ਨਵੀਂ ਦਿੱਲੀ- ਕਿਸੇ ਸਮੇਂ ਟੀਮ ਅੰਨਾ ਦਾ ਹਿੱਸਾ ਰਹੇ ਸਵਾਮੀ ਅਗਨੀਵੇਸ਼ ਹੁਣ ਅੰਨਾ ਤੇ ਸਿੱਧੇ ਅਤੇ ਤਿੱਖੇ ਸ਼ਬਦਾਂ ਦੇ ਤੀਰ ਛੱਡ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਟੀਮ ਦੇ ਅੰਦੋਲਨ ਵਿੱਚ ਲੋਕਤੰਤਰ ਨਹੀਂ ਹੈ, ਸਗੋਂ ਬ੍ਰਾਹਮਣਵਾਦ ਦਾ ਪਸਾਰ ਕੀਤਾ ਜਾ ਰਿਹਾ ਹੈ।
ਸਵਾਮੀ ਅਗਨੀਵੇਸ਼ ਨੇ ਇਹ ਦਾਅਵਾ ਕੀਤਾ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੇ ਆਰਐਸਐਸ ਦਾ ਅਸਰ ਸਪੱਸ਼ਟ ਤੌਰ ਤੇ ਵਿਖਾਈ ਦੇ ਰਿਹਾ ਹੈ ਅਤੇ ਉਨ੍ਹਾਂ ਨੇ ਮੁਸਲਮਾਨਾਂ ਅਤੇ ਦਲਿਤਾਂ ਲਈ ਵੱਧ ਪ੍ਰਤੀਨਿਧਤਾ ਦੀ ਵਕਾਲਤ ਕੀਤੀ ਸੀ।ਇਸ ਲਈ ਪਾਰਟੀ ਵਿੱਚ ਮੱਤਭੇਦ ਹੋਣ ਕਰਕੇ ਉਹ ਇਸ ਅੰਦੋਲਨ ਤੋਂ ਵੱਖ ਹੋ ਗਏ ਸਨ। ਅਗਨੀਵੇਸ਼ ਨੇ ਕਿਹਾ ਕਿ ਹਿਸਾਰ ਦੀ ਚੋਣ ਵਿੱਚ ਕਾਂਗਰਸ ਦਾ ਵਿਰੋਧ ਕਰਨ ਅਤੇ ਕਪਲ ਸਿੱਬਲ ਦੇ ਸੰਸਦੀ ਖੇਤਰ ਵਿੱਚ ਜਨਮੱਤ ਕਰਵਾਉਣ ਵਰਗੇ ਕਈ ਮਹੱਤਵਪੂਰਣ ਫੈਸਲੇ ਕੋਰ ਕਮੇਟੀ ਨੇ ਨਹੀਂ ਲਏ। ਉਨ੍ਹਾਂ ਦਸਿਆ ਕਿ ਅਜਿਹਾ ਲਗਦਾ ਹੈ ਕਿ ਅੰਨਾ ਅਤੇ ਕੇਜਰੀਵਾਲ ਹੀ ਸਾਰੇ ਨਿਰਣੇ ਲੈ ਰਹੇ ਹਨ।
ਅਗਨੀਵੇਸ਼ ਨੇ ਕਿਹਾ, ‘ਇਹ ਬ੍ਰਾਹਮਣਵਾਦ ਹੈ। ਉਹ ਸੱਭ ਨੂੰ ਸਮਾਨ ਮੰਨਣ ਲਈ ਤਿਆਰ ਨਹੀਂ ਹਨ। ਅਸਾਂ ਜੰਤਰ ਮੰਤਰ ਤੇ ਜਾਂ ਰਾਮ ਲੀਲਾ ਮੈਦਾਨ ਵਿੱਚ ਦਲਿਤਾਂ ਜਾਂ ਮੁਸਲਮਾਨਾਂ ਨੂੰ ਨਹੀਂ ਵੇਖਿਆ ਜਿਥੇ ਅੰਨਾ ਭੁੱਖ ਹੜਤਾਲ ਤੇ ਬੈਠੇ ਸਨ। ਅੰਨਾ ਬਹੁਤ ਵਿਅਕਤੀਵਾਦੀ ਹੈ। ਉਹ ਕਦੇ ਵੀ ਲੋਕਤੰਤਰਿਕ ਢੰਗ ਨਾਲ ਕੰਮ ਨਹੀਂ ਕਰਦਾ। ਇਸ ਤਰ੍ਹਾਂ ਹੈ ਕਿ ਜੇ ਉਸ ਦੀ ਮਰਜ਼ੀ ਨਾਲ ਚਲ ਰਹੇ ਹੋ ਤਾਂ ਸੱਭ ਠੀਕ ਹੈ।’ ਉਨ੍ਹਾਂ ਇਹ ਵੀ ਕਿਹਾ ਕਿ ਮਹਾਂਰਾਸ਼ਟਰ ਦਾ ਕੋਈ ਵੀ ਵੱਡਾ ਸਮਾਜਿਕ ਨੇਤਾ ਉਸ ਦੇ ਅੰਦੋਲਨ ਵਿੱਚ ਸ਼ਾਮਿਲ ਨਹੀਂ ਸੀ।