ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਇਹ ਮੰਗ ਕੀਤੀ ਹੈ ਕਿ ਸੰਸਦ ਅਜਿਹੇ ਰਾਜਨੀਤਕ ਦਲਾਂ ਤੇ ਰੋਕ ਲਗਾਏ, ਜਿਨ੍ਹਾਂ ਦੀਆਂ ਚਰਮਪੰਥੀ ਸ਼ਾਖਾਂ ਹਨ। ਸੁਪਰੀਮ ਕੋਰਟ ਵੀ ਕਰਾਚੀ ਹਿੰਸਾ ਦੇ ਜਿੰਮੇਵਾਰ ਅਪਰਾਧੀ ਗਰੁੱਪਾਂ ਤੋਂ ਸਿਆਸੀ ਪਾਰਟੀਆਂ ਨੂੰ ਦੂਰ ਰਹਿਣ ਲਈ ਕਹਿ ਚੁੱਕੀ ਹੈ।
ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਦੇ ਦਹਿਸ਼ਤਗਰਦਾਂ ਨਾਲ ਸਬੰਧਾਂ ਨੂੰ ਕੰਟਰੋਲ ਕਰਨ ਲਈ ਸੰਸਦ ਵਿੱਚ ਤੁਰੰਤ ਤਰਮੀਮ ਲਿਆਉਣੀ ਚਾਹੀਦੀ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਉਨ੍ਹਾਂ ਰਾਜਨੀਤਕ ਦਲਾਂ ਦੇ ਵਿਰੁੱਧ ਖੜ੍ਹੇ ਹੋਣ ਜੋ ਅੱਤਵਾਦ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਭ੍ਰਿਸ਼ਟਾਚਾਰ ਫੈਲਾਉਣ ਅਤੇ ਸ਼ਾਂਤੀ ਭੰਗ ਕਰਨ ਵਾਲੀਆਂ ਰਾਜਨੀਤਕ ਪਾਰਟੀਆਂ ਨੂੰ ਵੋਟ ਨਾਂ ਦੇਣ। ਸ਼ਰੀਫ਼ ਦਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕਰਾਚੀ ਵਿੱਚ ਹੋ ਰਹੀ ਹਿੰਸਾ ਲਈ ਰਾਜਨੀਤਕ ਸਮਰਥਨ ਵਾਲੇ ਅਪਰਾਧੀ ਗਿਰੋਹਾਂ ਨੂੰ ਜਿੰਮੇਵਾਰ ਠਹਿਰਾਇਆ ਹੈ ਅਤੇ ਪ੍ਰਸ਼ਾਸਨ ਨੂੰ ਅਜਿਹੇ ਗਰੁੱਪਾਂ ਖਿਲਾਫ਼ ਸਖਤ ਅਤੇ ਨਿਰਣਾਇਕ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।