ਨਾਨੀ

ਜਿਵੇਂ ਕਹਿੰਦੇ ਹੱਨ ਨਾ ਕਿ ਮੂਲ ਨਾਲੋਂ ਮੂਲ ਨਾਲੋਂ ਵਿਆਜ  ਪਿਆਰਾ ਹੁੰਦਾ ਹੈ,ਤਿਵੇਂ ਹੀ ਦਾਦੀ ਦਾ ਰਿਸ਼ਤਾ ਪੋਤੇ ਪੋਤਿਆਂ ਲਈ ਬੜਾ ਪਿਆਰ ਅਤੇ ਮੋਹ ਭਰਿਆ ਰਿਸ਼ਤਾ ਹੁੰਦਾ ਹੈ,  ,ਪੁੱਤਰ ਦੇ ਮੋਹ ਪਿਆਰ ਵਾਂਗ ਦਾਦੀ ਦਾ ਮੋਹ ਪਿਆਰ ਇਨ੍ਹਾਂ ਵਿਚ ਵੀ ਬਹੁਤ ਹੁੰਦਾ ਹੈ,ਦਾਦੀ ਦੀ ਗੋਦੀ ਵਿੱਚ ਬਿਤਾਇਆ ਹੋਇਆ ਬਚਪਣ ਉਮਰ ਭਰ ਬੜਾ ਯਾਦ ਆਉਂਦਾ ਹੈ ,ਤਿਵੇਂ ਹੀ ਨਾਨੀ ਦਾ ਰਿਸ਼ਤਾ ਵੀ ਦੋਹਤੇ ਦੋਹਤੀਆਂ ਲਈ ਬੜਾ ਮੋਹ ਭਰਿਆ ਹੁੰਦਾ ਹੈ ,ਆਖਿਰ ਨਾਨੀ ਦੀ ਧੀ ਦੀ ਆਗਮ ਜੁ ਹੋਈ ਜਿਸ ਨੂੰ ਵੇਖ ਕੇ ਨਾਨੀ ਦਾ ਖੁਸ਼ ਹੋਣਾ ਸੁਭਾਵਕ ਹੈ ।

ਜੇ ਕਿਸੇ ਮਾਂ ਦੀ ਧੀ ਦੀ ਕੁੱਖ ਨਾ ਫੁੱਟੇ ਤਾਂ ਉਸ ਧੀ ਦੀ ਮਾਂ ਦੇ ਦਿਲ ਨੂਂੰ ਹੀ ਪੁੱਛਿਆ ਜਾਣਦਾ ਹੈ ,ਪਲੇਠੀ ਦੀ ਔਲਾਦ ਹੋਣ ਤੇ ਨਾਨੀ ਦੀ ਖੁਸ਼ੀ ਕਿਤੇ ਦਾਦੀ ਨਾਲੋਂ ਘੱਟ ਨਹੀ ਹੁੰਦੀ ,ਭਾਂਵੇਂ ਧੀ ਹੋਵੇ ਭਾਂਵੇਂ ਪੁਤੱਰ ਹੋਵੇ ,ਪਰ ਦੋਹਤਾ ਹੋਣ ਤੇ ਨਾਨੀ ਦੀ ਖੁਸ਼ੀ ਵੀ ਵੇਖਣ ਵਾਲੀ ਹੁੰਦੀ ਹੈ ,ਨਾਨਕਿਆਂ ਵਲੋਂ ਦੋਹਤੇ ਲਈ ਚਾਂਦੀ ਦੇ ਕੰਗਣ ,ਕੱਪੜੇ , ਜੁਆਈ ਲਈ ਸੋਨੇ ਦੈ ਮੁੰਦਰੀ ਧੀ ਲਈ ਗਹਿਣੇ ਕਪੜੇ ਸਾਰੇ ਟੱਬਰ ਦੇ ਸਨਮਾਨ ਵਜੋਂ ਕਪੜੇ ਅਤੇ ਧੀ ਦੇ ਖਾਣ ਲਈ ਉਚੇਚੀ ਖੁਰਾਕ ਮਾਪੇ , ਧੀ ਦੇ ਸਹੁਰੇ  ਘਰ ਲੈਕੇ ਆਉਂਦੇ ਹੱਨ ।

ਨਾਨੀ ਖੁਸ਼ੀ ਵਿਚ ਫੁੱਲੀ ਨਹੀਂ ਸਮਾਂਦੀ ।ਧੀ ਦਾ ਮਾਂ ਨਾਲ ਪਿਆਰ ਹੁੰਦਾ ਹੈ ਤਿਵੇਂ ਨਾਨੀ ਦਾ ਦੋਹਤੇ ਦੋਹਤੀਆਂ ਨਾਲ ,ਰਿਸ਼ਤੇ ਦਾਰੀਆਂ  ਤਾਂ ਹੋਰ ਵੀ ਬੜੀਆਂ ਹੋਰ ਵੀ ਬੜੀਆਂ ਹੁੰਦੀਆਂ ਹਨ , ਪਰ ਨਾਣਕਿਆਂ ਵਰਗੀ ਰਿਸ਼ਤੇਦਾਰੀ ਦਾ ਕੋਈ ਜੋੜ ਨਹੀਂ ,ਨਾਣਕਿਆਂ ਦੇ ਪਿੰਡ ਜਾਣ ਤੇ ਜੋ ਖੁਸ਼ੀ ਨਿਕਿਆਂ ਹੁੰਦਿਆਂ ਚੜ੍ਹਦੀ ਸੀ ,ਉਹ ਤਾਂ ਹੁਨ ਬਸ ਯਾਦਾਂ ਬਣ ਕੇ ਹੀ ਰਹਿ ਗਈਆਂ ਹਨ ,ਓਦੋਂ ਕਹਿੰਦੇ ਹੰਦੇ ਸਾਂ ਕਿ ਨਾਨੀ ਕੋਲ ਜਵਾਂਗੇ ,ਮੋਟੇ ਹੋ ਕੇ ਆਵਾਂਗੇ ,ਜਦੋਂ ਕਿਤੇ ਨਾਨਕੇ ਪਿੰਡ ਜਾਂਦੇ ਤਾਂ ਨਾਨੀ ਨੇ ਕਦੇ ਬੜੇ ਚਾਅ ਨਾਲ ,ਕਦੇ ਬੇਰ .ਕਦੇ ਮੁੰਗ ਫਲੀ ,ਰੇਓੜੀਆਂ ,ਮਖਾਣੇ ,ਕਦੇ  ,ਲੱਸੀ ਵਿਚ ਮੱਖਣ ਸ਼ੱਕਰ ਪਾਕੇ ਜਦ ਪਿਆਉਣਾ ,ਤੇ ਜਦ ਕਦੇ ਖੁਲ੍ਹੇ ਵ੍ਹੇੜੇ ਵਿਚ ਨਾਨੀ ਦੇ ਪਿਛੇ ਉਸ ਦੀ ਚੁੰਨੀ ਦਾ ਪੱਲਾ ਫੜਕੇ ਉਸ ਦੇ ਆਲੇ ਦੁਆਲੇ ਗੇੜੇ ਕੱਢਦਾ ਤਾਂ  ਉਹ ਲਾਡ ਨਾਲ ਚੁੱਕ ਕੇ ਗਲ ਲਾ ਲੈਂਦੀ ਤੇ ਕਹਿੰਦੀ ਕਿ ਵੇਖੀਂ ਛਿੰਦਿਆ ਕਿਤੇ ਸੱਟ ਨਾ ਲੱਗ ਜਾਵੇ ,ਸਵੇਰੇ ਜਦ ਨਾਨੀ ਨੇ ਹਲ ਵਾਹੁਣ ਗਏ ਨਾਨੇ ਦਾ ਛਾਹ ਵੇਲਾ ਲੈਕੇ ਜਾਣਾ ਤਾਂ ਮੈਂ ਵੀ ਨਾਨੀ ਨਾਲ ਖੂਹ ਤੇ ਜਾਣ ਦੀ ਜ਼ਿਦ ਕਰਨੀ ,ਨਾਨੀ ਮੇਰਾ ਕਿਹਾ ਨਹੀਂ ਸੀ ਮੋੜਦੀ ,ਉਸ ਨੇ ਕਦੇ ਮੈਨੂੰ ਪੈਦਲ ਕੁਝ ਪੈਰ ਤੋਰ ਕੇ ਫਿਰ ਸਿਰ ਤੇ ਲੱਸੀ ਵਾਲੇ ਭਾਂਢੇ ਤੇ ਛਾਹ ਵੇਲੇ ਦੀਆਂ ਰੋਟੀਆਂ ਰੱਖ ਕੇ ਮੈਨੂੰ ਕੁੱਛੜ ਚੁੱਕ ਲੈਣਾ ,ਤੇ ਜਾ ਕੇ ਕਦੇ ਸਰ੍ਹੋਂ ਦੇ ਫੁੱਲ ਖੇਡਣ ਲਈ ਦੇਣੇ ਕਦੇ ,ਕਣਕ ਦੇ ਦੇ ਸਿੱਟ ਤੇ ਕਦੇ ਮਿਸ਼ਰੀ ਕਮਾਦ ਦੇ ਗੰਨੇ ਚੂਪਣ ਨੂੰ ਦੇਣੇ ,ਤੇ ਵਾਪਸੀ ਤੇ ਸਾਰਾ ਰਾਹ ਘਰ ਤੱਕ ਕੁਛੜ ਚੁਕ ਕੇ ਘਰ ਤੱਕ ਲਿਆਉਣਾ ,ਮੇਰਾ ਸਰੀਰ ਗੋਲ ਮਟੋਲ ਜੇਹਾ ਹੋਣ ਕਰਕੇ ਮਾਮੇ ਮੈਨੂੰ ਮਖੌਲ ਬੜਾ ਕਰਦੇ ਸਨ ਇਸ ਲਈ ਮਾਮਿਆਂ ਦੇ ਮਖੌਲਾਂ ਤੋਂ ਸੰਗਦਾ ਮੈਂ ਉਨ੍ਹਾਂ ਕੋਲ ਘੱਟ ਜਾਂਦਾ ਸਾਂ ਕਈ ਵਾਰ ਜਦੋਂ ਉਹ ਮੈਨੂੰ ਉਹ ਜ਼ੋਰ ਨਾਲ ਕੁੱਛੜ ਚੁਕੱਣ ਲਈ ਮੇਰੇ ਪਿਛੇ ਦੌੜਦੇ ਸਨ ਤਾਂ ਮੈਂ ਭੱਜ ਕੇ ਨਾਨੀ ਦੀ ਗੋਦੀ ਵਿਚ ਲੁਕ ਜਾਂਦਾ ਸਾਂ ।

ਮੇਰੇ ਦੋਵੈਂ ਮਾਮੇ ਓਦੋਂ ਕੁਆਰੇ ਸਨ,ਮੇਰੀ ਮਾਂ ਉਸ ਘਰ ਵਿਚ ਵੱਡੀ ਸੀ ,ਇਸ ਲਈ ਨਾਨੀ ਮੈਨੂੰ ਬੜਾ ਪਿਆਰ ਕਰਦੀ ਸੀ ,ਨਾਣਕੇ ਘਰ  ਜਾਕੇ ਮੈਂ ਮਾਂ ਦਾ ਖਿਆਲ ਘੱਟ ਕਰਦਾ ਸਾਂ , ਰਾਤ ਨੂੰ ਨਾਨੀ ਦੀਆਂ ਕਹਾਣੀਆਂ ਸੁਣਦਾ ਉਸ ਦੀ ਗੋਦੀ ਵਿਚ ਹੀ ਸੌਂ ਜਾਇਆ ਕਰਦਾ ਸਾਂ ,ਅਪਣੀ ਤੋਤਲੀ ਜੀਭ ਨਾਲ ਜਦੋਂ ਮੈਂ ਚਿੜੀ ਨੂੰ ਤਿਲੀ ,ਕਾਂ ਨੂੰ ਤਾਂ , ਘੋੜੇ ਨੂੰ ਘੋਲਾ ,ਮੋਰ ਨੂੰ ਮੋਲ ,ਰੋਟੀ ਨੂੰ ਲੋਤੀ ,ਸ਼ੱਕਰ ਨੂੰ ਸ਼ੱਤਰ ,ਗੁੜ ਨੂੰ ਦੁੜ ਕਹਿੰਦਾ ਤਾਂ  ਮਾਮੇ ਮੈਨੂੰ ਬੜਾ ਮਖੋਲ ਕਰਦੇ ,ਨਾਨੀ ਕਹਿੰਦੀ ਜਾਓ ਪਰ੍ਹਾਂ ਤੁਸੀ ਵੀ ਤਾਂ ਸਾਰੇ ਨਿੱਕ ਹੁੰਦੇ ਏਦਾਂ ਹੀ ਕਹਿੰਦੇ ਹੁੰਦੇ ਸੀ ਹੁਨ ਤੁਹਾਨੂੰ ਗੱਲਾਂ ਆਉਂਦੀਆਂ ,ਵੇਖਿਓ ਖਾਂ ਜਦੋਂ ਵੱਡਾ ਹੋ ਕੇ ਪੜ੍ਹ ਕੇ ਸਤੀਲਦਾਰ ਲੱਗਾ ਤਾਂ ਤੁਸੀ ਸਾਰਿਆਂ ਨੇ ਇਸ ਦੇ ਤਰਲੇ ਕੱਢਿਆ ਕਰਨੇ ਹਨ ,ਮਾਮਿਆਂ ਨੇ ਮਖੌਲ ਨਾਲ ਕਹਿਣਾ ,ਸਤੀਲਦਾਰ ਤਾਂ ਨਹੀਂ ਚਪੜਾਸੀ ਜ਼ਰੂਰ ਲੱਗੂਗਾ ,ਨਾਨੀ ਕਹਿੰਦੀ , ਤੇ ਉਹ ਕੇਹੜਾ ਉਸ ਤੋਂ ਘੱਟ ਹੁੰਦੈ , ਨਾਨੀ ਵਿਚਾਰੀ ਅਨਪੜ੍ਹ ਸੀ ,ਉਸ ਵਿਚਾਰੀ ਨੂੰ ਤਸੀਲ ਦਾਰ ਕਹਿਣਾ

ਨਹੀਂ ਸੀ ਆਉਂਦਾ ਉਹ  ,ਤਾਂ ਡਾਕਟਰ ਨੂੰ ਡਾਕਦਾਰ ,ਡਾਕੀਏ ਨੂੰ ਡਾਕੂਆ ,ਵਿਚਾਰੇ ਨੂੰ ਚਵਾਰਾ ਤੇ ਕਈ ਗੱਲਾਂ ਹੋਰ ਵੀ ਇਸ ਤਰ੍ਹਾਂ ਉਲਟ ਪੁਲਟ ਕਰ ਜਾਂਦੀ ਸੀ ,ਪਰ ਨਾਨੀ ਦਾ ਪੀਡਾ ਜੁੱਸਾ ਲਾਲ ਭਖਦਾ ਰੰਗ ,ਗਲੀ ਮਹੱਲੇ ਵਿਚ ਪੂਰਾ ਪ੍ਰਭਾਵ ,ਪਿੰਡ ਵਿਚ ਸਾਰੇ ਉਸ ਨੂੰ ਉਸ ਦੀ ਸਿਆਣਪ ਕਾਰਣ ਲੰਬੜਦਾਰਨੀ ਕਹਿਕੇ ਬਲਾਉਂਦੇ ਸਨ ,ਹਾਲਾਂਕਿ ਨਾ ਹੀ ਨਾਨਾ ਲੰਬੜਦਾਰ ਸੀ ਤੇ ਨਾ ਹੀ ਨਾਨੀ ।ਨਾਨੀ ਹਰ ਗੱਲ ਵਾਹਿਗੁਰੂ ਤੇਰਾ ਭਲਾ ਕਰੇ ਕਹਿ ਕੇ ਸ਼ੁਰੂ ਕਰਦੀ ਸੀ ।ਨਾਨੀ ਨੇ ਅਪਣੀ
ਸੱਜੀ ਤਲੀ ਦੇ ਪੁੱਠੇ ਪਾਸੇ ਵਿਚਕਾਰ ੴ ਅਤੇ ਸੱਜੀ ਮੋਟੀ ਵੈਣੀ ਤੇ ਨਾਨੇ ਦਾ ਨਾਂ ਚੇਤ ਸਿੰਘ ਅਤੇ ਖੱਬੀ ਵੀਣੀ ਤੇ ਅਪਣਾ ਨਾਂ ਰਾਮ ਕੌਰ ਜਵਾਨੀ ਵੇਲੇ ਵਿਸਾਖੀ ਦੇ ਮੇਲੇ ਵਿਚੋਂ ਲਿਖਵਾਇਆ ਹੋਇਆ ਸੀ ,ਵੋਟਾਂ ਵਾਲੇ ਜਦ ਕਦੇ ਵੋਟਾਂ ਬਨਾਓਣ ਲਈ ਘਰ ਆ ਕੇ ਉਸ ਦੇ ਘਰ ਵਾਲੇ ਦਾ ਨਾਂ ਪੁਛਦੇ ਤਾਂ ਉਹ ਝੱਟ ਅਪਣੀ ਵੀਣੀ ਨਾਨੇ ਦਾ ਨਾਂ ਪੜ੍ਹਨ ਲਈ ਅੱਗੇ ਕਰ ਦੇਂਦੀ ।ਕਿਉਂਕਿ ਪਹਿਲੇ ਸਮਿਆਂ ਦੀਆਂ ਪੁਰਾਣੀਆਂ ਔਰਤ ਅਪਣੇ ਘਰ ਵਾਲੇ ਦਾ ਨਾਂ ਨਹੀਂ ਲੈਂਦੀਆਂ ।

ਨਾਨਾ ਸਿੱਧਾ ਸਾਦਾ ਅਪਣੇ ਕੰਮ ਨਾਲ ਵਾਸਤਾ ਰੱਖਣ ਵਾਲਾ ਤੱਗੜੇ ਜੁਸੇ ਵਾਲਾ ਬੰਦਾ ਸੀ,ਪਰ ਉਹ ਕਿਸੇ ਦੀ ਚੰਗੀ ਮਾੜੀ ਗੱਲ ਵਿਚ ਘੱਟ ਹੀ ਆਉਂਦਾ ਸੀ ,ਨਾਨਾ ਅਤੇ ਉਸ ਦੇ ਪ੍ਰਿਵਾਰ ਸਮੇਤ ਸਾਰੇ ਜੀਅ ਲੰਮੇ ਕੱਦ ਦੇ ਹੋਣ ਕਾਰਣ ਇਸ ਪ੍ਰਿਵਾਰ ਦੀ ਅੱਲ “ਲੰਮੇ “ ਪੈ ਗਈ ਸੀ ।  ,ਮਾਮੇ ਜਵਾਨ ਹੋ ਕੇ ਵਿਆਹੇ ਵਰੇ ਜਾਕੇ ਅਪਣੇ ਕੰਮ ਧੰਦੇ ਲੱਗ ਗਏ ।ਮੈਂ ਪੜ੍ਹਾਈ ਵੇਲੇ ਛੁੱਟੀਆਂ ਵਿਚ ਅਪਣੇ ਹੋਰ  ਭੇਣ ਭਰਾਂਵਾਂ ਨਾਲ ਜਦੋਂ ਨਾਣਕੇ ਜਾਂਦਾ ਤਾਂ ਹੁਣ ਅਸੀਂ ਨਾਨੀ ਦੇ ਕੁੱਛੜ ਚੜ੍ਹ ਕੇ  ਤਾਂ ਬੇਸ਼ਕ ਬਾਹਰ ਨਹੀ ਜਾਂਦੇ ਸੀ ਪਰ ਬਾਹਰ  ਖੇਤਾਂ ਵਿਚ ਬੜੇ ਚਾਅ ਨਾਲ ਨਾਨੀ ਦੇ ਅੱਗੇ ਪਿੱਛੇ ਨੱਚਦ ਭੁੜਕਦੇ ਕਦੇ ਉਸ ਦੀ ਬਾਂਹ ਫੜਦੇ ਰੌਲਾ ਪਾਉਂਦੇ .ਕਦੇ ਟਿੱਬਿਆਂ ਤੇ ਉਗੀਆਂ ਕੰਡਿਆਲੀਆਂ ਥੋਹਰਾਂ ਵਿਚ ਹੱਥ ਪਾਕੇ ਕੰਡਿਆਂ ਦੀ ਪਰਵਾਹ ਕੀਤੇ ਬਿਨਾਂ ਪੱਕੀਆਂ ਗਾੜ੍ਹੀਆਂ ਲਾਲ ਥੋਹਰਾਂ ਦੇ ਫਲ ਤੋੜ ਕੇ ਖਾਂਦੇ ਅਪਣੇ ਦੰਦ ਜੀਭਾਂ ,ਤੇ ਬੁਲ੍ਹ ਲਾਲ ਕਰ ਲੈਂਦੇ ਸਾਂ ,ਸਾਨੂੰ ਨਾਨੀ ਕੰਡੇ ਲੱਗਣ ਦੇ ਡਰੋਂ ਝਿੜਕਦੀ ਵਰਜਦੀ , ਪਰ ਅਸੀਂ ਬਿਨਾਂ ਪਰਵਾਹ ਕੀਤੇ ਇਂਨ੍ਹਾਂ  ਖੱਟੀਆਂ ਮਿੱਠੀਆਂ ਥੋਹਰਾਂ ਦਾ ਸਵਾਦ ਮਾਣ ਕੇ ਹੀ ਘਰ ਮੁੜਦੇ ,ਘਰ ਆ ਕੇ ਲ਼ਾਲ ਮੂਂੰਹ ਦੰਦ ,ਬੁਲ੍ਹੀਆਂ ਸ਼ੀਸ਼ੇ ਵਿਚ ਵੇਖ ਕੇ ਖੁਸ਼ ਹੁੰਦੇ ,ਖਿੜਕੜੇ ਮਾਰ ਕੇ ਇਕ ਦੂਜੇ ਦੇ ਸਾਂਗ ਲਾਉਂਦੇ ,ਨਾਨੀ ਕਹਿੰਦੀ ਚਲੋ ਹੁਣ ਹੱਥ ਮੂੰਹ ਧੇਵੋ ਸਾਰੇ , ਪਰ ਸਾਨੂੰ ਸਾਰਿਆਂ ਨੂੰ ਥੋਹਰਾਂ ਦੇ ਲਾਲ ਰੱਸ ਨਾਲ ਲਾਲ ਹੋਏ ਮੂੰਹ ਮੱਥੇ ਧੋਣ ਨੂੰ ਜੀਅ ਨਹੀਂ ਸੀ ਕਰਦਾ ਹੁੰਦਾ ,ਕਿੰਨੇ ਚੰਗੇ ਦਿਨ ਸਨ ਉਹ, ਨਾਨੀ ਦੇ ਕੋਲ ਅਪਣਾ ਬਚਪਣ ਅਤੇ ਛੁੱਟੀਆਂ ਦੇ ਦਿਨ ਬਿਤਾਉਣ ਦੇ ।ਜਦੋਂ ਘਰ ਮੁੜਨਾ ਪਿੰਡ ਪਰਤਣ ਨੂੰ ਜੀਅ ਨਾ ਕਰਨਾ ।ਨਾਨੀ ਨੇ ਖਾਣ ਪੀਣ ਦੀਆਂ ਚੀਜ਼ਾਂ ਨਾਲ ਸਾਡੀਆਂ ਝੋਲੀਆਂ ਭਰ ਅਤੇ ਚਾਉਲਾਂ ਦੇ ਆਟੇ ਬਦਾਮਾਂ ਖੋਏ ,ਗਿਰੀ ਮੇਵੇ ਵਿਚ ਦੇਸੀ ਘਿਓ ਵਿਚ ਬਨਾਈਆਂ ਪਿੰਨੀਆਂ ਦਾ ਝੋਲਾ ਭਰਕੇ ਕੇ , ਸਾਡੇ ਸਿਰ ਪਲੋਸ ਕੇ ਮੂੰਹ ਸਿਰ ਚੁੰਮ ਕੇ ਛੁੱਟੀਆਂ ਵਿਚ ਫਿਰ ਆਉਣ ਲਈ ਕਹਿਕੇ ਤੋਰਨਾ ਬੜਾ ਯਾਦ ਆਉਂਦਾ ਹੈ।ਮਾਮੇ ਹੌਲੀ 2 ਟੱਬਰ ਟੋਰ ਵਾਲੇ ਹੋ ਗਏ ,ਘਰਾਂ ਦੇ ਰੁਝੇਵਿਆਂ ਵਿਚ ਕਿਸੇ ਕੋਲ ਆਉਣ ਦੀ ਅੱਜ ਕਿਸ ਕੋਲ ਵੇਹਲ ਹੈ ।ਕੋਈ ਦੇਸ਼ ਬੈਠਾ ਹੈ ਕੋਈ ਵਿਦੇਸ਼ ਵਿਚ ਪੈਸੇ ਦੀ ਦੌੜ ਵਿਚ ਪੁੱਜ ਚੁੱਕਾ ਹੈ ।

ਅੱਜ ਨਾਨੀ ਇਸ ਦੁਨੀਆ ਵਿਚ ਨਹੀਂ ਹੈ ,ਨਾਨੀ ਦੀਆਂ ਅਸੀਸਾਂ ਕਾਰਨ ਹੀ ਖੌਰੇ ਮੈਂ ਪਟਵਾਰੀ ਤੋਂ ਤਹਿਸੀਲਦਾਰ ਬਣਕੇ ਰੀਟਾਇਰ ਵੀ ਹੋ ਚਕਿਆਂ ਹਾਂ ,ਪਰ ਕਦੇ ਕਦੇ ਨਾਨੀ ਦੀ ਗੱਲ ਯਾਦ ਆ ਜਾਂਦੀ ਹੈ ,ਤੇ ਉਸ ਦੇ ਭੋਲੇ ਭਾਲੇ  ਬੋਲਾਂ ਦਾ ਤਸੱਵਰ  ਏਦਾਂ ਲਗਦਾ ਜਵੇਂ ਉਹ ਮੈਨੂੰ ਕਹਿ ਰਹੀ ਹੋਵੇ “ ਸੁਣਾ ਸਤੀਲ ਦਾਰਾ ਕੀ ਹਾਲ ਹੈ ਪੁਤ ਤੇਰਾ “ ਤੇ ਮੇਰਾ ਮਸਤਕ ਨਾਨੀ ਦੇ ਨਿਸ਼ਕਾਮ ਮੋਹ ਪਿਆਰ ਅੱਗੇ ਆਪ ਮੁਹਾਰਾ ਝੁੱਕ ਜਾਂਦਾ ਹੈ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>