖ ਰਹੀ ਹੈ। ਇਸ ਨੂੰ ਪੂੰਜੀਵਾਦ ਦੇ ਵਿਰੋਧੀਆਂ ਦਾ ਗਠਬੰਧਨ ਵੀ ਕਿਹਾ ਜਾ ਰਿਹਾ ਹੈ।
ਨਿਊਯਾਰਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਖਾਵਾਕਾਰੀ ਬਰੁਕਲਿਨ ਬਰਿਜ਼ ਤੇ ਖੜ੍ਹੇ ਹੋ ਕੇ ਟਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਆਵਾਜਾਈ ਦੇ ਸਾਧਨਾਂ ਦੇ ਰਸਤਿਆਂ ਵਿੱਚ ਰੁਕਾਵਟਾਂ ਪਾਉਣ ਦੀ ਕੋਸਿ਼ਸ਼ ਕਰ ਰਹੇ ਸਨ। ਇਨ੍ਹਾਂ ਵਿਚੋਂ ਕਈਆਂ ਦੇ ਖਿਲਾਫ਼ ਗਲਤ ਵਿਹਾਰ ਕਰਨ ਤੇ ਪੁਲਿਸ ਦੇ ਕੰਮਾਂ ਵਿੱਚ ਵਿਘਨ ਪਾਉਣ ਦਾ ਮੁਕੱਦਮਾ ਚਲਾਇਆ ਜਾ ਸਕਦਾ ਹੈ। ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ਨਾਲ ਸਖ਼ਤ ਰਵਈਆ ਅਪਨਾਇਆ ਜਾ ਰਿਹਾ ਹੈ।ਪਿੱਛਲੇ ਹਫ਼ਤੇ ਪੁਲਿਸ ਵਲੋਂ ਲੋਕਾਂ ਤੇ ਪੇਪਰ ਸਪਰੇਅ ਵੀ ਕੀਤਾ ਗਿਆ ਸੀ, ਜਿਸ ਨਾਲ ਲੋਕਾਂ ਦਾ ਗੁਸਾ ਹੋਰ ਵੀ ਭੜਕ ਗਿਆ ਸੀ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਸੜਕ ਤੇ ਪਹਿਲਾਂ ਹੀ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਸਨ ਅਤੇ ਜਾਲ ਦੇ ਨਾਲ ਉਹ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਖੜ੍ਹੇ ਸਨ। ਕਈ ਹੋਰ ਮਜ਼ਦੂਰ ਸੰਗਠਨਾਂ ਨੇ ਵਿਖਾਵਾਕਾਰੀਆਂ ਨੂੰ ਸਮਰਥਨ ਦੇਣ ਦੀ ਘੋਸ਼ਣਾ ਕਰ ਦਿੱਤੀ ਹੈ।