ਕਣਕ ਝੋਨਾ ਫ਼ਸਲ ਚੱਕਰ ਕਾਰਨ ਝੋਨੇ ਦੀ ਕਟਾਈ ਕੰਬਾਈਂਨ ਹਾਰਵੈਸਟਰ ਨਾਲ ਕਰਨਾ ਲੋੜ ਬਣ ਗਈ ਹੈ । ਇਸ ਕਟਾਈ ਨਾਲ ਕਾਫ਼ੀ ਪਰਾਲੀ ਖੇਤਾਂ ਵਿਚ ਹੀ ਰਹਿੰਦੀ ਹੈ । ਪੰਜਾਬ ’ਚ ਬੀਜੇ ਜਾਂਦੇ 25 ਲੱਖ ਹੈਕਟੇਅਰ ਰਕਬੇ ਵਿਚੋਂ ਲਗਪਗ 21 ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ । ਥੋੜੋ ਸਮੇਂ ਦੇ ਅੰਦਰ ਅੰਦਰ ਕਣਕ ਦੀ ਬੀਜਾਈ ਕਰਨ ਦੀ ਸਮੱਸਿਆ ਕਾਰਨ ਕੁ¤ਲ ਪਰਾਲੀ ਵਿਚੋਂ ਲਗਪਗ 55% ਪਰਾਲੀ ਅੱਗ ਦੀ ਭੇਂਟ ਚੜ੍ਹ ਜਾਂਦੀ ਹੈ ।
ਕੀ ਨੁਕਸਾਨ ਹੈ ਪਰਾਲੀ ਨੂੰ ਅੱਗ ਲਾਉਣ ਦਾ:
ਪਰਾਲੀ ਨੂੰ ਅੱਗ ਲਾਉਣ ਨਾਲ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈ ਆਕਸਾਈਡ ਵਰਗੀਆਂ ਗੈਸਾਂ ਪੈਦਾ ਹੁੰਦੀਆਂ ਹਨ । ਪਰਾਲੀ ਨੂੰ ਅੱਗ ਲਾਉਣ ਨਾਲ ਚੰਗੇ ਖ਼ੁਰਾਕੀ ਤੱਤ ਅਤੇ ਕੁਦਰਤੀ ਸੋਮੇ ਵੀ ਸੜ ਜਾਂਦੇ ਹਨ ਜੋ ਮਗਰੋਂ ਜ਼ਮੀਨ ਦੀ ਉਪਜਾਉ ਸ਼ਕਤੀ ਨੂੰ ਢਾਹ ਲਾਉਂਦੇ ਹਨ ਇਸ ਲਈ ਝੋਨੇ ਦੇ ਕਾਸ਼ਤਕਾਰੀ ਅਤੇ ਕਟਾਈ ਉਪਰੰਤ ਸੋਮਿਆਂ ਦੀ ਸੰਭਾਲ ਵਧੇਰੇ ਧਿਆਨ ਦੀ ਮੰਗ ਕਰਦੇ ਹਨ ਤਾਂ ਜੋ ਕਣਕ-ਝੋਨਾ ਫ਼ਸਲ ਚੱਕਰ ਅਤੇ ਬਾਕੀ ਫ਼ਸਲਾਂ ਨੂੰ ਵੀ ਨੁਕਸਾਨ ਨਾ ਹੋਵੇ। ਪਰਾਲੀ ਨੂੰ ਅੱਗ ਲੱਗਣ ਨਾਲ ਧੂੰਏਂ ਦਾ ਗੁਬਾਰ ਜਿਥੇ ਵਾਤਾਵਰਣ ਨੂੰ ਪਲੀਤ ਕਰਦਾ ਹੈ ਉਥੇ ਵਸੋਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ।
ਇਸ ਤੋਂ ਬਚਣ ਲਈ ਕੀ ਕਰੀਏ ?
ਭਾਵੇਂ ਕਿਸਾਨ ਭਰਾ ਪਰਾਲੀ ਨੂੰ ਅਗ ਲਾਉਣ ਦੇ ਨੁਕਸਾਨ, ਵਾਤਾਵਰਣ ਵਿਚ ਵਿਗਾੜ੍ਹ ਅਤੇ ਬਾਕੀ ਨੁਕਸਾਨ ਤੋਂ ਵਾਕਿਫ਼ ਹਨ ਪਰ ਉਹ ਕਣਕ ਦੀ ਕਾਸ਼ਤ ਤੋਂ ਪਹਿਲਾਂ ਖੇਤ ਦੀ ਪਰਾਲੀ ਅਤੇ ਝੋਨੇ ਦੇ ਮੁੱਢਾਂ ਦਾ ਕੀ ਕਰਨ । ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੀ ਪਰਾਲੀ ਖੇਤਾਂ ’ ਚ ਹੀ ਵਾਹੁਣ ਵਾਰੇ ਤਕਨੀਕ ਵਿਕਸਤ ਕੀਤੀ ਹੈ । ਇਸ ਤਕਨੀਕ ਦੀ ਵਰਤੋਂ ਨਾਲ ਜਿਥੇ ਪਰਾਲੀ ਦੀ ਸੁਯੋਗ ਵਰਤੋਂ ਹੁੰਦੀ ਹੈ ਉਥੇ ਧਰਤੀ ਦੀ ਸਿਹਤ ਵੀ ਸੁਧਰਦੀ ਹੈ । ਪਾਣੀ ਦੀ ਵੀ ਬੱਚਤ ਹੁੰਦੀ ਹੈ। ਪਰਾਲੀ ਸੰਭਾਲਣ ਦੇ ਤਿੰਨ ਤਰੀਕੇ ਸੁਝਾਏ ਗਏ ਹਨ। ਪਹਿਲਾ ਤਰੀਕਾ ਪਰਾਲੀ ਨੂੰ ਵੱਤਰ ਸੰਭਾਲਣ ਲਈ ਖੇਤ ’ਚ ਵਿਛਾਉਣਾ ਹੈ । ਦੂਜਾ ਢੰਗ ਇਸ ਨੂੰ ਖੇਤ ਵਿਚ ਤਵੀਆਂ ਨਾਲ ਕੁਤਰ ਕੇ ਖੇਤ ਵਿਚ ਹੀ ਵਾਹੁਣਾ ਹੈ ਅਤੇ ਤੀਸਰਾ ਢੰਗ ਤਰੀਕਾ ਇਸ ਪਰਾਲੀ ਦੀਆਂ ਗੰਢਾਂ ਬੰਨ੍ਹ ਕੇ ਗੱਤਾ ਬਣਾਉਣ, ਬਿਜਲੀ ਪੈਦਾ ਕਰਨ, ਕੰਪੋਸਟ ਤਿਆਰ ਕਰਨ ਅਤੇ ਚਾਰੇ ਪੱਖੋਂ ਥੁੜ ਮਾਰੇ ਸੂਬਿਆਂ ਵਿਚ ਪਰਾਲੀ ਦੀਆਂ ਗੰਢਾਂ ਭੇਜਣਾ ਹੈ। ਇਸ ਲਈ ਕਿਸਾਨ ਭਰਾਵਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਪਰਾਲੀ ਨੂੰ ਅੱਗ ਲਾ ਕੇ ਸਾੜਨ ਦੀ ਥਾਂ ਜ਼ਮੀਨ ਦੀ ਸਿਹਤ ਸੰਭਾਲਣ ਅਤੇ ਵਾਤਾਵਰਣ ਪਰਦੂਸ਼ਣ ਹਟਾਉਣ ਲਈ ਯਤਨਸ਼ੀਲ ਹੋਣ ।
ਅਜਿਹਾ ਕਰਨ ਲਈ ਇਹ ਢੰਗ ਤਰੀਕੇ ਵਰਤੋ
1. ਝੋਨੇ ਦੇ ਵੱਢ ਵਿਚ ਕਣਕ ਦੀ ਕਾਸ਼ਤ ਲਈ ਹੈਪੀਸੀਡਰ ਵਰਤੋ ਝੋਨੇ ਦੇ ਵੱਢ ਵਿਚ ਕਣਕ ਦੀ ਕਾਸ਼ਤ ਲਈ ਹੈਪੀਸੀਡਰ ਮਸ਼ੀਨ ਬਹੁਤ ਕਾਰਗਰ ਸਾਬਤ ਹੋ ਰਹੀ ਹੈ । ਇਸ ਨਾਲ ਕਣਕ ਦੀ ਬੀਜਾਈ ਵੀ ਹੋ ਜਾਂਦੀ ਹੈ ਅਤੇ ਜ਼ਮੀਨ ਤੇ ਪਈ ਪਰਾਲੀ ਨਦੀਨਾਂ ਤੋਂ ਬਚਾਉ ਅਤੇ ਵੱਤਰ ਸੰਭਾਲਣ ਲਈ ਮਦਦਗਾਰ ਸਾਬਤ ਹੂੰਦੀ ਹੈ ਹੈਪੀਸੀਡਰ ਅਜਿਹੀ ਮਸ਼ੀਨ ਹੈ ਜੋ ਪਰਾਲੀ ਨੂੰ ਕੁਤਰ ਕੇ ਸੁੱਟੀ ਜਾਂਦੀ ਹੈ ਅਤੇ ਕਣਕ ਦੀ ਕਾਸ਼ਤ ਵੀ ਨਾਲੋ ਨਾਲ ਕਰੀ ਜਾਂਦੀ ਹੈ । ਪਰਾਲੀ ਨੂੰ ਅਗ ਲਾ ਕੇ ਸਾੜਨ ਦੀ ਕੁਰੀਤੀ ਤੋਂ ਬਚਣ ਲਈ ਪੰਜਾਬ ਸਰਕਾਰ ਇਸ ਮਸ਼ੀਨ ਨਾਲ ਕਾਸ਼ਤ ਨੂੰ ਉਤਸ਼ਾਹ ਦੇ ਰਹੀ ਹੈ। ਹੈਪੀਸੀਡਰ ਨਾਲ ਰਵਾਇਤੀ ਕਾਸ਼ਤ ਨਾਲੋਂ ਕਣਕ-ਬੀਜਾਈ ਖ਼ਰਚਾ 50 ਤੋਂ 60% ਘ¤ਟ ਹੁੰਦਾ ਹੈ । ਹੈਪੀ ਸੀਡਰ ਨਾਲ ਬੀਜੀ ਕਣਕ ਦਾ ਦੂਜਾ ਲਾਭ ਇਹ ਹੈ ਕਿ ਕਣਕ ਦੀ ਫ਼ਸਲ ਵਿਚ ਨਦੀਨ ਵੀ 60 ਤੋਂ 70% ਘ¤ਟ ਉਗਦੇ ਹਨ । ਬੀਜਾਈ ਤੋਂ ਪਹਿਲਾਂ ਲਾਉਣ ਵਾਲੇ ਪਾਣੀ ਦੀ ਬੱਚਤ ਹੁੰਦੀ ਹੈ । ਧਰਤੀ ਵਿਚ ਖ਼ੁਰਾਕੀ ਅਤੇ ਜੈਵਿਕ ਸੁਧਾਰ ਹੁੰਦਾ ਹੈ ਪਰਾਲੀ ਨੂੰ ਸਾੜਨ ਤੋਂ ਪੈਦਾ ਹੋਣ ਵਾਲੇ ਧੂੰਏ ਤੋ ਮੁਕਤੀ ਨਾਲ ਸੁਖ ਦਾ ਸਾਹ ਆਉਂਦਾ ਹੈ ਅਤੇ ਵਾਤਾਵਰਣ ਸੁਥਰਾ ਰਹਿੰਦਾ ਹੈ । ਸਾਡੇ ਵੱਲੋਂ ਹੁਣ ਇਹ ਵੀ ਯਤਨ ਜਾਰੀ ਹਨ ਕਿ ਹੈਪੀਸੀਡਰ ਚਲਾਉਣ ਲਈ 35 ਹਾਰਸ ਪਾਵਰ ਵਾਲੇ ਟਰੈਕਟਰਾਂ ਦੀ ਵਰਤੋਂ ਵੀ ਯਕੀਨੀ ਬਣਾਈ ਜਾ ਸਕੇ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹੈਪੀਸੀਡਰ ਨਾਲ ਕਣਕ ਦੀ ਕਾਸ਼ਤ ਕਰਨ ਲਈ ਸਿਫਾਰਸ਼ ਕਰ ਦਿੱਤੀ ਹੈ । ਇਸ ਮਸ਼ੀਨ ਦੀ ਪਰਖ਼ ਮੂੰਗੀ ਕੱਟਣ ਲਈ ਵੀ ਕੀਤੀ ਜਾ ਚੁਕੀ ਹੈ ।
2. ਪਰਾਲੀ ਕੁਤਰਨ ਵਾਲੀ ਮਸ਼ੀਨ:
ਪਰਾਲੀ ਨੂੰ ਕੁਤਰ ਕੇ ਜ਼ਮੀਨ ’ ਚ ਵਾਹੁਣ ਲਈ ਇਕ ਮਸ਼ੀਨ ਵਿਕਸਤ ਕੀਤੀ ਹਈ ਹੈ। ਖੇਤ ’ਚ ਪਈ ਪਰਾਲੀ ਨੂੰ ਇਹ ਇਕੋ ਵੇਲੇ ਕੁਤਰ ਕੇ ਖੇਤ ’ਚ ਵਿਛਾ ਦਿੰਦੀ ਹੈ । ਇਕ ਦਿਨ ਅੰਦਰ ਲਗਪਗ 6 ਤੋਂ 8 ਏਕੜ ਜ਼ਮੀਨ ’ਚ ਇਹ ਮਸ਼ੀਨ ਕਣਕ ਬੀਜ ਦੇਂਦੀ ਹੈ । ਰੋਟਾਵੇਟਰ ਜਾ ਡਿਸਕ ਹੈਰੋ ਦੀ ਮਦਦ ਨਾਲ ਵਾਹ ਕੇ ਇਹ ਕੁਤਰੀ ਹੋਈ ਪਰਾਲੀ ਜ਼ਮੀਨ ’ਚ ਗਾਲੀ ਜਾ ਸਕਦੀ ਹੈ । ਇਹ ਖੇਤ ਵਿਚ ਸਟਰਿਪ-ਟਿਲ-ਡਰਿੱਲ ਜਾਂ ਬਗੈਰ ਵਹਾਈ ਜਾ ਰਵਾਇਤੀ ਢੰਗ ਨਾਲ ਦੋ ਹਫ਼ਤੇ ਬਾਦ ਇਸ ਖੇਤ ’ ਚ ਕਣਕ ਬੀਜੀ ਜਾ ਸਕਦੀ ਹੈ ।
3. ਪਰਾਲੀ ਇਕੱਠੀ ਕਰਨ ਵਾਲਾ ਬੇਲਰ:
ਵਾਤਾਵਰਣ ਬਚਾਉਣ ਲਈ ਪਰਾਲੀ ਇਕੱਠੀ ਕਰਕੇ ਚੌਰਸ ਜਾ ਗੋਲ ਪੂਲੇ ਬੰਨਣ ਵਾਲਾ ਬੇਲਰ ਇਕ ਹੋਰ ਮਸ਼ੀਨ ਹੈ । ਇਹ ਬੇਲਰ ਮਸ਼ੀਨ ਨਾਲ 15 ਤੋ 30 ਕਿਲੋ ਵਜ਼ਨ ਵਾਲੀਆਂ ਪਰਾਲੀ ਦੀਆਂ 200 ਤੋਂ 250 ਜਾਂ 400 ਤੋਂ 450 ਗੰਢਾਂ ਬੰਨ੍ਹੀਆਂ ਜਾ ਸਕਦੀਆਂ ਹਨ ਇਸ ਪਰਾਲੀ ’ ਚ ਸਿੱਲ੍ਹ ਅਤੇ ਜ਼ਮੀਨ ਦੇ ਵੱਤਰ ਤੇ ਵੀ ਨਿਰਭਰ ਕਰਦਾ ਹੈ । ਪਰਾਲੀ ਦੀਆਂ ਇਹ ਗੰਢਾਂ ਗੱਤਾ ਬਣਾਉਣ, ਬਰਿਕਟਾਂ ਬਣਾਉਣ ਕੰਪੋਸਟ ਤਿਆਰ ਕਰਨ ਜਾਂ ਬਿਜਲੀ ਪੈਦਾ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ ।
4. ਕੰਬਾਈਨ ਹਾਰਵੈਸਟਰ ਨਾਲ ਪਰਾਲੀ ਦੀ ਸੰਭਾਲ :
ਦੂਜੀ ਪੀੜੀ ਦੀ ਡਰਿਲ ਭਾਵ ਹੈਪੀਸੀਡਰ ਕੰਬਾਈਨ ਹਾਰਵੈਸਟਰ ਨਾਲ ਕੱਟੇ ਖੇਤਾਂ ਵਿਚ ਕਣਕ ਬੀਜਣ ਲਈ ਸਹਾਈ ਸਿੱਧ ਹੁੰਦੀ ਹੈ । ਹੱਥਾਂ ਨਾਲ ਪਰਾਲੀ ਖਿਲਾਰਨ ਦੀ ਥਾਂ ਰਵਾਇਤੀ ਕੰਬਾਈਨ ਹਾਰਵੈਸਟਰ ਨਾਲ ਹੀ ਇਕ ਹੋਰ ਮਸ਼ੀਨ ਜੋੜ ਦਿੱਤੀ ਗਈ ਹੈ ਜਿਸ ਨਾਲ ਪਰਾਲੀ ਕੁਤਰ ਕੇ ਖਿਲਾਰੀ ਜਾ ਸਕੇ। ਇਹ ਮਸ਼ੀਨ ਇਕ ਸਾਰ ਪਰਾਲੀ ਖਿਲਾਰ ਦਿੰਦੀ ਹੈ ।
5. ਖੇਤਾਂ ’ਚ ਪਰਾਲੀ ਗਾਲਣਾ :
ਕਣਕ ਦੀ ਰਵਾਇਤੀ ਕਾਸ਼ਤ ਲਈ ਸਿਫ਼ਾਰਸ਼ ਕੀਤੀ ਨਾਈਟਰੋਜਨ ਖਾਦ ਉਨ੍ਹਾਂ ਖੇਤਾਂ ’ ਚ ਪਾਉਣ ਦੀ ਲੋੜ ਨਹੀਂ ਜਿਥੇ ਪਰਾਲੀ ਖੇਤ ’ ਚ ਵਾਹੀ ਗਈ ਹੈ । ਜ਼ਮੀਨ ਦੇ ਭੌਤਿਕ, ਰਸਾਇਣਕ ਅਤੇ ਜੈਵਿਕ ਵਿਕਾਸ ਲਈ ਇਹ ਪਰਾਲੀ ਬੜੀ ਲਾਭਕਾਰੀ ਸਾਬਤ ਹੁੰਦੀ ਹੈ । ਪਿਛਲੇ 11 ਵਰ੍ਹਿਆਂ ਦੇ ਤਜ਼ਰਬੇ ਇਹੀ ਦ¤ਸਦੇ ਹਨ ਕਿ ਇਹ ਪਰਾਲੀ ਖੇਤ ਲਈ ਗੁਣਕਾਰੀ ਹੈ।
ਪਰਾਲੀ ਤੋ ਕੰਪੋਸਟ ਤਿਆਰ ਕਰੋ :
ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਇਸ ਗੱਲ ਤੇ ਵੀ ਖੋਜ ਕਰ ਰਹੀ ਹੈ ਕਿ ਪਸ਼ੂਆਂ ਹੇਠ ਸਿਆਲਾਂ ’ ਚ ਸੁੱਕ ਪਾਉਣ ਲਈ ਕੁਤਰੀ ਪਰਾਲੀ ਵਰਤ ਕੇ ਉਸ ਦੀ ਕੰਪੋਸਟ ਤਿਆਰ ਕੀਤੀ ਜਾਵੇ । ਕੁਤਰੀ ਪਰਾਲੀ ਦੀ ਖੁੰਬਾਂ ਦੀ ਕਾਸ਼ਤ ਵਾਸਤੇ ਕੰਪੋਸਟ ਵੀ ਗੁਣਕਾਰੀ ਹੈ । ਕੁਤਰੀ ਪਰਾਲੀ ’ ਚ ਤੂੜੀ ਮਿਲਾ ਕੇ ਬਟਨ ਖੁੰਬਾਂ ਲਈ ਕੰਪੋਸਟ ਤਿਆਰ ਹੋ ਸਕਦੀ ਹੈ ।
ਬਿਜਲੀ ਪੈਦਾ ਕਰਨ ਲਈ ਪਰਾਲੀ ਦੀ ਵਰਤੋਂ :
ਬਿਜਲੀ ਪੈਦਾ ਕਰਨ ਲਈ ਪਰਾਲੀ ਦੀ ਵਰਤੋਂ ਬਾਰੇ ਪਰਖ ਤਜ਼ਰਬੇ ਹੋਏ ਹਨ । ਇਸ ਤੋਂ ਚੰਗੇ ਨਤੀਜੇ ਮਿਲੇ ਹਨ । ਆਪਣੇ ਗੁਣਾਂ ਕਾਰਨ ਪਰਾਲੀ ਨੂੰ ਭੱਠੀਆਂ ਵਿਚ ਬਾਲ ਕੇ ਵਧੇਰੇ ਊਰਜਾ ਹਾਸਲ ਕੀਤੀ ਜਾ ਸਕਦੀ ਹੈ । ਇਨ੍ਹਾਂ ਸਾਰੇ ਢੰਗ ਤਰੀਕਿਆਂ ਦੀ ਵਰਤੋਂ ਨਾਲ ਤੁਸੀਂ ਪਰਾਲੀ ਨੂੰ ਅੱਗ ਲਾਉਣ ਤੋਂ ਬਚਾਅ ਕਰ ਸਕਦੇ ਹੈ । ਸਹਿਕਾਰੀ ਸਭਾਵਾਂ ਰਾਹੀਂ ਹੈਪੀਸੀਡਰ ਤੇ ਹੋਰ ਕਾਸ਼ਤ ਕਾਰੀ ਮਸ਼ੀਨਾਂ ਖ਼ਰੀਦ ਕੇ ਛੋਟੇ ਕਿਸਾਨ ਵੀ ਲਾਭ ਉਠਾ ਸਕਦੇ ਹਨ ।
ਕਦੇ ਨਾ ਭਾਲਿਉ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਅਸੀਂ ਕੁਦਰਤੀ ਸੋਮਾਂ ਦਾ ਘਾਣ ਕਰਦੇ ਹਾਂ ਉਥੇ ਬੀਮਾਰੀਆਂ ਨੂੰ ਵੀ ਸੱਦਾ ਪੱਤਰ ਦਿੰਦੇ ਹਾਂ । ਪਰਾਲੀ ਦੇ ਕੌੜੇ ਕੁਸੈਲੇ ਧੂੰਏਂ ਕਾਰਨ ਕਈ ਬੇਕਸੂਰ ਵੀਰ ਭੈਣਾਂ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ । ਇਸ ਲਈ ਐਤਕੀ ਸਾਵਧਾਨ ਹੋਈਏ। ਖ਼ੁਦ ਨੂੰ ਅਨੁਸ਼ਾਸਨ ਵਿਚ ਲਿਆਈਏ ਤਾਂ ਜੋ ਸਰਕਾਰ ਨੂੰ ਵਿਧਾਨਕ ਪ੍ਰਬੰਧ ਕਰਕੇ ਇਸ ਕੁਰੀਤੀ ਨੂੰ ਹੋਣ ਲਈ ਕਾਨੂੰਨ ਵਾਲਾ ਬਲ ਪ੍ਰਯੋਗ ਨਾ ਕਰਨਾ ਪਵੇ ।