ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਅੱਜ ਆਸਟਰੇਲੀਆ ਦੇ ਤਿੰਨ ਮੈਂਬਰੀ ਹਾਈ ਕਮਿਸ਼ਨ ਵਫਦ ਨੇ ਦੌਰਾ ਕੀਤਾ। ਇਸ ਵਫਦ ਨੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਡੀਨਜ਼, ਡਾਇਰੈਕਟਰਜ਼, ਵਧੀਕ ਡਾਇਰੈਕਟਰਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿੱਚ ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਪ੍ਰਧਾਨਗੀ ਕੀਤੀ।
ਇਸ ਵਫਦ ਵਿੱਚ ਸਰਾਹ ਹੂਪਰ, ਕ੍ਰਿਸ਼ ਕਿੰਗ ਅਤੇ ਮੈਕਸਿਨ ਲਾਇੰਟ ਸ਼ਾਮਿਲ ਸਨ। ਇਸ ਵਫਦ ਦਾ ਮੁੱਖ ਵਫਦ ਖੇਤੀਬਾੜੀ ਸੰਬੰਧੀ ਵਿਕਸਤ ਤਕਨਾਲੋਜੀ ਨੂ ੰਸਾਂਝਾ ਕਰਨਾ ਸੀ। ਇਸ ਸਮੇਂ ਸ਼੍ਰੀ ਹੂਪਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੇਸ਼ ਦੀ ਅੰਨ ਸੁਰੱਖਿਆ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਅਤੇ ਭਾਰਤ ਵਿੱਚ ਖਾਸ ਕਰਕੇ ਉੱਤਰੀ ਖੇਤਰ ਵਿੱਚ ਪੈਦਾ ਕੀਤੀ ਕਣਕ ਪੂਰੀ ਦੁਨੀਆਂ ਵਿੱਚ ਅੰਨ ਸੁਰੱਖਿਆ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪੇਂਡੂ ਖੇਤਰ ਵਿੱਚ ਆਰਥਿਕ ਉਥਾਨ ਅਤੇ ਵਾਤਾਵਰਨ ਸੰਬੰਧੀ ਚੁਣੌਤੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ । ਇਸ ਮੌਕੇ ਡਾ: ਚੀਮਾ ਨੇ ਦੱਸਿਆ ਕਿ ਪੰਜਾਬ ਪ੍ਰਦੇਸ਼ ਵੱਲੋਂ ਕੇਂਦਰੀ ਅੰਨ ਭੰਡਾਰ ਵਿੱਚ 60 ਫੀ ਸਦੀ ਕਣਕ, 40 ਫੀ ਸਦੀ ਝੋਨਾ, 50 ਫੀ ਸਦੀ ਖੁੰਭਾਂ, 25 ਫੀ ਸਦੀ ਸ਼ਹਿਦ ਅਤੇ 10 ਫੀ ਸਦੀ ਕਪਾਹ ਝੋਲੀ ਪਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਮੁੱਖ ਟੀਚਾ ਕਿਰਸਾਨੀ ਦੀਆਂ ਜ਼ਰੂਰਤਾਂ ਅਨੁਸਾਰ ਤਕਨਾਲੋਜੀ ਵਿਕਸਤ ਕਰਨਾ, ਉਸ ਦਾ ਪਸਾਰਾ ਕਰਨਾ ਅਤੇ ਸਿੱਖਿਆ ਪ੍ਰਦਾਨ ਕਰਨਾ ਹੈ। ਇਸ ਮੌਕੇ ਗ੍ਰਹਿ ਵਿਗਿਆਨ ਕਾਲਜ ਦੇ ਡੀਨ ਅਤੇ ਕਾਰਜਕਾਰੀ ਅਪਰ ਨਿਰਦੇਸ਼ਕ ਸੰਚਾਰ ਡਾ: ਨੀਲਮ ਗਰੇਵਾਲ, ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ: ਪਿਰਤਪਾਲ ਸਿੰਘ ਲੁਬਾਣਾ, ਕਾਲਜ ਆਫ ਬੇਸਿਕ ਸਾਇੰਸ ਦੇ ਡੀਨ ਡਾ: ਰਾਜਿੰਦਰ ਸਿੰਘ ਸਿੱਧੂ ਨੇ ਵੀ ਵਿਚਾਰ ਚਰਚਾ ਵਿੱਚ ਭਾਗ ਲਿਆ। ਵਫਦ ਦੇ ਮੈਂਬਰਾਂ ਨੂੰ ਜੀ ਆਇਆਂ ਕਹਿੰਦਿਆਂ ਡਾ: ਗਰੇਵਾਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਲਗਾਏ ਜਾਂਦੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਵੱਲੋਂ ਪਾਣੀ ਦੀ ਸਾਂਭ ਸੰਭਾਲ, ਵੱਧ ਝਾੜ, ਬੀਮਾਰੀਆਂ ਅਤੇ ਕੀੜਿਆਂ ਦੇ ਟਾਕਰੇ, ਭੋਜਨ ਡੱਬਾਬੰਦੀ, ਮੰਡੀਕਰਨ, ਸਿਖਲਾਈ ਕੋਰਸਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਅਪਰ ਨਿਰਦੇਸ਼ਕ ਖੋਜ ਡਾ: ਟੀ ਐਸ ਥਿੰਦ ਅਤੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ: ਹਰਜੀਤ ਸਿੰਘ ਧਾਲੀਵਾਲ ਵੱਲੋਂ ਇਸ ਖੇਤਰ ਵਿੱਚ ਕਣਕ ਦੀ ਫ਼ਸਲ ਤੇ ਹੋਣ ਵਾਲੇ ਬੀਮਾਰੀਆਂ ਦੇ ਹਮਲੇ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਕਾਰਗੁਜਾਰੀ ਬਾਰੇ ਚਾਨਣਾ ਪਾਇਆ।