ਲੁਧਿਆਣਾ- ਸੀਵਰੇਜ ਦੀ ਰਹਿੰਦ ਖੂੰਹਦ ਦੀ ਸਮੱਸਿਆ ਨੂੰ ਖੇਤੀ ਜੰਗਲਾਤ ਵਿਧੀ ਰਾਹੀ ਨਜਿੱਠਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਵਲੋਂ ਇਕ ਅੰਤਰਰਾਸ਼ਟਰੀ ਪੱਧਰ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਅਸਟ੍ਰੇਲੀਆ ਦੀ ਮੈਲਬਾਰਨ ਯੂਨੀਵਰਸਿਟੀ ਦੇ ਸਹਿਯੋਗ ਨਾਲ ਲਗਾਈ ਗਈ। ਇਸ ਵਿਚ ਵਿਸ਼ੇਸ਼ ਤੌਰ ਤੇ ਵਾਤਾਵਰਣ ਦੀ ਸੰਭਾਲ ਸੰਬੰਧੀ ਅਸਟ੍ਰੇਲੀਆਂ ਵਿਖੇ ਸਥਿਤ ਅੰਤਰਰਾਸ਼ਟਰੀ ਅਦਾਰੇ ਤੋਂ ਡਾ. ਨਿੱਕੂ ਮਾਰਕਾ, ਡਾ. ਟੀ.ਵੀ. ਥਿਵੀਆਨਾਥਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਇੰਸਦਾਨਾਂ ਨੇ ਭਾਗ ਲਿਆ। ਇਸ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸਤਬੀਰ ਸਿੰਘ ਗੋਸਲ ਨੇ ਕੀਤੀ। ਉਹਨਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਪਾਣੀ ਤੋਂ ਹੀ ਜੀਵਨ ਹੈ ਪਰ ਇਸ ਦੀ ਅੰਦਾ ਧੁੰਦ ਵਰਤੋਂ ਅਤੇ ਪਰਦੂਸ਼ਤ ਹੋਣ ਕਾਰਨ ਮਨੁੱਖੀ ਜੀਵਨ ਨੂੰ ਕਈ ਤਰਾਂ ਦੇ ਖਤਰੇ ਪੈਦਾ ਹੋ ਰਹੇ ਹਨ। ਉਹਨਾਂ ਕਿਹਾ ਕਿ ਸ਼ਹਿਰਾਂ ਦੁਆਲੇ ਕੁਦਰਤੀ ਜੰਗਲਾਤ ਰੂਪੀ ਹਰੀਆਂ ਪੱਟੀਆਂ ਲਗਾਉਣੀਆਂ ਚਾਹੀਦੀਆਂ ਹਨ ਜਿਨਾਂ ਨੂੰ ਵਾਧੂ ਪਾਣੀ ਰਾਂਹੀ ਸਿੰਜਿਆ ਜਾਣਾ ਚਾਹੀਦਾ ਹੈ।
ਅਸਟ੍ਰੇਲੀਆ ਤੋਂ ਆਏ ਵਫਦ ਦੀ ਨੁਮਾਇੰਦਗੀ ਡਾ. ਬਨਿਯੋਨ ਕਰ ਰਹੇ ਸਨ ਜਿਨਾਂ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਪੀ.ਏ.ਯੂ. ਅਤੇ ਕੇਂਦਰੀ ਭੂਮੀ ਸੁਧਾਰ ਅਤੇ ਖੋਜ ਦੇ ਅਦਾਰੇ ਦੇ ਸਾਇੰਸਦਾਨਾ ਨੂੰ ਆਟ੍ਰੇਲੀਆਈ ਇਕਾਈਆਂ ਦੀ ਤਰਜ ਤੇ ਸਿਖਲਾਈ ਪ੍ਰਦਾਨ ਕੀਤੀ ਜਾਏਗੀ। ਇਸਤੋਂ ਪਹਿਲਾਂ ਖੇਤੀਬਾੜੀ ਕਾਲਜ ਦੇ ਡੀਨ ਡਾ. ਦਵਿੰਦਰ ਸਿੰਘ ਚੀਮਾ ਨੇ ਭਾਗ ਲੈ ਰਹੇ ਸਾਇੰਸਦਾਨਾਂ ਨੂੰ ਜੀ ਆਇਆਂ ਆਖਿਆ ਅਤੇ ਕਿਹਾ ਕਿ ਜ਼ਮੀਨ ਅੰਦਰਲੇ ਪਾਣੀ ਨੂੰ ਪ੍ਰਦੂਸ਼ਨ ਤੋਂ ਬਚਾਉਣ ਲਈ ਅਤੇ ਖਾਣ ਵਾਲੀਆਂ ਸਬਜੀਆਂ ਨੂੰ ਵੀ ਰਸਾਇਨਾ ਤੋਂ ਮੁਕਤ ਰੱਖਣ ਲਈ ਅਜਿਹੀਆਂ ਵਿਧੀਆਂ ਬਹੁਤ ਕਾਰਗਰ ਸਿੱਧ ਹੋਣਗੀਆਂ। ਅੰਤ ਵਿਚ ਵਿਭਾਗ ਦੇ ਮੁੱਖੀ ਡਾ. ਅਵਤਾਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।