ਅੰਮ੍ਰਿਤਸਰ :- ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 9 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਬੱਚਿਆਂ ਨੂੰ ਗੁਰ-ਇਤਿਹਾਸ ਨਾਲ ਜੋੜਨ ਅਤੇ ਉਹਨਾਂ ਦੀ ਕਾਰਜ-ਕੁਸ਼ਲਤਾ ਨੂੰ ਹੋਰ ਨਿਖਾਰਨ ਲਈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਾਸ਼ਨ ਮੁਕਾਬਲੇ ਕਰਵਾਏ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸ. ਬਲਵਿੰਦਰ ਸਿੰਘ ਜੌੜਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਸ. ਬਿਅੰਤ ਸਿੰਘ ਦੀ ਨਿਗਰਾਨੀ ਹੇਠ ਹੋਏ ਇਹਨਾਂ ਭਾਸ਼ਨ ਮੁਕਾਬਲਿਆਂ ‘ਚ ਪੰਜਾਬ ਭਰ ਤੋਂ 30 ਸਕੂਲਾਂ ਦੇ ਤਕਰੀਬਨ 60 ਬੱਚਿਆਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਤੇ ਬਾਣੀ, ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਮਹੱਤਤਾ, ਸਿੱਖ ਧਰਮ ਨੂੰ ਆਧੁਨਿਕ ਚੁਣੌਤੀਆਂ, ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਅਨੁਸਾਰ ਸਿੱਖ ਰਹਿਤ ਮਰਯਾਦਾ ਦੇ ਵਿਸ਼ੇਸ਼ ਪੱਖ ਵਿਸ਼ੇ, ਭਾਸ਼ਨ ਕਰਨ ਲਈ ਦਿੱਤੇ ਗਏ। ਮੁਕਾਬਲੇ ‘ਚ ਹਿੱਸਾ ਲੈ ਰਹੇ ਬੱਚੇ ਇੱਕ ਦੂਜੇ ਤੋਂ ਵੱਧ ਪ੍ਰਭਾਵਸ਼ਾਲੀ ਭਾਸ਼ਨ ਕਰ ਰਹੇ ਸਨ।
ਭਾਸ਼ਨ ਮੁਕਾਬਲੇ ‘ਚ ਹਿੱਸਾ ਲੈ ਰਹੇ ਬੱਚਿਆਂ ਦੀ ਕਾਰਜ-ਕੁਸ਼ਲਤਾ ਨੂੰ ਪਰਖ਼ਣ ਲਈ ਚਾਰ ਮੈਂਬਰੀ ਟੀਮ ‘ਚ ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਸ. ਸਿਮਰਜੀਤ ਸਿੰਘ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਲੈਕਚਰਾਰ ਬੀਬੀ ਮਨਜੀਤ ਕੌਰ, ਰੀਸਰਚ ਸਕਾਲਰ ਸ. ਸੁਖਦੇਵ ਸਿੰਘ ਤੇ ਬੀਬੀ ਅਮਰਜੀਤ ਕੌਰ ਨੇ ਬਤੌਰ ਜੱਜ ਸੇਵਾ ਨਿਭਾਈ। ਭਾਸ਼ਨ ਮੁਕਾਬਲਿਆਂ ‘ਚ ਪਹਿਲਾ, ਦੂਜਾ ਤੇ ਤੀਜਾ ਦਰਜਾ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ 9 ਅਕਤੂਬਰ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਇਸੇ ਅਸਥਾਨ ‘ਤੇ ਹੀ ਸਨਮਾਨਿਤ ਕੀਤਾ ਜਾਵੇਗਾ।
ਮੰਚ ਦੀ ਸੇਵਾ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੇ ਪ੍ਰਚਾਰਕ ਭਾਈ ਤਰਸੇਮ ਸਿੰਘ ਤੇ ਭਾਈ ਜਗਦੇਵ ਸਿੰਘ ਨੇ ਨਿਭਾਈ ਅਤੇ ਇਹਨਾਂ ਦੇ ਸਹਿਯੋਗ ਵਜੋਂ ਰੀਸਰਚ ਸਕਾਲਰ ਬੀਬੀ ਕਿਰਨਦੀਪ ਕੌਰ, ਰੇਲਵੇ ਵਿਭਾਗ ਅੰਮ੍ਰਿਤਸਰ ਦੇ ਸੁਪਰਵਾਈਜ਼ਰ ਸ. ਹਰਜਿੰਦਰ ਸਿੰਘ ਵੀ ਨਾਲ ਹਾਜ਼ਰ ਸਨ। ਇਹਨਾਂ ਭਾਸ਼ਨ ਮੁਕਾਬਲਿਆਂ ਨੂੰ ਸੁਣਨ/ਦੇਖਣ ਲਈ ਭਾਰੀ ਗਿਣਤੀ ‘ਚ ਸੰਗਤਾਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਹਾਜ਼ਰ ਸਨ।