ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਤਰ ਕਾਲਜ ਯੁਵਕ ਮੇਲੇ ਦੀ ਸੂਖ਼ਮ ਕਲਾਵਾਂ ਨਾਲ ਸ਼ੁਰੂਆਤ ਕਰਦਿਆਂ ਯੂਨੀਵਰਸਿਟੀ ਦੇ ਕੰਪਟਰੋਲਰ ਸ਼੍ਰੀ ਅਵਤਾਰ ਚੰਦ ਰਾਣਾ ਨੇ ਕਿਹਾ ਕਿ ਸੂਖ਼ਮ ਕਲਾਵਾਂ ਮਨੁੱਖੀ ਜ਼ਜਬਿਆਂ ਦਾ ਪ੍ਰਗਟਾਵਾ ਹੀ ਹੁੰਦੀਆਂ ਹਨ ਕਿਉਂਕਿ ਕਲਾ ਦੀ ਸੂਖ਼ਮਤਾ ਰਾਹੀਂ ਹੀ ਮਨੁੱਖ ਆਪਣੇ ਦਿਲ ਦੀ ਗੱਲ ਕਰ ਸਕਦਾ ਹੈ। ਸ਼੍ਰੀ ਰਾਣਾ ਨੇ ਕਿਹਾ ਕਿ ਸਾਹਿਤ ਕਲਾ ਅਤੇ ਸਭਿਆਚਾਰ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਅੰਤਰ ਕਾਲਜ ਯੁਵਕ ਮੇਲੇ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਦਵਿੰਦਰ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ਤੇ ਸਾਰੇ ਕਾਲਜਾਂ ਦੇ ਕਲਾਕਾਰ ਵਿਦਿਆਰਥੀਆਂ, ਇੰਚਾਰਜ ਅਧਿਆਪਕਾਂ ਅਤੇ ਵੱਖ ਵੱਖ ਕਮੇਟੀਆਂ ਦੇ ਕਨਵੀਨਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਯੁਵਕ ਮੇਲੇ ਵਿਦਿਆਰਥੀਆਂ ਅੰਦਰ ਵਿਸ਼ਵਾਸ ਪੈਦਾ ਕਰਨ ਅਤੇ ਉਨ੍ਹਾਂ ਦੀ ਸਖਸ਼ੀਅਤ ਨੂੰ ਨਿਖਾਰਨ ਲਈ ਕਰਵਾਏ ਜਾਂਦੇ ਹਨ। ਡਾ: ਚੀਮਾ ਨੇ ਕਿਹਾ ਕਿ ਬੇਸ਼ੱਕ ਇਨ੍ਹਾਂ ਮੁਕਾਬਲਿਆਂ ਵਿੱਚ ਜਿੱਤ ਹਾਰ ਕਾਫੀ ਮਹੱਤਵਪੂਰਨ ਹੁੰਦੀ ਹੈ ਪਰ ਸਭ ਤੋਂ ਵੱਡੀ ਗੱਲ ਆਪਣੀ ਆਪਣੀ ਕਲਾ ਦੀ ਪੇਸ਼ਕਾਰੀ ਦਾ ਉੱਚਾ ਸੁੱਚਾ ਮਿਆਰ ਹੁੰਦਾ ਹੈ। ਡਾ: ਚੀਮਾ ਨੇ ਵਿਦਿਆਰਥੀ ਕਲਾਕਾਰਾਂ ਨੂੰ ਕਿਹਾ ਕਿ ਇਸ ਯੁਵਕ ਮੇਲੇ ਨੂੰ ਇਕ ਦੂਜੇ ਨਾਲ ਵਿਚਾਰ ਵਟਾਂਦਰੇ ਦਾ ਆਧਾਰ ਬਣਾਉਣਾ ਚਾਹੀਦਾ ਹੈ ਨਾ ਕਿ ਲੜਾਈ ਦਾ ਮੈਦਾਨ। ਉਨ੍ਹਾਂ ਕਿਹਾ ਕਿ ਕਲਾ ਅਤੇ ਸਾਹਿਤ ਮਨੁੱਖੀ ਕਦਰਾਂ ਕੀਮਤਾਂ ਦਾ ਪਸਾਰ ਕਰਦੇ ਹਨ, ਇਸ ਲਈ ਕਲਾਕਾਰ ਵਿਦਿਆਰਥੀ ਵੀ ਸੂਖ਼ਮ ਹਿਰਦੇ ਵਾਲੇ ਹੁੰਦੇ ਹਨ। ਇਸ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆ ਡਾ:ਚੀਮਾ ਨੇ ਕਿਹਾ ਕਿ ਪੀ ਏ ਯੂ ਨੂੰ ਮਾਣ ਹੈ ਕਿ ਵਿਗਿਆਨ ਦੀ ਪੜਾਈ ਦੇ ਨਾਲ ਨਾਲ ਸਾਡੇ ਵਿਦਿਆਰਥੀ ਸੰਗੀਤ, ਨਾਚ, ਡਰਾਮਾ ਅਤੇ ਸੂਖ਼ਮ ਕਲਾਵਾਂ ਵਿੱਚ ਰਾਸ਼ਟਰੀ ਅਤੇ ਅੰਤਰ ਰਾਸ਼ਟੀ ਪ੍ਰਾਪਤੀਆਂ ਕਰਦੇ ਹਨ। ਅੰਤਰ ਕਾਲਜ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਚਿਹਰਿਆਂ ਤੇ ਰੌਣਕਾਂ ਅਤੇ ਉਤਸ਼ਾਹ ਸੀ। ਦੂਸਰੇ ਸੈਸ਼ਨ ਦੀ ਪ੍ਰਧਾਨਗੀ ਵਾਈਸ ਚਾਂਸਲਰ ਦੇ ਤਕਨੀਕੀ ਸਲਾਹਕਾਰ ਡਾ: ਪੀ ਕੇ ਖੰਨਾ ਨੇ ਕੀਤੀ।
ਯੁਵਕ ਮੇਲੇ ਦੇ ਪ੍ਰਬੰਧਕੀ ਸਕੱਤਰ ਡਾ: ਨਿਰਮਲ ਜੌੜਾ ਨੇ ਦੱਸਿਆ ਕਿ ਆਉਣ ਵਾਲੇ ਤਿੰਨ ਦਿਨ ਕਵਿਤਾ, ਭਾਸ਼ਣ ਅਤੇ ਸਾਹਿਤ ਰਚਨਾ ਮੁਕਾਬਲੇ ਹੋਣਗੇ ਜਦੋਂ ਕਿ 21 ਤੋਂ 24 ਅਕਤੂਬਰ ਤਕ ਮੁੱਖ ਪੇਸ਼ਕਾਰੀਆਂ ਕਰਵਾਈਆਂ ਜਾਣਗੀਆਂ। ਕੋਲਾਜ਼ ਬਣਾਉਣ ਦੇ ਮੁਕਾਬਲਿਆਂ ਵਿੱਚ ਬੇਸਿਕ ਸਾਇੰਸਜ਼ ਕਾਲਜ ਦੇ ਸੁਭਾਸ਼ ਐਸ ਪੀ ਨੇ ਪਹਿਲਾ, ਇੰਜੀਨੀਅਰਿੰਗ ਕਾਲਜ ਦੀ ਵਿਸੁਧਾ ਸ਼ਰਮਾ ਨੇ ਦੂਸਰਾ ਜਦੋਂ ਕਿ ਤੀਸਰਾ ਇਨਾਮ ਖੇਤੀਬਾੜੀ ਦੀ ਪ੍ਰਿਯਾ ਸਿੰਘ ਨੇ ਜਿੱਤਿਆ। ਸਿਰਜਣਾਤਮਕ ਲੇਖਣੀ ਵਿੱਚ ਖੇਤੀ ਇੰਜੀਨੀਅਰਿੰਗ ਕਾਲਜ ਦੀ ਅਮਨਦੀਪ ਨੇ ਪਹਿਲਾ, ਖੇਤੀ ਇੰਜ: ਕਾਲਜ ਦੇ ਹੀ ਰਾਹੁਲ ਬੱਤਾ ਨੇ ਦੂਸਰਾ ਅਤੇ ਖੇਤੀਬਾੜੀ ਦੇ ਨਵਦੀਪ ਭੰਡਾਰੀ ਨੇ ਤੀਸਰਾ ਇਨਾਮ ਹਾਸਿਲ ਕੀਤਾ। ਇਸ ਮੌਕੇ ਪ੍ਰੋਫੈਸਰ ਕੁਲਵੰਤ ਸਿੰਘ, ਸ: ਗੁਰਦੀਪ ਸਿੰਘ ਦੀਪ, ਪ੍ਰੋਫੈਸਰ ਕਮਲਜੀਤ ਸਿੰਘ, ਡਾ: ਜਲੌਰ ਸਿੰਘ ਖੀਵਾ, ਗੁਰਚਰਨ ਕੌਰ ਕੋਚਰ ਅਤੇ ਪਿੰ੍ਰਸੀਪਲ ਸੁਖਪਾਲ ਕੌਰ ਨੇ ਨਿਰਣਾਇਕ ਵਜੋਂ ਵਿਦਿਆਰਥੀਆਂ ਕੁਝ ਨੁਕਤੇ ਸਾਂਝੇ ਕੀਤੇ। ਡਾ: ਮਾਨ ਸਿੰਘ ਤੂਰ ਨੇ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਡਾ: ਰਵਿੰਦਰ ਕੌਰ ਧਾਲੀਵਾਲ, ਡਾ:ਕੁਸ਼ਲ ਕੁਮਾਰ, ਡਾ:ਸੁਖਜੀਤ ਕੌਰ, ਡਾ: ਵਿਸ਼ਾਲ ਬੈਕਟਰ, ਡਾ: ਅਨਿਲ ਸ਼ਰਮਾ, ਡਾ: ਐਸ ਕੇ ਸ਼ਰਮਾ, ਸਤਵੀਰ ਸਿੰਘ ਸਮੇਤ ਅਧਿਆਪਕ ਅਤੇ ਕਲਾਕਾਰ ਵਿਦਿਆਰਥੀ ਸ਼ਾਮਿਲ ਸਨ।