ਬਰਸੇਲਜ਼- ਅਮਰੀਕਾ ਨੇ ਨੈਟੋ ਨੂੰ ਇਸ ਗੱਲ ਤੋਂ ਜਾਣੂੰ ਕਰਵਾਇਆ ਹੈ ਕਿ ਅਮਰੀਕੀ ਸੈਨਾ ਬਜਟ ਦੀ ਕਮੀ ਨਾਲ ਜੂਝ ਰਹੀ ਹੈ। ਇਸ ਕਰਕੇ ਅਜਿਹੇ ਹਾਲਾਤ ਦੌਰਾਨ ਉਸ ਦੇ ਲਈ ਨੈਟੋ ਦੇ ਰੱਖਿਆ ਬਜਟ ਵਿੱਚ ਕਿਸੇ ਵੀ ਤਰ੍ਹਾਂ ਦੇ ਘਾਟੇ ਨੂੰ ਪੂਰਿਆਂ ਕਰਨਾ ਮੁਸ਼ਕਿਲ ਹੋਵੇਗਾ।
ਅਮਰੀਕਾ ਦੇ ਰੱਖਿਆ ਮੰਤਰੀ ਲਿਓਨ ਪੇਨੇਟਾ ਨੇ ਕਿਹਾ ਹੈ ਕਿ ਆਰਥਿਕ ਦਬਾਅ ਨੂੰ ਵੇਖਦੇ ਹੋਏ ਨੈਟੋ ਅਤੇ ਉਸ ਦੇ ਸਾਥੀ ਦੇਸ਼ਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ।ਉਨ੍ਹਾਂ ਨੇ ਬਰਸੇਲਜ਼ ਵਿੱਚ ਕਿਹਾ, “ਅਮਰੀਕਾ ਦੇ ਰੱਖਿਆ ਬਜਟ ਦੇ ਸਬੰਧ ਵਿੱਚ ਕਈ ਲੋਕ ਸੋਚ ਸਕਦੇ ਹਨ ਕਿ ਇਹ ਬਹੁਤ ਵੱਡਾ ਹੈ, ਪਰ ਕਈ ਤਰ੍ਹਾਂ ਦੀਆਂ ਸਮਸਿਆਵਾਂ ਕਰਕੇ ਅਸਾਂ ਇਸ ਵਿੱਚ ਭਾਰੀ ਕਟੌਤੀ ਕੀਤੀ ਹੈ। ਇਸ ਦਾ ਅਸਰ ਨੈਟੋ ਦੀ ਕਾਰਜ ਕੁਸ਼ਲਤਾ ਤੇ ਵੀ ਪੈ ਸਕਦਾ ਹੈ।” ਪੇਨੇਟਾ ਨੇ ਇਹ ਵੀ ਕਿਹਾ ਕਿ ਅਮਰੀਕੀ ਸੈਨਾ ਦੇ ਰੱਖਿਆ ਬਜਟ ਵਿੱਚ 450 ਅਰਬ ਡਾਲਰ ਦੀ ਕਟੌਤੀ ਕੀਤੀ ਗਈ ਹੈ। ਇਸ ਮੁਸ਼ਕਿਲ ਸਮੇਂ ਵਿੱਚ ਸੱਭ ਨੂੰ ਮਿਲ ਕੇ ਇਸ ਦਾ ਹਲ ਕਢਣਾ ਚਾਹੀਦਾ ਹੈ।