ਬੀ.ਜੇ.ਪੀ ਦੀ ਕੇਂਦਰੀ ਲੀਡਰਸ਼ਿਪ ਵਿਚ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਤਿੰਨ ਦਿਨ ਦਾ ਸਦਭਾਵਨਾ ਵਰਤ ਰੱਖਣ ਕਰਕੇ ਉਹਨਾਂ ਦਾ ਨਾਮ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਯੋਗ ਉਮੀਦਵਾਰ ਵਜੋਂ ਉਭਰਨ ਕਰਕੇ ਹਲਚਲ ਮੱਚ ਗਈ ਹੈ। ਸ੍ਰੀ ਵੈਂਕਟਈਆ ਨਾਇਡੂ ਵਲੋਂ ਇਸ ਮੌਕੇ ਤੇ ਬੋਲਦਿਆਂ ਸ੍ਰੀ ਮੋਦੀ ਨੂੰ ਪ੍ਰਧਾਨ ਮੰਤਰੀ ਲਈ ਕਾਬਲ ਉਮੀਦਵਾਰ ਕਹਿਣ ਨਾਲ ਬੀ.ਜੇ.ਪੀ ਦੇ ਹੋਰ ਲੀਡਰਾਂ ਜਿਹੜੇ ਕੇ ਸ੍ਰੀ ਮੋਦੀ ਨੂੰ ਆਪਣੇ ਰਾਹ ਵਿਚ ਰੁਕਾਵਟ ਸਮਝਦੇ ਸਨ, ਵਿਚ ਖਲਬਲੀ ਮੱਚ ਗਈ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀ ਚਰਚਾ ਸ਼ੁਰੂ ਹੋਈ ਹੈ। ਇਸ ਚਰਚਾ ਨਾਲ ਸ੍ਰੀ ਮੋਦੀ ਦੇ ਵਿਰੋਧੀ ਹਮੇਸ਼ਾਂ ਸਰਗਰਮ ਹੋ ਜਾਂਦੇ ਹਨ। ਇਹ ਚਰਚਾ ਬੜੀ ਮੰਦਭਾਗੀ ਹੈ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਅਜੇ ਮਈ 2014 ਵਿਚ ਹੋਣੀਆਂ ਹਨ। ਵੈਸੇ ਤਾਂ ਸ੍ਰੀ ਮੋਦੀ ਨੂੰ ਆਰ.ਐਸ.ਐਸ ਦਾ ਆਸ਼ੀਰਵਾਦ ਪ੍ਰਾਪਤ ਹੈ ਕਿਉਂਕਿ ਉਹਨਾਂ ਦੇ ਆਸ਼ੀਰਵਾਦ ਤੋਂ ਬਿਨਾਂ ਬੀ.ਜੇ.ਪੀ ਵਿਚ ਕੁੱਝ ਵੀ ਸੰਭਵ ਨਹੀਂ। ਪੁਰਾਣੇ ਦਿਗਜ ਲੀਡਰਾਂ ਵਿਚ ਸ੍ਰੀ ਐਲ.ਕੇ.ਅਡਵਾਨੀ ਜੋ ਕਿ ਸ਼੍ਰੀ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਉਪ ਪ੍ਰਧਾਨ ਮੰਤਰੀ ਵੀ ਰਹੇ ਹਨ ਦਾ ਨਾਂ ਸਭ ਤੋਂ ਅਗੇ ਹੈ ਪ੍ਰੰਤੂ ਬੀ.ਜੇ.ਪੀ ਨੇ ਆਪਣੀ ਨਵੀਂ ਲੀਡਰਸ਼ਿਪ ਵੀ ਅਗੇ ਲਿਆਂਦੀ ਹੋਈ ਹੈ। ਕਿਸੇ ਸਮੇਂ ਸ੍ਰੀ ਪ੍ਰਮੋਦ ਮਹਾਜਨ ਵੀ ਨੌਜਵਾਨ ਲੀਡਰਸ਼ਿਪ ਵਿਚੋਂ ਉਪਰ ਕੇ ਆਏ ਸਨ ਤੇ ਜਲਦੀ ਹੀ ਮੁੱਖ ਲੀਡਰਾਂ ਦੀ ਕਤਾਰ ਵਿਚ ਸ਼ਾਮਲ ਹੋ ਗਏ ਸਨ। ਪ੍ਰੰਤੂ ਉਹਨਾਂ ਦੇ ਪਰਿਵਾਰ ਦੀ ਖਾਨਾ ਜੰਗੀ ਨਾਲ ਹੋਈ ਮੌਤ ਤੋਂ ਬਾਅਦ ਸ੍ਰੀਮਤੀ ਸ਼ੁਸ਼ਮਾ ਸਵਰਾਜ ਜੋ ਕਿ ਅੱਜ ਕੱਲ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਨ ਅਤੇ ਸ੍ਰੀ ਅਰੁਣ ਜੇਤਲੀ ਜੋ ਕਿ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਹਨ, ਉਭਰਕੇ ਸਾਹਮਣੇ ਆਏ ਹਨ। ਅੱਜ ਕਲ ਇਹਨਾਂ ਦੋਹਾਂ ਲੀਡਰਾਂ ਦੀ ਬੀ.ਜੇ.ਪੀ ਵਿਚ ਤੂਤੀ ਬੋਲਦੀ ਹੈ। ਸ੍ਰੀ ਮੁਰਲੀ ਮਨੋਹਰ ਜੋਸ਼ੀ ਵਰਗੇ ਘਾਗ ਲੀਡਰ ਜਿਹਨਾਂ ਨੂੰ ਵੀ ਆਰ.ਐਸ.ਐਸ ਦੀ ਸਪੋਰਟ ਹੈ ਤੇ ਬੜੀ ਦੇਰ ਤੋਂ ਸਿਰਮੌਰ ਲੀਡਰ ਹਨ ਉਹ ਵੀ ਪਿਛੇ ਰਹਿ ਗਏ ਹਨ। ਸ੍ਰੀ ਰਾਜਨਾਥ ਸਿੰਘ ਨੂੰ ਵੀ ਕਾਬਲ ਉਮੀਦਵਾਰ ਗਿਣਿਆ ਜਾਂਦਾ ਰਿਹਾ ਹੈ। ਅਸਲ ਵਿਚ ਇਹ ਸਿਲਸਿਲਾ ਹਰ ਪਾਰਟੀ ਵਿਚ ਚਲਦਾ ਹੈ। ਜਦੋਂ ਕੋਈ ਲੀਡਰ ਆਪਣੇ ਸਾਥੀਆਂ ਤੋਂ ਥੋੜਾ ਅੱਗੇ ਨਿਕਲ ਜਾਵੇ ਤਾਂ ਉਸ ਦੀ ਵਿਰੋਧਤਾ ਸ਼ੁਰੂ ਹੋ ਜਾਂਦੀ ਹੈ ਤੇ ਉਸ ਨੂੰ ਠਿਬੀ ਲਾਉਣ ਦੀ ਕਾਰਵਾਈ ਚਲ ਪੈਂਦੀ ਹੈ। ਇਸੇ ਤਰ੍ਹਾਂ ਸ੍ਰੀ ਜਸਵੰਤ ਸਿੰਘ ਅਤੇ ਸ੍ਰੀ ਯਸਵੰਤ ਸਿਨਹਾ ਨਾਲ ਵਾਪਰਿਆ ਹੈ। ਉਹਨਾਂ ਦੋਹਾਂ ਲੀਡਰਾਂ ਨੂੰ ਉਹਨਾਂ ਦੀ ਕਾਬਲੀਅਤ ਤੋਂ ਬਾਅਦ ਵੀ ਪਾਰਟੀ ਦੀ ਮੁੱਖ ਧਾਰਾ ਤੋਂ ਇਕ ਪਾਸੇ ਕਰ ਦਿਤਾ ਗਿਆ ਹੈ। ਇਸੇ ਤਰ੍ਹਾਂ ਕਿਸੇ ਸਮੇਂ ਮੱਧ ਪ੍ਰੇਦਸ਼ ਦੀ ਮੁੱਖ ਮੰਤਰੀ ਰਹੀ ਸਾਧਵੀ ਉਮਾ ਭਾਰਤੀ ਨੂੰ ਪਾਰਟੀ ਵਿਚ ਚੰਗਾ ਕੰਮ ਕਰਨ ਕਰਕੇ ਅਤੇ ਆਰ.ਐਸ.ਐਸ ਦੀ ਪੂਰੀ ਸਪੋਰਟ ਕਰਕੇ ਪਾਰਟੀ ਵਿਚ ਮਹੱਤਵਪੂਰਣ ਸਥਾਨ ਪ੍ਰਾਪਤ ਸੀ ਪ੍ਰੰਤੂ ਲੱਤ ਖਿਚਣ ਦੀ ਪ੍ਰਵਿਰਤੀ ਨੇ ਉਹਨਾਂ ਨੂੰ ਵੀ ਪਾਰਟੀ ਛੱਡਣ ਲਈ ਮਜਬੂਰ ਕਰ ਦਿਤਾ ਸੀ। ਭਾਂਵੇ ਉਹ ਹੁਣ ਦੁਬਾਰਾ ਪਾਰਟੀ ਵਿਚ ਸ਼ਾਮਲ ਹੋ ਕੇ ਆਪਣੇ ਅਸਤਿਤਵ ਲਈ ਜਦੋ ਜਹਿਦ ਕਰ ਰਹੀ ਹੈ। ਅਸਲ ਗਲ ਤਾਂ ਇਹ ਹੈ ਕਿ ਸ੍ਰੀ ਵਾਜਪਾਈ ਤੋਂ ਬਾਅਦ ਸੀਨੀਆਤਾ ਦੇ ਹਿਸਾਬ ਨਾਲ ਸ੍ਰੀ ਐਲ.ਕੇ.ਅਡਵਾਨੀ ਦਾ ਨਾਮ ਹੀ ਆਉਂਦਾ ਹੈ ਕਿੳਂੁਕਿ ਉਹ ਵੀ ਮੁੱਢਲੇ ਤੌਰ ਤੇ ਆਰ.ਐਸ.ਐਸ ਦਾ ਹੀ ਨੁਮਾਇੰਦਾ ਹੈ। ਤਾਜਾ ਰਿਪੋਰਟਾਂ ਅਨੁਸਾਰ ਸ੍ਰੀ ਐਲ.ਕੇ.ਅਡਵਾਨੀ ਆਪਣੀ ਭਰਿਸ਼ਟਾਚਾਰ ਵਿਰੁਧ ਰੱਥ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਰ.ਐਸ.ਐਸ ਦੇ ਮੁੱਖੀ ਸ੍ਰੀ ਮੋਹਨ ਭਗਵਤ ਤੋਂ ਅਸ਼ੀਰਵਾਦ ਲੈਣ ਲਈ ਨਾਗਪੁਰ ਉਹਨਾਂ ਦੇ ਕੋਲ ਪਹੁੰਚੇ ਹਨ। ਭਾਂਵੇ ਸ੍ਰੀ ਅਡਵਾਨੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ਼ਪਸ਼ਟ ਸ਼ਬਦਾਂ ਵਿਚ ਪ੍ਰਧਾਨ ਮੰਤਰੀ ਦੀ ਰੇਸ ਵਿਚ ਸ਼ਾਮਲ ਹੋਣ ਤੋਂ ਤਾਂ ਇਨਕਾਰ ਕੀਤਾ ਹੈ ਅਤੇ ਨਾਂ ਹੀ ਸ਼ਾਮਲ ਹੋਣ ਲਈ ਮੰਨਿਆ ਹੈ। ਅਸਲ ਵਿਚ ਇਹ ਉਹਨਾਂ ਦਾ ਸਿਆਸੀ ਬਿਆਨ ਹੀ ਹੈ। ਉਹ ਇਸ ਰੱਥ ਯਾਤਰਾਂ ਰਾਂਹੀ ਆਪਣਾ ਅਕਸ਼ ਵਧਾ ਕੇ ਪ੍ਰਧਾਨ ਮੰਤਰੀ ਦੀ ਉਮੀਦਵਾਰੀ ਦਾ ਦਾਅਵਾ ਮਜਬੂਤ ਕਰ ਰਹੇ ਹਨ। ਇਕ ਕਿਸਮ ਨਾਲ ਉਹਨਾਂ ਦੀ ਇਹ ਰੱਥ ਯਾਤਰਾ ਸ੍ਰੀ ਨਰਿੰਦਰ ਮੋਦੀ ਦੇ ਸਦਭਾਵਨਾ ਵਰਤ ਦੀ ਮਹੱਤਵਤਾ ਨੂੰ ਘਟਾਉਣ ਲਈ ਹੀ ਆਯੌਜਿਤ ਕੀਤੀ ਜਾ ਰਹੀ ਹੈ। ਇਹ ਵੀ ਇਕ ਸੋਚੀ ਸਮਝੀ ਸਿਆਸੀ ਚਾਲ ਹੈ। ਸ੍ਰ੍ਰੀ ਨਰਿੰਦਰ ਮੋਦੀ ਜਿਹਨਾਂ ਨੇ ਮਹਿਸੂਸ ਕੀਤਾ ਕਿ ਸੁਪਰੀਮ ਕੋਰਟ ਵਲੋਂ ਉਸ ਨੂੰ ਦੋਸ਼ੀ ਨਾਂ ਠਹਿਰਾਉਣਾ ਅਤੇ ਕੇਸ ਵਾਪਿਸ ਟਰਾਇਲ ਕੋਰਟ ਵਿਚ ਭੇਜਣਾ ਇਕ ਕਿਸਮ ਨਾਲ ਉਸਦੀ ਜਿਤ ਹੀ ਹੈ। ਇਸੇ ਲਈ ਉਸਨੇ ਤੁਰੰਤ ਕਰੋੜਾਂ ਰੁਪਏ ਦੇ ਸਰਕਾਰੀ ਖਰਚੇ ਤੇ ਇਹ ਤਿੰਨ ਦਿਨਾਂ ਦਾ ਸਦਭਾਵਨਾ ਵਰਤ ਆਯੋਜਿਤ ਕਰਕੇ ਆਪਣੇ ਇਮੇਜ ਤੇ ਜਿਹੜਾ ਗੁਜਰਾਤ ਦੇ ਦੰਗਿਆਂ ਦਾ ਧੱਬਾ ਉਸ ਦੇ ਵਿਅਕਤੀਤਵ ਤੇ ਲਗਿਆ ਸੀ ਉਹ ਧੋਤਾ ਜਾਵੇਗਾ। ਇਹਨਾਂ ਤਿੰਨ ਦਿਨਾ ਵਿਚ ਉਹਨੇ ਬੀ.ਜੇ.ਪੀ ਦੀ ਕੇਂਦਰੀ ਸੀਨੀਅਰ ਲੀਡਰਸ਼ਿਪ ਨੂੰ ਵੀ ਸੱਦਾ ਦਿਤਾ। ਬੀ.ਜੇ.ਪੀ ਦੇ ਬਹੁਤੇ ਕੇਂਦਰੀ ਲੀਡਰ ਨਾਂ ਚਾਹੁੰਦਿਆਂ ਵੀ ਉਥੇ ਪਹੁੰਚੇ ਤੇ ਸ੍ਰੀ ਮੋਦੀ ਦੀ ਤਾਰੀਫ ਹੀ ਨਹੀਂ ਕੀਤੀ ਸਗੋਂ ਕਈਆਂ ਨੇ ਤਾਂ ਚਮਚਾਗਿਰੀ ਦੀਆਂ ਹੱਦਾਂ ਬੰਨੇ ਵੀ ਪਾਰ ਕਰ ਦਿਤੇ। ਸਾਰੀ ਕਾਰਵਾਈ ਦਾ ਬੀ.ਜੇ.ਪੀ ਦੇ ਇਕ ਗਰੁਪ ਨੇ ਬਹੁਤਾ ਚੰਗਾ ਨਹੀਂ ਸਮਝਿਆ। ਦੂਜੇ ਪਾਸੇ ਸ਼ਿਵ ਸੈਨਾ ਦੇ ਮੁੱਖੀ ਸ੍ਰੀ ਬਾਲ ਠਾਕਰੇ ਨੇ ਵੀ ਸ੍ਰੀ ਮੋਦੀ ਦੇ ਵਰਤ ਦੀ ਨੁਕਤਾ ਚੀਨੀ ਕੀਤੀ। ਇਸ ਸਮਾਗਮ ਵਿਚ ਕੁਝ ਕੁ ਮੁਸਲਮਾਨ ਵੀ ਬੁਲਾਏ ਗਏ ਤੇ ਉਹਨਾਂ ਵਲੋਂ ਸ੍ਰੀ ਮੋਦੀ ਨੂੰ ਸਨਮਾਨਤ ਵੀ ਕੀਤਾ ਗਿਆ। ਹਿੰਦੂ ਸੰਤ ਮਹਾਤਮਾਵਾਂ ਨੇ ਤਾਂ ਇਕ ਦੂਜੇ ਤੋਂ ਵੱਧ ਚੜ੍ਹ ਕੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸ੍ਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਇਕ ਇਮਾਮ ਵਲੋਂ ਮੁਸਲਮਾਨਾਂ ਦਾ ਧਾਰਮਿਕ ਚਿਨ ਇਕ ਟੋਪੀ ਭੇਂਟ ਕੀਤੀ ਗਈ ਪ੍ਰੰਤੂ ਸ੍ਰੀ ਮੋਦੀ ਨੇ ਸੋਚੀ ਸਮਝੀ ਚਾਲ ਅਧੀਨ ਇਹ ਟੋਪੀ ਪਹਿਨਣ ਤੋਂ ਇਨਕਾਰ ਕਰ ਦਿਤਾ, ਸਿਰਫ ਇਕ ਸ਼ਾਲ ਹੀ ਪ੍ਰਵਾਨ ਕੀਤਾ। ਉਸ ਦੀ ਇਸ ਕਾਰਵਾਈ ਨੇ ਤਾਂ ਸਦਭਾਵਨਾ ਵਰਤ ਦੀ ਫੂਕ ਹੀ ਕੱਢ ਦਿਤੀ ਪ੍ਰਤੂੰ ਹਿੰਦੂਆਂ ਦੇ ਵਿਚ ਸ੍ਰੀ ਨਰਿੰਦਰ ਮੋਦੀ ਇਕ ਵਾਰ ਫਿਰ ਇਕੋ ਇਕ ਸਿਰਮੌਰ ਲੀਡਰ ਉਭਰਕੇ ਸਾਹਮਣੇ ਆਇਆ। ਗੁਜਰਾਤ ਦੇ ਦੰਗਿਆਂ ਤੋਂ ਬਾਅਦ ਜਿੰਨਾਂ ਸ੍ਰੀ ਮੋਦੀ ਹਰਮਨ ਪਿਆਰੇ ਹੋਏ ਸੀ ਉਸ ਨਾਲੋਂ ਵੀ ਜਿਆਦਾ ਇਸ ਕਾਰਵਾਈ ਤੋਂ ਬਾਅਦ ਹਿੰਦੂਆਂ ਦੇ ਮਨਾਂ ਤੇ ਰਾਜ ਕਰਨ ਲੱਗ ਪਏ ਹਨ। ਅਮਰੀਕਾ ਵਿਚ ਬਹੁਤ ਸਾਰੇ ਗੁਜਰਾਤੀ ਰਹਿੰਦੇ ਹਨ। ਉਥੇ ਜਾਣ ਲਈ ਸ੍ਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਗੁਜਰਾਤ ਵਿਚ ਇਨਵੈਸਟਮੈਂਟ ਕਰਨ ਲਈ ਅਪੀਲ ਕਰਨੀ ਸੀ ਪ੍ਰੰਤੂ ਅਮਰੀਕਾ ਨੇ ਸ੍ਰੀ ਮੋਦੀ ਨੂੰ ਮਨੁੱਖੀ ਅਧਿਕਾਰਾਂ ਦੀ ਉ¦ਘਣਾ ਕਰਨ ਕਰਕੇ ਵੀਜਾ ਨਹੀਂ ਦਿਤਾ ਸੀ ਪ੍ਰੰਤੂ ਹੁਣ ਉਹੀ ਅਮਰੀਕਾ ਆਪਣੀ ਇਕ ਗੁਪਤ ਰਿਪੋਰਟ ਵਿਚ ਸ੍ਰੀ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਾਬਲ ਸਮਝਦਾ ਹੈ। ਇਕ ਵਾਰ ਸ੍ਰੀ ਐਲ.ਕੇ.ਅਡਵਾਨੀ ਜਦੋਂ ਪਾਕਿਸਤਾਨ ਗਏ ਸਨ ਤਾਂ ਮੁਸਲਮਾਨਾਂ ਵਿਚ ਆਪਣਾ ਇਮੇਜ ਸੁਧਾਰਨ ਲਈ ਉਥੇ ਸ੍ਰੀ ਜਿਨਹਾ ਦੇ ਮਜਾਰ ਤੇ ਜਾ ਕੇ ਸ੍ਰੀ ਜਿਨਹਾ ਦੀ ਤਾਰੀਫ ਕੀਤੀ ਸੀ। ਸ੍ਰੀ ਮੋਦੀ ਇਸ ਦੇ ਬਿਲਕੁਲ ਉਲਟ ਹਿੰਦੂਆਂ ਵਿਚ ਸਰਵਪ੍ਰਵਾਨਤ ਲੀਡਰ ਹੋਣ ਦੇ ਤੌਰ ਤੇ ਉਭਰਨ ਦਾ ਯਤਨ ਕਰ ਰਹੇ ਹਨ। ਇਸ ਸਮੇਂ ਬੀ.ਜੇ.ਪੀ ਵਿਚ ਲੀਡਰਸ਼ਿਪ ਦੇ ਮੁੱਦੇ ਤੇ ਸ਼ਪਸ਼ਟ ਤਰੇੜ ਆ ਚੁੱਕੀ ਹੈ ਪ੍ਰੰਤੂ ਸ੍ਰੀ ਨਰਿੰਦਰ ਮੋਦੀ ਇਕ ਨਿਧੜਕ ਲੀਡਰ ਦੇ ਤੌਰ ਤੇ ਹਿੰਦੂਆਂ ਵਿਚ ਸਥਾਪਿਤ ਹੋ ਚੁੱਕੇ ਹਨ। ਧਾਰਮਿਕ ਕੱਟੜਤਾ ਬੀ.ਜੇ.ਪੀ ਦੀ ਲੀਡਰਸ਼ਿਪ ਦਾ ਇਕ ਗੁਣ ਹੈ। ਇਹ ਵੀ ਮੰਨਣਾ ਪਵੇਗਾ ਕਿ ਸ੍ਰੀ ਮੋਦੀ ਨੇ ਪਿਛਲੇ 9 ਸਾਲਾਂ ਵਿਚ ਗੁਜਰਾਤ ਵਿਚ ਮਾਰਕੇ ਦਾ ਵਿਕਾਸ ਕਰਵਾਇਆ ਹੈ। ਭਾਰਤ ਦਾ ਕੋਈ ਹੋਰ ਸੂਬਾ ਨੀਤੀਸ਼ ਕੁਮਾਰ ਦੇ ਬਿਹਾਰ ਤੋਂ ਬਿਨਾਂ ਗੁਜਰਾਤ ਦਾ ਮੁਕਾਬਲਾ ਨਹੀਂ ਕਰ ਸਕਦਾ। ਪਰ ਇਹ ਖਾਨਾਜੰਗੀ ਸਾਰੀਆਂ ਪਾਰਟੀਆਂ ਵਿਚ ਸੁਪਰੀਮੇਸੀ ਲਈ ਹੁੰਦੀ ਰਹਿੰਦੀ ਹੈ ਪ੍ਰੰਤੂ ਬੀ.ਜੇ.ਪੀ ਵਿਚ ਸਮੇ ਤੋਂ ਪਹਿਲਾਂ ਅਜਿਹੀ ਖਾਨਾਜੰਗੀ ਹੋਣੀ ਪਾਰਟੀ ਲਈ ਮੰਦਭਾਗੀ ਗਲ ਹੈ। ਸਾਰੀ ਵਿਚਾਰ ਚਰਚਾ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸ੍ਰੀ ਨਰਿੰਦਰ ਮੋਦੀ ਦੇ ਵਿਕਤੀਤਵ ਦੇ ਵਿਕਾਸ ਨੂੰ ਰੋਕਣ ਲਈ ਇਹ ਇਕ ਯੋਜਨਾਬੱਧ ਸਕੀਮ ਦਾ ਨਤੀਜਾ ਹੈ। ਸ੍ਰੀ ਮੋਦੀ ਲਈ ਵੀ ਸੀਨੀਅਰ ਲੀਡਰਸ਼ਿਪ ਨੂੰ ਨਜਰਅੰਦਾਜ ਕਰਨਾ ਮੁਸ਼ਕਲ ਹੋਵੇਗਾ ਪ੍ਰੰਤੂ ਸ੍ਰੀ ਮੋਦੀ ਆਪਣੀ ਸਿਆਸੀ ਸੂਝ ਬੂਝ, ਪ੍ਰਬੰਧਕੀ ਕਾਰਜ ਕੁਸ਼ਲਤਾ ਅਤੇ ਦੂਰ ਅੰਦੇਸ਼ੀ ਨੀਤੀ ਕਰਕੇ ਕਿਸੇ ਸਮੇਂ ਬੀ.ਜੇ.ਪੀ ਵਿਚ ਧਰੂ ਤਾਰੇ ਦੀ ਤਰ੍ਹਾਂ ਜਰੂਰ ਚਮਕੇਗਾ। ਉਹਨਾਂ ਤੇ ਜਿਹੜਾ ਨਸਲਵਾਦ ਦਾ ਇਲਜਾਮ ਲਗਾਇਆ ਜਾ ਰਿਹਾ ਹੈ। ਇਹ ਇਲਜਾਮ ਉਸਦੀ ਹਰਮਨਪਿਆਰਤਾ ਦਾ ਮੁੱਖ ਕਾਰਨ ਹੈ। ਸਿਆਸਤ ਵਿਚ ਧਰਮ ਦੇ ਨਾਮ ਤੇ ਫਿਰਕੂ ਢੰਗਾਂ ਨਾਲ ਪ੍ਰਸਿਧੀ ਪ੍ਰਾਪਤ ਕਰਨੀ ਧੁੰਦਲੀ ਸਿਆਸਤ ਦਾ ਪ੍ਰਮਾਣ ਹੈ। ਬੀ.ਜੇ.ਪੀ ਨੂੰ ਵੀ ਇਕਲਿਆਂ ਸਰਕਾਰ ਬਨਾਉਣ ਵਿਚ ਮੁਸ਼ਕਲ ਆਏਗੀ। ਉਸਦੀਆਂ ਭਾਈਵਾਲ ਪਾਰਟੀਆਂ ਪਹਿਲਾਂ ਹੀ ਸ੍ਰੀ ਮੋਦੀ ਦਾ ਵਿਰੋਧ ਕਰ ਰਹੀਆਂ ਹਨ। ਭਾਂਵੇ ਸ੍ਰੀ ਮੋਦੀ ਹਿੰਦੂਆਂ ਵਿਚ ਇਸ ਸਮੇਂ ਉਚ ਕੋਟੀ ਦੇ ਲੀਡਰ ਹਨ ਪ੍ਰੰਤੂ ਪ੍ਰਧਾਨਮੰਤਰੀ ਦੀ ਕੁਰਸੀ ਤੱਕ ਪਹੁੰਚਣਾ ਦਿਨ ਵਿਚ ਤਾਰੇ ਦੇਖਣ ਦੀ ਤਰ੍ਹਾਂ ਇਕ ਸੁਪਨਾ ਹੈ।