ਇਸਲਾਮਾਬਾਦ- ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰਬਾਨੀ ਖਾਰ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਭਾਰਤ ਨੂੰ ‘ਮੋਸਟ ਫੇਵਰਡ ਨੇਸ਼ਨ’ ਦਾ ਦਰਜ਼ਾ ਦੇਣ ਦਾ ਫੈਸਲਾ ਕੀਤਾ ਹੈ। ਰਬਾਨੀ ਨੇ ਸੰਸਦ ਵਿੱਚ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਦੀ ਪਹਿਲੀ ਪਸੰਦ ਦਾ ਦਰਜ਼ਾ ਦੇਣ ਨਾਲ ਦੋਵਾਂ ਦੇਸ਼ਾਂ ਵਿੱਚ ਵਪਾਰ ਹੋਰ ਵਧੇਗਾ।
ਵਿਦੇਸ਼ਮੰਤਰੀ ਹਿਨਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਦੁਬਾਰਾ ਗੱਲਬਾਤ ਸ਼ੁਰੂ ਹੋਣ ਨਾਲ ਸਬੰਧ ਪਹਿਲਾਂ ਨਾਲੋਂ ਬੇਹਤਰ ਹੋਏ ਹਨ। ਪਾਕਿਸਤਾਨ ਨੇ ਭਾਰਤ ਦੇ ਉਸ ਫੈਸਲੇ ਦਾ ਵੀ ਸਵਾਗਤ ਕੀਤਾ ਜਿਸ ਵਿੱਚ ਉਸ ਨੇ ਯੌਰਪੀ ਸੰਘ ਵਲੋਂ ਪਾਕਿਸਤਾਨ ਨੂੰ ਦਿੱਤੀਆਂ ਗਈਆਂ ਵਪਾਰਿਕ ਰਿਆਇਤਾਂ ਤੇ ਇਤਰਾਜ਼ ਨਾਂ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਦੇਸ਼ਾਂ ਵਿੱਚ ਵਪਾਰ ਨੂੰ ਦੁਗਣਾ ਕਰਨ ਸਬੰਧੀ ਪਹਿਲਾਂ ਹੀ ਸਹਿਮਤੀ ਹੋ ਚੁਕੀ ਹੈ। ਭਾਰਤ ਲੰਬੇ ਸਮੇਂ ਤੋਂ ਇਹ ਚਾਹੁੰਦਾ ਸੀ ਕਿ ਪਾਕਿਸਤਾਨ ਉਸ ਨੂੰ ਵਪਾਰ ਦੇ ਲਈ ਆਪਣੀ ਪਹਿਲੀ ਪਸੰਦ ਦਾ ਦਰਜਾ ਦੇਵੇ ਅਤੇ ਪਾਕਿਸਤਾਨ ਚਾਹੁੰਦਾ ਸੀ ਕਿ ਭਾਰਤ ਪਾਕਿਸਤਾਨ ਨੂੰ ਯੌਰਪੀ ਸੰਘ ਵਲੋਂ ਦਿੱਤੀਆਂ ਜਾ ਰਹੀਆਂ ਵਪਾਰਿਕ ਸਹੂਲਤਾਂ ਤੇ ਇਤਰਾਜ਼ ਨਾਂ ਕਰੇ। ਰਬਾਨੀ ਵਲੋਂ ਅਜਿਹਾ ਫੈਸਲਾ ਲੈਣ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਵਿੱਚ ਹੋਰ ਵੀ ਨੇੜਤਾ ਆਵੇਗੀ।