ਅੰਮ੍ਰਿਤਸਰ:– ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 477ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਵਿਲੱਖਣ ਨਗਰ ਕੀਰਤਨ ਆਯੋਜਤ ਕੀਤਾ ਗਿਆ। ਨਗਰ ਕੀਰਤਨ ਵਿਚ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀ, ਸਟਾਫ, ਸ਼ਹਿਰ ਦੀਆਂ ਵੱਖ-ਵੱਖ ਬੈਂਡ ਪਾਰਟੀਆਂ, ਧਾਰਮਿਕ ਸਭਾ-ਸੁਸਾਇਟੀਆਂ ਸ਼ਬਦੀ ਜਥੇ, ਗਤਕਾ ਪਾਰਟੀਆਂ ਤੇ ਗੁਰੂ-ਜਸ ਗਾਇਨ ਕਰਦੀਆਂ ਪੈਦਲ ਸੰਗਤਾਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ’ਤੇ ਹਵਾਈ ਜ਼ਹਾਜ ਰਾਹੀਂ ਫੁੱਲ-ਪੱਤੀਆਂ ਦੀ ਵਰਖਾ ਕੀਤੀ ਗਈ।
ਸੁੰਦਰ ਫੁੱਲਾਂ ਨਾਲ ਸਜੀ ਹੋਈ ਸੁਨਹਿਰੀ ਪਾਲਕੀ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਸਤਿਕਾਰ ਵਜੋਂ ਸਿਰੋਪਾਓ ਭੇਟ ਕੀਤੇ। ਇਸ ਮੌਕੇ ਉਨ੍ਹਾਂ ਮੀਡੀਏ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮੁੱਚੇ ਸਿੱਖ ਜਗਤ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼-ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸਾਨੂੰ ਸਭ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ 9 ਅਕਤੂਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਸਮਾਪਤੀ ਤੀਕ ਇਲਾਹੀ ਬਾਣੀ ਦੇ ਕੀਰਤਨ ਦਾ ਪੀ.ਟੀ.ਸੀ. ਚੈਨਲ ਰਾਹੀਂ ਸਿਧਾ ਪ੍ਰਸਾਰਨ ਹੋਵੇਗਾ, ਜਿਸ ਦਾ ਸੰਸਾਰ ਭਰ ਦੀਆਂ ਸੰਗਤਾਂ ਦੂਰ-ਦੁਰਾਡੇ ਬੈਠਿਆਂ ਅਨੰਦ ਮਾਣ ਸਕਣਗੀਆਂ। ਉਨ੍ਹਾਂ ਨਗਰ ਕੀਰਤਨ ’ਚ ਸ਼ਮੂਲੀਅਤ ਕਰਨ ਵਾਲੀਆਂ ਸਭਾ-ਸੁਸਾਇਟੀਆਂ, ਸਿੱਖ ਸੰਗਤਾਂ ਤੇ ਸਮੂੰਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਪੰਥ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ।
ਨਗਰ ਕੀਰਤਨ ਦੁਪਹਿਰ 12:30 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਜੋ ਸ੍ਰੀ ਗੁਰੂ ਰਾਮਦਾਸ ਨਿਵਾਸ ਤੋਂ ਬ੍ਰਹਮ ਬੂਟਾ ਮਾਰਕੀਟ, ਚੌਂਕ ਘੰਟਾ ਘਰ, ਬਜ਼ਾਰ ਮਾਈ ਸੇਵਾਂ, ਬਜ਼ਾਰ ਕਾਠੀਆਂ, ਬਜ਼ਾਰ ਪਾਪੜਾਂ, ਬਜ਼ਾਰ ਬਾਂਸਾਂ, ਚੌਂਕ ਛੱਤੀ ਖੂਹੀ, ਚਾਵਲਮੰਡੀ, ਦਾਲ ਮੰਡੀ, ਚੌਂਕ ਢਾਬ ਵਸਤੀ ਰਾਮ, ਚੌਂਕ ਲਛਮਣਸਰ, ਚੌਂਕ ਮੋਨੀ, ਚੌਂਕ ਕਰੌੜੀ, ਚੌਂਕ ਬਾਬਾ ਸਾਹਿਬ, ਚੌਂਕ ਪ੍ਰਾਗਦਾਸ ਤੇ ਸ੍ਰੀ ਗੁਰੁ ਰਾਮਦਾਸ ਨਿਵਾਸ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੰਨ ਹੋਇਆ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ 9 ਅਕਤੂਬਰ ਨੂੰ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਪਿੰਡ, ਗੁਰਦੁਆਰਾ ਸ੍ਰੀ ਪਿਪਲੀ ਸਾਹਿਬ ਅਤੇ ਭਾਈ ਵੀਰ ਸਿੰਘ ਹਾਲ ਲਾਰੰਸ ਰੋਡ ਤੋਂ ਸਵੇਰੇ 6 ਵਜੇ ਪ੍ਰਭਾਤ ਫੇਰੀਆਂ ਆਰੰਭ ਹੋਣਗੀਆਂ ਜੋ ਵੱਖ-ਵੱਖ ਬਜ਼ਾਰਾਂ ’ਚ ਹੁੰਦੀਆਂ ਹੋਈਆਂ 9 ਵਜੇ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾਘਰ ਵਿਖੇ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਇਸੇ ਦਿਨ ਦੁਪਹਿਰ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ-ਸੰਚਾਰ ਹੋਵੇਗਾ, ਅੰਮ੍ਰਿਤ-ਅਭਿਲਾਖੀ ਤਿਆਰ ਬਰ ਤਿਆਰ ਹੋ ਕੇ ਸਮੇਂ ਸਿਰ ਪੁੱਜਣ ਦੀ ਖੇਚਲ ਕਰਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾਘਰ ਵਿਖੇ ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਤ ਸਿੱਖ ਧਰਮ, ਗੁਰਮਤਿ ਤੇ ਇਤਿਹਾਸ ਨਾਲ ਸਬੰਧਤ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਗੁਰਪੁਰਬ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਸੁੰਦਰ ਜਲੌਅ ਸਜਾਏ ਜਾਣਗੇ। ਇਸੇ ਦਿਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਰਾ ਦਿਨ ਦੀਵਾਨ ਸਜਣਗੇ ਜਿਥੇ ਨਾਮਵਰ ਰਾਗੀ, ਢਾਡੀ, ਕਵੀ, ਕੀਰਤਨੀ ਜਥੇ ਤੇ ਨਾਮਵਰ ਵਿਦਵਾਨ ਬੀਰ-ਰਸੀ ਵਾਰਾਂ, ਇਲਾਹੀ ਬਾਣੀ ਦੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ-ਜਸ ਸਰਵਣ ਕਰਾਉਣਗੇ। ਰਾਤ 8 ਵਜੇ ਤੋਂ ਦੇਰ ਰਾਤ ਤੱਕ ਵਿਸ਼ੇਸ਼ ਕਵੀ ਸਮਾਗਮ ਹੋਵੇਗਾ ਜਿਸ ’ਚ ਨਾਮਵਰ ਪੰਥਕ ਕਵੀ ਸ਼ਮੂਲੀਅਤ ਕਰਨਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਬੰਧਤ ਗੁਰਦੁਆਰਾ ਸਾਹਿਬਾਨ ਵਿਖੇ ਦੀਪਮਾਲਾ ਹੋਵੇਗੀ ਅਤੇ ਸ਼ਾਮ ਨੂੰ ਰਹਿਰਾਸ ਦੇ ਪਾਠ ਉਪਰੰਤ ਆਤਿਸ਼ਬਾਜੀ ਚਲਾਈ ਜਾਵੇਗੀ। ਉਨ੍ਹਾਂ ਸਮੂੰਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਆਓ ਸਜੇ ਹੋਏ ਦੀਵਾਨਾਂ ’ਚ ਹਾਜ਼ਰੀਆਂ ਭਰਕੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ।
ਅੱਜ ਨਗਰ ਕੀਰਤਨ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗੰ੍ਰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਗ੍ਰੰਥੀ ਗਿਆਨੀ ਮੱਲ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ, ਮੈਂਬਰਾਨ ਸ਼੍ਰੋਮਣੀ ਕਮੇਟੀ ਸ. ਰਾਜਿੰਦਰ ਸਿੰਘ ਮਹਿਤਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਮਨਜੀਤ ਸਿੰਘ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਗੁਰਿੰਦਰਪਾਲ ਸਿੰਘ ਕਾਦੀਆਂ ਤੇ ਦਿਲਬਾਗ ਸਿੰਘ ਪਠਾਨਕੋਟ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ. ਉਪਕਾਰ ਸਿੰਘ ਸੰਧੂ, ਵਿਧਾਇਕ ਓਮ ਪ੍ਰਕਾਸ਼ ਸੋਨੀ, ਬਾਬਾ ਹਰੀਦੇਵ ਸਿੰਘ ਜੀ ਈਸਾਪੁਰ, ਸਕੱਤਰ ਸ. ਦਲਮੇਘ ਸਿੰਘ ਖੱਟੜਾ, ਐਡੀ. ਸਕੱਤਰ ਸ. ਤਰਲੋਚਨ ਸਿੰਘ, ਸ. ਸਤਿਬੀਰ ਸਿੰਘ, ਸ. ਮਨਜੀਤ ਸਿੰਘ, ਸ. ਮਹਿੰਦਰ ਸਿੰਘ ਆਹਲੀ, ਸ. ਹਰਭਜਨ ਸਿੰਘ, ਸਿੱਖ ਇਤਿਹਾਸ ਰਿਸਰਚ ਬੋਰਡ ਦੇ ਡਾਇਰੈਕਟਰ ਸ. ਰੂਪ ਸਿੰਘ, ਮੀਤ ਸਕੱਤਰ ਸ. ਰਾਮ ਸਿੰਘ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਪ੍ਰਮਜੀਤ ਸਿੰਘ ਸਰੋਆ, ਸ. ਅੰਗਰੇਜ਼ ਸਿੰਘ, ਸ. ਹਰਭਜਨ ਸਿੰਘ ਮਨਾਵਾਂ, ਸ. ਕੇਵਲ ਸਿੰਘ, ਸ. ਜਸਪਾਲ ਸਿੰਘ, ਸ. ਕੁਲਦੀਪ ਸਿੰਘ ਬਾਵਾ, ਸ. ਛਿੰਦਰ ਸਿੰਘ, ਸ. ਬਲਵਿੰਦਰ ਸਿੰਘ ਜੌੜਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ ਮੱਲ੍ਹੀ ਤੇ ਸ. ਪ੍ਰਤਾਪ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ, ਸ. ਪ੍ਰਮਜੀਤ ਸਿੰਘ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ, ਸਹਾਇਕ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ, ਸ. ਗੁਰਦੇਵ ਸਿੰਘ ਉਬੋਕੇ ਤੇ ਸ. ਨਿਸ਼ਾਨ ਸਿੰਘ, ਚੀਫ਼ ਅਕਾਊਂਟੈਂਟ ਸ. ਹਰਿੰਦਰਪਾਲ ਸਿੰਘ, ਚੀਫ਼ ਗੁਰਦੁਆਰਾ ਇੰਸਪੈਕਟਰ ਸ. ਮੁਖਤਾਰ ਸਿੰਘ ਤੇ ਸ. ਜਗੀਰ ਸਿੰਘ, ਗੁਰਦੁਆਰਾ ਸੱਤਕਰਤਾਰੀਆ ਬਟਾਲਾ ਦੇ ਮੈਨੇਜਰ ਸ. ਗੁਰਤਿੰਦਰਪਾਲ ਸਿੰਘ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਸ੍ਰੀ ਦਰਬਾਰ ਸਾਹਿਬ ਦਾ ਸਟਾਫ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ।