ਸੈਨਫਰਾਂਸਿਸਕੋ – ਇਲੈਕਟਰਾਨਿਕਸ ਦੇ ਉਦਯੋਗ ਵਿੱਚ ਆਈਪਾਡ, ਆਈਫ਼ੋਨ ਅਤੇ ਆਈਪੈਡ ਦੇ ਨਿਰਮਾਤਾ ਅਤੇ ਐਪਲ ਦੇ ਸਹਿ-ਸੰਸਥਾਪਕ ਸਟੀਵ ਜਾਬਸ ਦਾ 56 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਆਪਣੇ ਪਿੱਛੇ ਪੂਰੀ ਦੁਨੀਆਂ ਵਿੱਚ ਕਰੋੜਾਂ ਪ੍ਰਸੰਸਕ ਛੱਡ ਗਏ ਹਨ।ਉਨ੍ਹਾਂ ਦੀ ਮੌਤ ਤੇ ਦੁਨੀਆਂਭਰ ਵਿੱਚ ਸੋਗ ਦੀ ਲਹਿਰ ਦੌੜ ਗਈ।
ਸਟੀਵ ਨੇ ਕੈਲੇਫੋਰਨੀਆਂ ਦੇ ਪਾਲੋ ਆਲਟੋ ਵਿੱਚ ਆਪਣੇ ਅੰਤਿਮ ਸਵਾਸ ਪੂਰੇ ਕੀਤੇ। ਉਨ੍ਹਾਂ ਦੀ ਮੌਤ ਪੈਕਿਰਿਅਸ ਕੈਂਸਰ ਕਰਕੇ ਹੋਈ। ਉਨ੍ਹਾਂ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਐਪਲ ਨੇ ਨਵਾਂ ਆਈਫ਼ੋਨ 4ਐਸ ਬਾਜ਼ਾਰ ਵਿੱਚ ਉਤਾਰਿਆ। ਰਾਸ਼ਟਰਪਤੀ ਓਬਾਮਾ ਨੇ ਸਟੀਵ ਨੂੰ ਅਮਰੀਕਾ ਦੇ ਮਹਾਨ ਖੋਜਕਾਰਾਂ ਦੀ ਸੂਚੀ ਵਿੱਚ ਰੱਖਿਆ। ਬਿਲ ਗੇਟਸ ਨੇ ਵੀ ਸਟੀਵ ਦੇ ਯੋਗਦਾਨ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਉਸ ਨੂੰ ਯਾਦ ਰੱਖਣਗੀਆਂ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਵੀ ਸਟੀਵ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਸਟੀਵ ਆਪਣੇ ਪਿੱਛੇ ਪਤਨੀ ਲੌਰੇਨ ਅਤੇ ਚਾਰ ਬੱਚੇ ਛੱਡ ਗਏ ਹਨ। ਉਨ੍ਹਾਂ ਦਾ ਜਨਮ 24 ਫਰਵਰੀ 1955 ਵਿੱਚ ਸੀਰੀਆਈ ਮੂ਼ਲ ਦੇ ਅਬਦਲਫਤਿਹ ਜਿੰਦਾਲੀ ਅਤੇ ਜੋਆਨ ਕੈਰੋਲ ਦੇ ਘਰ ਹੋਇਆ। ਬਾਅਦ ਵਿੱਚ ਸਟੀਵ ਨੂੰ ਪਾਲ ਜਾਬਸ ਨੇ ਗੋਦ ਲੈ ਲਿਆ ਸੀ। ਐਪਲ ਨੇ ਇੱਕ ਬਿਆਨ ਵਿੱਚ ਕਿਹਾ ਹੈ, “ਐਪਲ ਨੇ ਇੱਕ ਦੂਰਦਰਸ਼ੀ ਅਤੇ ਰਚਨਸ਼ੀਲ ਪ੍ਰਤਿਭਾ ਅਤੇ ਦੁਨੀਆਂ ਦੇ ਇੱਕ ਵੰਡਰਫੁੱਲ ਇਨਸਾਨ ਨੂੰ ਖੋਹ ਦਿੱਤਾ ਹੈ।”