ਨਵੀਂ ਦਿੱਲੀ – ਦਿੱਲੀ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਅਨੰਦਪੁਰ ਵਿਖੇ ਸਥਿਤ ‘‘ਖਾਲਸਾ ਵਿਰਾਸਤੀ ਕੇਂਦਰ’’ ਦੇ ਉਦਘਾਟਨ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨੂੰ ਦਿੱਤੇ ਗਏ ਸੱਦੇ ਨੂੰ ਹਾਸੋਹੀਣਾ ਕਰਾਰ ਦਿੰਦਿਆ ਕਿਹਾ ਕਿ ਇਸ ਕੇਂਦਰ ਦਾ ਉਦਘਾਟਨ ਤਾਂ 2005 ਵਿੱਚ ਤੱਤਕਾਲੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਡਾਂ ਮਨਮੋਹਨ ਸਿੰਘ ਨੂੰ ਦੁਬਾਰਾ ਉਦਘਾਟਨ ਕਰਨ ਦੇ ਬਾਦਲ ਨਾਲ ਕੀਤੇ ਵਾਅਦੇ ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ।
ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀ ਸ੍ਰੀ ਸਰਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾਂ ਹੀ ਦੂਸਰਿਆ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਹਨਾਂ ਦਾ ਮਕਸਦ ਕੇਵਲ ਉਦਘਾਟਨ ਨਹੀ ਸਗੋਂ ਪ੍ਰਧਾਨ ਮੰਤਰੀ ਦੇ ਕੰਨਾੜਿਆ ਤੇ ਚੜ ਕੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਫਾਇਦਾ ਹਾਸਲ ਕਰਨਾ ਹੈ। ਉਹਨਾਂ ਕਿਹਾ ਕਿ ਕਿ ਪ੍ਰਧਾਨ ਮੰਤਰੀ ਡਾਂ ਮਨਮੋਹਨ ਸਿੰਘ ਨੂੰ ਵੀ ਬਾਦਲ ਨਾਲ ਉਦਘਾਟਨ ਕਰਨ ਦੇ ਕੀਤੇ ਵਾਅਦੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਕਿਉਕਿ ਪ੍ਰਧਾਨ ਮੰਤਰੀ ਵੱਲੋਂ ਕਿਸੇ ਪ੍ਰਾਜੈਕਟ ਦਾ ਦੁਬਾਰਾ ਉਦਘਾਟਨ ਕਰਨਾ ਉਹਨਾਂ ਦੀ ਸਾਫ ਸਥਰੀ ਛਵੀ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਸ੍ਰੀ ਸਰਨਾ ਨੇ ਕਿਹਾ ਕਿ ਬਾਦਲ ਤਾਂ ਅਜਿਹੀਆ ਤਿਕੜਮਬਾਜੀਆ ਦਾ ਬਾਦਸ਼ਾਹ ਹੈ ਅਤੇ ਦਿੱਲੀ ਵਿੱਚ ਵੀ ਇਸ ਨੇ ਇੱਕ ਵਾਰੀ ਕਾਰ ਸੇਵਾ ਵਾਲੇ ਮਹਾਂਪੁਰਸ਼ ਮਰਹੂਮ ਬਾਬਾ ਹਰਬੰਸ ਸਿੰਘ ਵੱਲੋਂ ਉਦਘਾਟਨ ਕੀਤੇ ਇੱਕ ਪ੍ਰਾਜੈਕਟ ਦਾ ਪੱਥਰ ਹੱਟਾ ਕੇ ਉਥੇ ਆਪਣਾ ਨਾਮ ਲਿਖਵਾਉਣ ਲਈ ਨਵਾਂ ਪੱਧਰ ਲਗਵਾ ਦਿੱਤਾ ਸੀ। ਉਹਨਾਂ ਕਿਹਾ ਕਿ ਬਾਦਲ ਦਾ ਸ਼ੈਤਾਨ ਦਿਮਾਗ ਪ੍ਰਧਾਨ ਮੰਤਰੀ ਲਈ ਕੋਈ ਨਵੀ ਸਿਰਦਰਦੀ ਖੜੀ ਕਰ ਸਕਦਾ ਹੈ ਇਸ ਲਈ ਪ੍ਰਧਾਨ ਮੰਤਰੀ ਨੂੰ ਕੋਈ ਕਦਮ ਸੋਚ ਸਮਝ ਕੇ ਪੁੱਟਣਾ ਚਾਹੀਦਾ ਹੈ। ਉਹਨਾਂ ਬਾਦਲ ਨੂੰ ਸੁਝਾ ਦਿੱਤਾ ਕਿ ਉਹ ਪੱਥਰਾਂ ਦੀ ਰਾਜਨੀਤੀ ਕਰਨ ਦੀ ਬਜਾਏ ਸਮਾਜ ਸੇਵਾ ਦੀ ਰਾਜਨੀਤੀ ਕਰਨ ਤਾਂ ਕਿ ਲੋਕਾਂ ਵਿੱਚ ਉਹ ਆਪਣਾ ਵਿਗਿੜਿਆ ਅਕਸ਼ ਸੁਧਾਰ ਸਕੇ। ਉਹਨਾਂ ਕਿਹਾ ਕਿ ਬਾਦਲ ਸਹਿਬ ਨੂੰ ਚਾਹੀਦਾ ਹੈ ਕਿ ਉਹ ਨਿੱਜਵਾਦ, ਚਾਪਲੂਸੀ, ਲੋਭ ਲਾਲਚ, ਹਉਮੈ ਤੇ ਬੇਈਮਾਨੀ ਦੀ ਬਜਾਏ ਪਰਉਪਕਾਰ, ਤਿਆਗ ਤੇ ਕੁਰਬਾਨੀ ਦੀ ਭਾਵਨਾ ਨੂੰ ਅਪਨਾਉਣ ਜਿਹੜੀ ਅਕਾਲੀ ਦਲ ਦੀ ਪ੍ਰੀਭਾਸ਼ਾ ਦੀ ਗਵਾਹੀ ਭਰਦੇ ਹਨ । ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਤੇ ਉਸਦੀ ਜੁੰਡਲੀ ਨੂੰ ਆਪਣੀ ਹਾਰ ਸਪੱਸ਼ਟ ਚਿੱਟੇ ਦਿਨ ਵਾਂਗ ਨਜ਼ਰ ਆ ਰਹੀ ਹੈ ਅਤੇ ਉਹ ਹੁਣ ਪ੍ਰਧਾਨ ਮੰਤਰੀ ਦੀ ਸਾਫ ਸੁਥਰੀ ਦਾ ਸਹਾਰਾ ਲੈ ਕੇ ਆਪਣੀ ਹਾਰ ਨੂੰ ਜਿੱਤ ਵਿੱਚ ਤਬਦੀਲ ਕਰਨ ਲਈ ਯਤਨਸ਼ੀਲ ਹਨ ਪਰ ਇਹ ਪੈਂਡਾ ਤਹਿ ਕਰਨਾ ਇੰਨਾ ਸੌਖਾ ਤੇ ਆਸਾਨ ਨਹੀਂ ਹੈ।