ਲੀਬੀਆ- 40 ਸਾਲ ਤੋਂ ਵੱਧ ਸਮੇਂ ਤੱਕ ਲੀਬੀਆ ਤੇ ਰਾਜ ਕਰਨ ਵਾਲੇ ਕਰਨਲ ਮੁਅਸਰ ਅਲ ਗਦਾਫ਼ੀ ਆਖਿਰਕਾਰ ਸਿਰਤੇ ਵਿੱਚ ਵਿਦਰੋਹੀਆਂ ਦੇ ਹੱਥੋਂ ਮਾਰੇ ਗਏ। ਗਦਾਫ਼ੀ ਦੇ ਨਾਲ ਹੀ ਲੀਬੀਆ ਦੀ ਸੈਨਾ ਦੇ ਆਰਮੀ ਚੀਫ਼ ਵੀ ਮਾਰੇ ਗਏ। ਗਦਾਫ਼ੀ ਦਾ ਪੁਤੱਰ ਮੁਤਸਿਮ ਗਦਾਫ਼ੀ ਵੀ ਵਿਦਰੋਹੀਆਂ ਨਾਲ ਸੰਘਰਸ਼ ਵਿੱਚ ਮਾਰਿਆ ਗਿਆ ਹੈ।
ਐਨਟੀਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰਨਲ ਗਦਾਫ਼ੀ ਨੂੰ ਸਿਰਤੇ ਵਿੱਚ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਜਖਮੀ ਹਾਲਤ ਵਿੱਚ ਸਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਉਨ੍ਹਾਂ ਦੇ ਦੋਵੇ ਪੈਰ ਜਖਮੀ ਸਨ। ਹਸਪਤਾਲ ਲਿਜਾਂਦੇ ਸਮੇਂ ਹੀ ੳਨ੍ਹਾਂ ਦੀ ਮੌਤ ਹੋ ਗਈ। ਵਿਦਰੋਹੀਆਂ ਨੇ ਨੈਟੋ ਦੀ ਮਦਦ ਨਾਲ ਗਦਾਫ਼ੀ ਦੇ ਕਟੜ ਸਮਰਥਕਾਂ ਨੂੰ ਖਤਮ ਕਰਕੇ ਸਿਰਤੇ ਤੇ ਆਪਣਾ ਕਬਜ਼ਾ ਕਰ ਲਿਆ ਹੈ। ਲੀਬੀਆ ਦੇ ਟੀਵੀ ਅਨੁਸਾਰ ਗਦਾਫ਼ੀ ਦੀ ਮੌਤ ਗੋਲੀ ਲਗਣ ਨਾਲ ਹੋਈ ਹੈ। ਉਹ ਖੂਨ ਨਾਲ ਲੱਥ-ਪੱਥ ਸਨ।
ਕਰਨਲ ਗਦਾਫ਼ੀ 1969 ਵਿੱਚ ਤਖਤਾ ਪਲਟ ਕਰਕੇ ਲੀਬੀਆ ਦੇ ਸ਼ਹਿਨਸ਼ਾਹ ਬਣੇ ਸਨ। ਲੀਬੀਆ ਦੇ ਸੂਚਨਾ ਮੰਤਰੀ ਮਹਿਮੂਦ ਸ਼ਮਨ ਨੇ ਇਸ ਨੂੰ ਲੀਬੀਆ ਦੇ ਲੋਕਾਂ ਦੀ ਵੱਡੀ ਜਿੱਤ ਦਸਿਆ ਹੈ। ਵਿਦਰੋਹੀਆਂ ਵਲੋਂ ਲੀਬੀਆ ਵਿੱਚ ਜਸ਼ਨ ਮਨਾਏ ਜਾ ਰਹੇ ਹਨ।