ਭਾਰਤ ਜਿਸਨੂੰ ਹਿੰਦੂ ਧਰਮ ਅਨੁਸਾਰ 33 ਕਰੋੜ ਦੇਵੀ ਦੇਵਤਿਆਂ ਦਾ ਦੇਸ਼ ਕਿਹਾ ਜਾਂਦਾ ਹੈ। ਜਿਸਦੀ ਆਬਾਦੀ ਹੁਣ ਡੇਢ ਅਰਬ ਤੱਕ ਪਹੁੰਚ ਗਈ ਹੈ। ਇਸ ਹਿਸਾਬ ਨਾਲ ਉਂਗਲਾਂ ‘ਤੇ ਗਿਣੇ ਜਾਣ ਵਾਲੇ ਲੋਕਾਂ ਦੇ ਹਿੱਸੇ ਇਕ ਦੇਵਤਾ ਆਉਂਦਾ ਹੈ। ਪਰੰਤੂ ਜਦੋਂ ਭਾਰਤ ਮੌਜੂਦਾ ਸਮੇਂ ਵੱਧ ਰਹੀਆਂ ਬੁਰਾਈਆਂ ਦੀ ਗਿਣਤੀ ਕੀਤੀ ਜਾਵੇ ਤਾਂ ਉਹ ਕਿਤੇ ਵੱਧ ਬਣਦੀ ਹੈ। ਇਥੇ ਅਜੇ ਮੁਸਲਮਾਨ, ਸਿੱਖ ਅਤੇ ਈਸਾਈ ਧਰਮ ਦੇ ਪੈਗੰਬਰਾਂ, ਗੁਰੂ ਸਾਹਿਬਾਨ ਦਾ ਜਿਕਰ ਨਹੀਂ ਕੀਤਾ ਗਿਆ।
ਇਸੇ ਹੀ ਇਤਿਹਾਸ ਦੌਰਾਨ ਵਾਪਰੀ ਦੁਸਹਿਰੇ ਦੀ ਘਟਨਾ ਅਨੁਸਾਰ ਹਰ ਸਾਲ ਭਾਰਤ ਵਿਚ ਸੀਤਾ ਨੂੰ ਚੁਕਕੇ ਲਿਜਾਣ ਵਾਲੇ ਬੁਰਾਈ ਦੇ ਪ੍ਰਤੀਕ ਰਾਵਣ ਨੂੰ ਰਾਮਲੀਲਾ ਦੌਰਾਨ ਰਾਮ ਹੱਥੋਂ ਮਾਰ ਦੇਣ ਤੋਂ ਉਪਰੰਤ ਬੜੀ ਹੀ ਸ਼ਾਨ ਨਾਲ ਰਾਵਣ ਦਾ ਦਾਹ ਸੰਸਕਾਰ ਕਰ ਦੇਣ ਤੋਂ ਬਾਅਦ ਸਾਰਾ ਭਾਰਤ ਸਿਰਹਾਣੇ ਹੇਠਾਂ ਬਾਂਹ ਧਰਕੇ ਸੌਂ ਜਾਂਦਾ ਹੈ ਕਿ ਉਨ੍ਹਾਂ ਨੇ ਬੁਰਾਈ ਨੂੰ ਖ਼ਤਮ ਕਰ ਦਿੱਤਾ ਹੈ। ਇਸੇ ਹੀ ਭਾਰਤ ਵਿਚ ਹੁਣ ਰੋਜ਼ਾਨਾ ਅਨੇਕਾਂ ਹੀ ਸੀਤਾ ਰੂਪੀ ਮਾਵਾਂ, ਧੀਆਂ, ਭੈਣਾਂ ਨੂੰ ਅਨੇਕਾਂ ਹੀ ਗੁੰਡਾ ਕਿਸਮ ਦੇ ਰਾਵਣਾਂ ਹੱਥੋਂ ਬੇਇੱਜ਼ਤ ਕੀਤਾ ਜਾਂਦਾ ਹੈ, ਪਰ ਸਾਰੇ ਭਾਰਤਵਾਸੀ ਇਸ ਗੱਲ ਤੋਂ ਹੀ ਸੰਤੁਸ਼ਟ ਹਨ ਕਿ ਉਨ੍ਹਾਂ ਨੇ ਇਕ ਰਾਵਣ ਨੂੰ ਮਾਰਕੇ ਸਾਰੀਆਂ ਹੀ ਬੁਰਾਈਆਂ ਦਾ ਖ਼ਾਤਮਾ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਮੌਜੂਦਾ ਸਮੇਂ ਭਾਰਤ ਵਿਚ ਏਡਜ਼ ਨਾਮ ਦੀ ਨਾਮੁਰਾਦ ਬੀਮਾਰੀ ਵੱਧਦੀ ਹੀ ਜਾ ਰਹੀ ਹੈ। ਇਥੇ ਮੈਂ ਕਿਸੇ ਦੀਆਂ ਧਾਰਮਕ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਦੀ ਗੱਲ ਨਹੀਂ ਕਰ ਰਿਹਾ। ਬੱਸ ਇੰਨਾ ਹੀ ਕਹਿਣ ਦੀ ਕੋਸਿ਼ਸ਼ ਕਰ ਰਿਹਾ ਹਾਂ ਕਿ ਰਾਵਣ ਵਲੋਂ ਸੀਤਾ ਦਾ ਅਪਹਰਣ ਕਰਨ ਦੀ ਇਕ ਗਲਤੀ ਕੀਤੀ ਗਈ ਅਤੇ ਭਾਰਤ ਵਿਚ ਉਸਦੇ ਪੁਤਲੇ ਹਰ ਸਾਲ ਸਾੜੇ ਜਾਂਦੇ ਨੇ। ਇਸਦੇ ਨਾਲ ਹੀ ਇਸੇ ਹੀ ਦੇਸ਼ ਵਿਚ ਅਨੇਕਾਂ ਹੋਰਨਾਂ ਬੁਰਾਈਆਂ ਉਪਜ ਰਹੀਆਂ ਹਨ ਉਨ੍ਹਾਂ ਬੁਰਾਈਆਂ ਨੂੰ ਖ਼ਤਮ ਕਰਨ ਲਈ ਭਾਰਤਵਾਸੀ ਕੀ ਸੋਚ ਰਹੇ ਹਨ?
ਇਨ੍ਹਾਂ ਬੁਰਾਈਆਂ ਦੀ ਗਿਣਤੀ ਭ੍ਰਿਸ਼ਟ ਲੀਡਰਾਂ ਹੱਥੋਂ ਗਰੀਬਾਂ ਦਾ ਹੱਕ ਖੋਹਣ ਤੋਂ ਸ਼ੁਰੂ ਕਰ ਲਈ ਜਾਵੇ ਜਾਂ ਫਿਰ ਸਰਕਾਰੀ ਦਫ਼ਤਰਾਂ ਵਿਚ ਮੁਲਾਜ਼ਮਾਂ, ਪੁਲਿਸ ਸਟੇਸ਼ਨਾਂ ਵਿਚ ਪੁਲਿਸ ਵਾਲਿਆਂ, ਸਕੂਲਾਂ ਕਾਲਜਾਂ ਵਿਚ ਟੀਚਰਾਂ ਪ੍ਰੋਫੈਸਰਾਂ ਭਾਵ ਕਿ ਕਿਸੇ ਵੀ ਪਾਸੇ ਤੋਂ ਕਰ ਲਈ ਜਾਵੇ ਤਾਂ ਉਹ ਬਘਿਆੜਾਂ ਵਾਂਗ ਮੂੰਹ ਅੱਡੀ ਬੈਠੇ ਦਿਖਾਈ ਦੇਣਗੇ। ਇਥੋਂ ਤੱਕ ਕਿ ਇਨ੍ਹਾਂ ਨੂੰ ਕਿਸੇ ਆਦਮੀ ਦੀ ਮੌਤ ‘ਤੇ ਤਰਸ ਨਹੀਂ ਆਉਂਦਾ ਸਗੋਂ ਪੁਲਿਸ ਵਾਲੇ ਜਾਂ ਹਸਪਤਾਲਾਂ ਵਾਲੇ ਲਾਸ਼ ਨੂੰ ਉਦੋਂ ਤੱਕ ਪ੍ਰਵਾਰ ਵਾਲਿਆਂ ਨੂੰ ਨਹੀਂ ਦਿੰਦੇ ਜਦੋਂ ਤੱਕ ਉਨ੍ਹਾਂ ਦੀ ਮੁੱਠੀ ਗਰਮ ਨਹੀਂ ਕਰ ਦਿੱਤੀ ਜਾਂਦੀ। ਕਿਸੇ ਸਰਕਾਰੀ ਦਫ਼ਤਰ ਵਿਚੋਂ ਉਸਦੀ ਮੌਤ ਦਾ ਸਰਟੀਫਿਕੇਟ ਹਾਸਲ ਕਰਨਾ ਹੋਵੇ ਤਾਂ ਸਰਕਾਰੀ ਮੁਲਾਜ਼ਮਾਂ ਲਾਲਾਂ ਸੁਟਦੇ ਦਿਖਾਈ ਦੇਣਗੇ। ਕਚਹਿਰੀ ਵਿਚ ਉਸ ਆਦਮੀ ਦੀ ਜਾਇਦਾਦ ਸਬੰਧੀ ਕੋਈ ਮਸਲਾ ਹੋਵੇ ਤਾਂ ਪਟਵਾਰੀ ਅਤੇ ਤਹਿਸੀਲਦਾਰ ਮੂੰਹ ਅੱਡੀ ਖੜੇ ਹੋਣਗੇ। ਫਿਰ ਅਸੀਂ ਕਿਸ ਬੁਰਾਈ ਨੂੰ ਸਾੜਣ ਦੀ ਗੱਲ ਕਰਕੇ ਆਪਣੇ ਆਪ ਨੂੰ ਇਹ ਸਮਝਾ ਲੈਂਦੇ ਹਾਂ ਕਿ ਬੁਰਾਈ ਖ਼ਤਮ ਹੋ ਗਈ।
ਦਾਜ ਦੇ ਲਾਲਚੀਆਂ ਵਲੋਂ ਅਜੇ ਵੀ ਨੂੰਹ ਨੂੰ ਅੱਗ ਦੀ ਭੇਂਟ ਚੜ੍ਹਾਇਆ ਜਾ ਰਿਹਾ ਹੈ। ਉਹ ਵਿਚਾਰੀ ਆਪਣੇ ਸਹੁਰਿਆਂ ਦੇ ਦੁੱਖਾਂ ਤੋਂ ਸੜਕੇ ਹੀ ਮੁਕਤ ਹੁੰਦੀ ਹੈ। ਲੜਕੀ ਪੈਦਾ ਕਰਨ ਦੇ ਦੋਸ਼ ਵਿਚ ਇਕ ਮਾਂ ਦੀ ਕੁੱਖ ਵਿਚ ਹੀ ਬੱਚੀਆਂ ਨੂੰ ਖ਼ਤਮ ਕਰਨ ਦੀ ਬੁਰਾਈ ਅਜੇ ਵੀ ਆਪਣਾ ਫੱਨ ਖਿਲਾਰੀ ਖੜੀ ਹੈ।
ਡਰਗਜ਼ ਦੀ ਮਾਰ ਹੇਠ ਸਾਰੇ ਹੀ ਭਾਰਤ ਦੀ ਨੌਜਵਾਨ ਪੀੜ੍ਹੀ ਇਸ ਕਦਰ ਆ ਗਈ ਹੈ ਕਿ ਉਨ੍ਹਾਂ ਨੂੰ ਆਪਣੇ ਨਸਿਆਂ ਦੀ ਪੂਰਤੀ ਲਈ ਲੁੱਟ ਖੋਹ ਜਾਂ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਹੈ। ਨਸਿਆਂ ਦੀ ਆਦਤ ਤੋਂ ਮਜਬੂਰ ਲੜਕੀਆਂ ਆਪਣਾ ਜਿਸਮ ਤੱਕ ਵੇਚਣ ਲਈ ਤਿਆਰ ਹੋ ਜਾਂਦੀਆਂ ਹਨ। ਫਿਰ ਅਸੀਂ ਭਾਰਤ ਵਿਚ ਗਲੀ ਗਲੀ ਵਿਚ ਰਾਵਣਾਂ, ਮੇਘਨਾਦ ਅਤੇ ਕੁੰਭਕਰਣ ਦੇ ਪੁਤਲਿਆਂ ਨੂੰ ਸਾੜਕੇ ਕਿਸ ਬੁਰਾਈ ਨੂੰ ਖ਼ਤਮ ਕਰਨ ਦੀ ਗੱਲ ਕਰ ਰਹੇ ਹਾਂ।
ਭਾਰਤ ਵਿਚ ਅਮੀਰਾਂ ਦੀ ਲੁੱਟ ਖਸੁੱਟ ਤੋਂ ਮਜਬੂਰ ਕਿਸਾਨ ਖੁਦਕਸ਼ੀਆਂ ਕਰਨ ਲਈ ਮੁਜਬੂਰ ਹੋ ਰਿਹਾ ਹੈ। ਭਰੀ ਜਵਾਨੀ ਵਿਚ ਬੈਂਕਾਂ ਵਾਲਿਆਂ ਵਲੋਂ ਜ਼ਲੀਲ ਹੋਣ ਤੋਂ ਬਚਣ ਲਈ ਉਹ ਆਪਣੀ ਜਾਨ ਤੱਕ ਵਾਰ ਰਿਹਾ ਹੈ। 33 ਕਰੋੜ ਦੇਵਤਿਆਂ ਦੇ ਦੇਸ਼ ਵਿਚ ਇਕ ਅੰਨ੍ਹਾਦਾਤੇ ਦੀ ਜਾਨ ਦੀ ਕੀਮਤ ਇਕ ਜ਼ਹਿਰ ਦੀ ਸ਼ੀਸ਼ੀ ਹੀ ਰਹਿ ਗਈ ਹੈ। ਜਿਸ ਦੇਸ਼ ਵਿਚ ਧਰਮ ਦੇ ਨਾਮ ਉਪਰ ਵੇਹਲੜ੍ਹ ਕਿਸਮ ਦੇ ਸੰਤ ਬਾਬਿਆਂ ਪਾਸ ਲੱਖਾਂ ਕਰੋੜਾਂ ਰੁਪਏ ਹਨ ਪਰ ਸਾਰੇ ਭਾਰਤਵਾਸੀਆਂ ਦਾ ਢਿੱਡ ਭਰਨ ਵਾਲੇ ਕਿਸਾਨ ਦੇ ਲਈ ਕਿਸੇ ਕੋਲ ਹਮਦਰਦੀ ਭਰੇ ਦੋ ਲਫ਼ਜ਼ ਵੀ ਨਹੀਂ ਹਨ।
ਇਥੇ ਇਕ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸਾਡੀ ਸਰਕਾਰ ਇੰਨੀ ਬੇਸ਼ਰਮ ਹੋ ਚੁੱਕੀ ਹੈ ਕਿ ਉਸ ਵਲੋਂ ਇਕ ਸ਼ਹਿਰ ਵਿਚ ਰਹਿਣ ਵਾਲੇ ਆਦਮੀ ਦੇ ਪੰਜ ਮੈਂਬਰਾਂ ਲਈ 32 ਰੁਪਏ ਅਤੇ ਪਿੰਡਾਂ ਵਿਚ ਰਹਿਣ ਵਾਲੇ ਪੰਜ ਜੀਆਂ ਲਈ 25 ਰੁਪਏ ਦਿਹਾੜੀ ਨਿਸਚਿਤ ਕਰਕੇ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜ ਲਿਆ ਗਿਆ ਹੈ। ਮੌਜੂਦਾ ਸਮੇਂ ਭਾਰਤ ਵਿਚ ਅੰਦਾਜ਼ਨ 25-30 ਰੁਪਏ ਤਾਂ ਮੇਰੀ ਜਾਚੇ ਪੰਜਾਂ ਜੀਆਂ ਦੀ ਟਰਾਂਸਪੋਰਟ ਉਪਰ ਹੀ ਖ਼ਰਚ ਹੋ ਜਾਂਦੇ ਹੋਣੇ ਨੇ, ਖਾਣ ਪੀਣ, ਰਹਿਣ ਅਤੇ ਪਹਿਨਣ ਵਾਲੀਆਂ ਚੀਜ਼ਾਂ ਦੀ ਗੱਲ ਤਾਂ ਦੂਰ ਰਹੀ। ਜਿਸ ਦੇਸ਼ ਵਿਚ ਸਰਕਾਰ ਵਲੋਂ ਅਜਿਹੀ ਨਾ-ਸਮਝੀ ਦੀਆਂ ਰਿਪੋਰਟਾਂ ਪੇਸ਼ ਕਰਕੇ ਆਪਣਾਂ ਪੱਲਾ ਝਾੜਿਆ ਜਾ ਰਿਹਾ ਹੈ ਉਸ ਦੇਸ਼ ਵਿਚ ਆਮ ਲੋਕਾਂ ਅਤੇ ਗੁੰਡਾਗਰਦੀ ਕਰਨ ਵਾਲਿਆਂ ਦੀ ਤਾਂ ਗੱਲ ਹੀ ਦੂਰ ਹੈ।
ਪੂਰੇ ਭਾਰਤ ਵਿਚ ਹਰ ਸਾਲ ਜਿੰਨਾਂ ਖਰਚਾ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜਣ ਵਿਚ ਕੀਤਾ ਜਾਂਦਾ ਹੈ, ਉਸ ਰੁਪਏ ਨਾਲ ਜੇ ਕਰਨ ਸਾਡੇ ਲੋਕ ਚਾਹੁਣ ਤਾਂ ਆਜ਼ਾਦੀ ਤੋਂ ਲੈਕੇ ਹੁਣ ਤੱਕ ਸਾਡੇ ਦੇਸ਼ ਵਿਚ ਅਨੇਕਾਂ ਫੈਕਟਰੀਆਂ ਲੱਗ ਸਕਦੀਆਂ ਸਨ। ਇਹ ਹੀ ਨਹੀਂ ਇਥੇ ਦੀਵਾਲੀ ਦੀ ਗੱਲ ਕਰਨੀ ਵੀ ਬਣਦੀ ਹੈ। ਭਾਰਤ ਦੀ ਆਬਾਦੀ ਮੌਜੂਦਾ ਸਮੇਂ ਡੇਢ ਅਰਬ ਦੇ ਕਰੀਬ ਹੈ। ਦੀਵਾਲੀ ਮੌਕੇ ਮਨਾਈ ਆਤਿਸ਼ਬਾਜ਼ੀ ਦਾ ਲੇਖਾ ਜੋਖਾ ਜੇਕਰ ਇਕ ਰੁਪਿਆ ਇਕ ਆਦਮੀ ਵੀ ਲਾਇਆ ਜਾਵੇ ਤਾਂ ਇਸ ਹਿਸਾਬ ਨਾਲ ਅਸੀਂ ਡੇਢ ਅਰਬ ਰੁਪਿਆ ਅੱਗ ਦੀ ਭੇਟ ਚੜ੍ਹਾ ਦਿੰਦੇ ਹਾਂ। ਦੀਵਾਲੀ ਮੌਕੇ ਖੁਸ਼ੀ ਮਨਾਉਣੀ ਲਾਜ਼ਮੀ ਹੀ ਹੈ ਤਾਂ ਕਿਸੇ ਵੱਡੀ ਪਾਰਕ ਜਾਂ ਗਰਾਊਂਡ ਵਿਚ ਆਤਿਸ਼ਬਾਜ਼ੀ ਦਾ ਪ੍ਰਬੰਧ ਕਰ ਲਿਆ ਜਾਵੇ। ਜਿਥੇ ਆਤਿਸ਼ਬਾਜ਼ੀ ਦੇ ਸ਼ੌਕੀਨ ਲੋਕੀਂ ਆਪਣਾ ਚਾਅ ਪੂਰਾ ਕਰ ਲੈਣ। ਵੈਸੇ ਤਾਂ ਇਕ ਰੁਪਿਆ ਪ੍ਰਤੀ ਜੀਅ ਬਹੁਤ ਘੱਟ ਹੈ, ਇਹ ਖਰਚਾ ਤਾਂ ਸੈਕੜਿਆਂ ਅਤੇ ਹਜ਼ਾਰਾਂ ਹੀ ਨਹੀਂ ਸਗੋਂ ਕਈ ਅਮੀਰਾਂ ਵਲੋਂ ਲੱਖਾਂ ਰੁਪਏ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ। ਪਰ ਜੇਕਰ ਇਕ ਰੁਪਏ ਵਾਲੀ ਗੱਲ ‘ਤੇ ਵੀ ਰਹੀਏ ਤਾਂ ਵੀ ਇਕ ਅਰਬ ਨਾਲ ਅਨੇਕਾਂ ਛੋਟੇ ਉਦਯੋਗ ਅਤੇ ਵੱਡੀਆਂ ਫੈਕਟਰੀਆਂ ਹਰ ਸਾਲ ਲੱਗ ਸਕਦੀਆਂ ਹਨ। ਆਜ਼ਾਦੀ ਵੇਲੇ ਭਾਰਤ ਦੀ ਆਬਾਦੀ ਅੰਦਾਜ਼ਨ 35 ਕਰੋੜ ਤੋਂ ਘੱਟ ਸੀ ਅਤੇ ਮਹਿੰਗਾਈ ਵੀ ਬਹੁਤ ਘੱਟ। ਹੁਣ ਸਾਢੇ ਛੇ ਦਹਾਕਿਆਂ ਦੇ ਹਿਸਾਬ ਨਾਲ ਭਾਰਤ ਵਿਚ ਸਿਰਫ਼ ਦਸ਼ਹਿਰੇ ਅਤੇ ਦੀਵਾਲੀ ਰਾਹੀਂ ਹੀ ਦੇਸ਼ ਵਿਚ ਕਿੰਨੀਆਂ ਫੈਕਟਰੀਆਂ ਅਤੇ ਉਦਯੋਗ ਲਾਏ ਜਾ ਸਕਦੇ ਸਨ। ਕਿਸੇ ਅਮੀਰ ਦੇਸ਼ ਜਾਂ ਆਦਮੀ ਵਲੋਂ ਵਾਧੂ ਖਰਚੇ ਕਰਨੇ ਕੋਈ ਵੱਡੀ ਗੱਲ ਨਹੀਂ ਪਰ ਗਰੀਬ ਦੇਸ਼ ਵਿਚ ਪੈਸੇ ਦੀ ਅਜਿਹੀ ਬਰਬਾਦੀ ਨੂੰ ਬਚਣਾ ਅਤਿ ਲਾਜ਼ਮੀ ਹੈ।
ਇਹ ਹੀ ਨਹੀਂ ਜੇਕਰ ਇਕ ਆਦਮੀ ਸਰਕਾਰ ਪਾਸੋਂ ਪਰਮਿਟ ਲੈਕੇ ਇਕ ਬੱਸ ਨਾਲ ਆਪਣਾ ਕਾਰੋਬਾਰ ਸ਼ੁਰੂ ਕਰਦਾ ਹੈ ਤਾਂ ਉਹ ਅਫ਼ਸਰਾਂ, ਲੀਡਰਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਰਿਸ਼ਵਤਾਂ ਦੇਣ ਤੋਂ ਬਾਅਦ ਸਾਲ ਦੋ ਸਾਲ ਵਿਚ ਘੱਟੋ ਘੱਟ ਦੋ ਕੁ ਬੱਸਾਂ ਦਾ ਮਾਲਕ ਤਾਂ ਬਣ ਹੀ ਜਾਂਦਾ ਹੈ। ਪਰ ਸਾਡੇ ਦੇਸ਼ ਦੀਆਂ ਸਰਕਾਰੀ ਰੋਡਵੇਜ਼ ਕਾਰਪੋਰੇਸ਼ਨਾਂ ਅਤੇ ਰੇਲਵੇ ਹਰ ਸਾਲ ਘਾਟੇ ਵਿਚ ਜਾ ਰਹੇ ਹਨ। ਜਦੋਂ ਵੀ ਕਿਸੇ ਰੇਲਵੇ ਸਟੇਸ਼ਨ ‘ਤੇ ਜਾਈਏ ਜਾਂ ਬੱਸ ਅੱਡੇ ‘ਤੇ ਜਾਈਏ ਤਾਂ ਲੋਕੀਂ ਬੱਸਾਂ ਦੇ ਅੰਦਰ ਤਾਂ ਲੱਦੇ ਹੀ ਹੁੰਦੇ ਨੇ ਬਾਹਰ ਤੱਕ ਲਮਕਦੇ ਦਿਖਾਈ ਦਿੰਦੇ ਨੇ। ਇਸਤੋਂ ਤਾਂ ਇਹੀ ਸਾਬਤ ਹੁੰਦਾ ਹੈ ਕਿ ਸਾਡੇ ਸਰਕਾਰੀ ਮੁਲਾਜ਼ਮ ਇਕ ਕਮਾਈ ਵਾਲੇ ਕਾਰੋਬਾਰ ਨੂੰ ਵੀ ਸਿਉਂਕ ਵਾਂਗ ਖੋਖਲਾ ਕਰੀ ਜਾ ਰਹੀ ਹਨ।
ਇਹ ਹੀ ਨਹੀਂ ਭਾਰਤ ਵਿਚ ਹਰ ਪਾਸੇ ਲੁੱਟ ਖਸੁੱਟ ਦਾ ਕਾਰੋਬਾਰ ਪੂਰੇ ਜ਼ੋਰ ਸ਼ੋਰ ਨਾਲ ਚਲ ਰਿਹਾ ਹੈ ਫਿਰ ਅਸੀਂ ਇਕ ਰਾਵਣ ਨੂੰ ਸਾੜਕੇ ਜਿਹੜੀ ਖੁਸ਼ੀ ਪ੍ਰਗਟਾ ਰਹੇ ਹਾਂ ਉਸਨੂੰ ਆਪਣੇ ਧਰਮ ਦਾ ਇਕ ਅੰਗ ਸਮਝਕੇ ਭਾਵੇਂ ਕਰ ਰਹੇ ਹੋਈਏ ਪਰ ਸਮਾਜਕ ਤੌਰ ‘ਤੇ ਇਸਨੂੰ ਸਹੀ ਮੰਨਣਾ ਠੀਕ ਨਹੀਂ। ਜੇਕਰ ਭਾਰਤਵਾਸੀ ਅਸਲ ਵਿਚ ਹੀ ਬੁਰਾਈ ਨੂੰ ਖ਼ਤਮ ਕਰਨ ਦੇ ਇੱਛੁਕ ਹਨ ਤਾਂ ਉਨ੍ਹਾਂ ਨੂੰ ਰਾਵਣ ਨੂੰ ਨਹੀਂ ਸਗੋਂ ਭਾਰਤ ਵਿਚ ਪਨਪ ਰਹੀਆਂ ਬੁਰਾਈਆਂ ਨੂੰ ਸਾੜਣ ਦਾ ਬੀੜਾ ਚੁਕਣਾ ਚਾਹੀਦਾ ਹੈ। ਦੇਸ਼ ਦੇ ਆਰਥਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਰਾਵਣਾਂ ਨੂੰ ਸਾੜਕੇ ਕੁਝ ਨਹੀਂ ਬਣਨਾ। ਇਸ ਲਈ ਭ੍ਰਿਸ਼ਟਾਚਾਰੀ ਲੋਕਾਂ ਦੀਆਂ ਬੁਰਾਈਆਂ ਨੂੰ ਖ਼ਤਮ ਕਰਨਾ ਅਤਿ ਜ਼ਰੂਰੀ ਹੈ। ਜਦੋਂ ਤੱਕ ਆਮ ਆਦਮੀ ਦੇ ਮਨ ਵਿਚ ਅਜਿਹੀ ਸੋਚ ਪੈਦਾ ਨਹੀਂ ਹੁੰਦੀ ਉਦੋਂ ਤੱਕ ਭਾਰਤ ਵਿਚ ਬੁਰਾਈ ਦਾ ਜ਼ਹਿਰ ਹਰ ਥਾਂ ਫੈਲਦਾ ਰਹੇਗਾ ਅਤੇ ਇਹ ਕੈਂਸਰ ਰੂਪੀ ਰੋਗ ਨਾਸੂਰ ਬਣਕੇ ਭਾਰਤੀ ਲੋਕਾਂ ਨੂੰ ਹੋਰ ਅਤੇ ਹੋਰ ਗਰੀਬ ਬਣਾਉਂਦਾ ਰਹੇਗਾ।
G mainu tuhadi sampadaki bahut pasand ayi.mainu app g de vichaar bahut khule lagge.app g sarkar diya buraiya te changiayan dono ekhte likho te faisla janta te chad deo.kheda de vistaar lyi kam karo.vakh vakh kheda di khabra chappo khas-kar punjab diya virasati kheda.rajneeti te smajik khabran nu braber chappo.ajj mai pehli vaar comments bhej reha ha isly koi galat gal keh dite howe ta MAFF karna.
App g da pathak :harry maan