ਆਜ਼ਾਦੀ ਮਗਰੋਂ ਦੇਸ਼ ਦੀ ਆਰਥਿਕਤਾ ਨੂੰ ਨਵੇਂ ਸਿਰਿਓ ਵਿਉਂਤਣ ਅਤੇ ਅਨਾਜ ਲੋੜਾਂ ਦੀ ਪੂਰਤੀ ਲਈ ਖੇਤੀਬਾੜੀ ਖੋਜ ਨੂੰ ਅੱਗੇ ਵਧਾਉਣ ਦੀ ਯੋਜਨਾ ਤਿਆਰ ਹੋਈ ਤਾਂ ਉਸ ਵਿੱਚ ਪੰਜਾਬ ਨੂੰ ਪ੍ਰਮੁੱਖ ਕੇਂਦਰ ਵਜੋਂ ਵਿਕਾਸ ਦਾ ਮੌਕਾ ਮਿਲਿਆ। ਖੇਤੀਬਾੜੀ ਯੂਨੀਵਰਸਿਟੀਆਂ ਦੀ ਉਸਾਰੀ ਹੋਈ ਤਾਂ ਪੰਤ ਨਗਰ ਤੋਂ ਬਾਅਦ ਉੜੀਸਾ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨਾਲੌਜੀ ਅਤੇ ਇਸੇ ਨਾਲ ਹੀ 1962 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ । ਇਸ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਮਿਹਨਤ, ਯੋਜਨਾਕਾਰਾਂ ਦੀ ਦੂਰ ਦ੍ਰਿਸ਼ਟੀ ਅਤੇ ਮਿਹਨਤੀ ਕਿਸਾਨਾਂ ਵੱਲੋਂ ਅਪਣਾਏ ਵਿਗਿਆਨਕ ਢੰਗਾਂ ਨਾਲ ਪੰਜਾਬ ਨੂੰ ਹਰੇ ਇਨਕਲਾਬ ਦਾ ਮੋਢੀ ਬਣਨ ਦਾ ਮੌਕਾ ਮਿਲਿਆ । 1965-66 ਵਿਚ ਜਿਹੜੀ ਕਣਕ 11 ਕੁਇੰਟਲ ਪ੍ਰਤੀ ਹੈਕਟੇਅਰ ਹੁੰਦੀ ਸੀ ਉਹ ਹੁਣ 47 ਕੁਇੰਟਲ ਪ੍ਰਤੀ ਹੈਕਟੇਅਰ ਹੋ ਰਹੀ ਹੈ । ਇਸੇ ਤਰ੍ਹਾਂ ਝੋਨੇ ਦੀ ਪੈਦਾਵਾਰ ਜੋ 1965-66 ਵਿਚ ਸਿਰਫ਼ 15 ਕੁਇੰਟਲ ਪ੍ਰਤੀ ਹੈਕਟੇਅਰ ਹੁੰਦੀ ਸੀ ਉਹ ਹੁਣ ਵਧ ਕੇ 60 ਕੁਇੰਟਲ ਤੇ ਪਹੁੰਚ ਗਈ ਹੈ । ਖੇਤੀ ਘਣਤਾ 189 ਫ਼ੀਸਦੀ ਤੇ ਪਹੁੰਚ ਗਈ ਹੈ। ਜਦਕਿ 1965-66 ਵਿਚ ਇਹ ਸਿਰਫ਼ 130 ਫ਼ੀਸਦੀ ਸੀ ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਅਤੇ ਕਿਸਾਨਾਂ ਦੇ ਸੁਮੇਲ ਵਰਗੀ ਪੂਰੀ ਦੁਨੀਆਂ ਵਿਚ ਮਿਸਾਲ ਨਹੀਂ ਮਿਲਦੀ । ਹੁਣ ਉਦਯੋਗ ਨੇ ਵੀ ਖੇਤੀਬਾੜੀ ਖੋਜ ਅਤੇ ਕਿਸਾਨ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ । ਖੇਤੀਬਾੜੀ ਦੇ ਵਿਕਾਸ ਅਤੇ ਭਵਿੱਖ ਮੁਖੀ ਦਿਸ਼ਾ ਨਿਰਦੇਸ਼ਨ ਲਈ ਵਿਗਿਆਨ ਕਿਸਾਨ ਅਤੇ ਉਦਯੋਗ ਦੀ ਤ੍ਰਿਸ਼ੂਲ ਯਕੀਨਨ ਚੰਗਾ ਆਰੰਭ ਹੈ ।
ਸਾਡੇ ਸਾਹਮਣੇ ਚੁਣੌਤੀਆਂ :
ਅੱਜ ਖੇਤੀਬਾੜੀ ਲਾਗਤਾਂ ਵਧ ਰਹੀਆਂ ਹਨ ਅਤੇ ਮੁਨਾਫ਼ਾ ਘਟ ਰਿਹਾ ਹੈ । ਇਵੇਂ ਹੀ ਪੁਸ਼ਤ ਦਰ ਪੁਸ਼ਤ ਜ਼ਮੀਨ ਦੀ ਮਾਲਕੀ ਘਟ ਰਹੀ ਹੈ । ਰਕਬਾ ਘਟਣ ਕਾਰਨ ਬਹੁਤੇ ਕਿਸਾਨ ਪਰਿਵਾਰਾਂ ਦੇ ਬੱਚਿਆਂ ਵਿਚ ਖ਼ੁਦ ਖੇਤੀ ਕਰਨ ਦਾ ਉਤਸ਼ਾਹ ਨਹੀਂ ਰਿਹਾ । ਪਹਿਲਾਂ ਕਿਸਾਨ ਸਵੇਰੇ ਸੁਵਖਤੇ ਉਠ ਕੇ ਹਲ ਵਾਹੁੰਦਾ ਸੀ ਅਤੇ ਸਾਰਾ ਦਿਨ ਕੰਮ ਕਾਰ ਵਿਚ ਰੁੱਝਿਆ ਰਹਿੰਦਾ ਸੀ ਪਰ ਅੱਜ ਦਸਾਂ ਨਹੁੰਆਂ ਦੀ ਥਾਂ ਸਿਰਫ਼ ਪ੍ਰਵਾਸੀ ਮਜ਼ਦੂਰ ਨੂੰ ਕੰਮ ਕਹਿਣ ਵਾਸਤੇ ਇਕ ਉਂਗਲੀ ਚਲਦੀ ਹੈ ਅਤੇ ਬਹੁਤੇ ਪਰਿਵਾਰਾਂ ਵਿਚ ਇਕ ਉਂਗਲੀ ਵੀ ਨਹੀਂ ਚਲਦੀ ।
ਰਸਾਇਣਕ ਖਾਦਾਂ ਦੀ ਵਰਤੋਂ ਵਧਣ ਕਾਰਨ ਦੇਸੀ ਰੂੜੀ ਵੱਲ ਸਾਡੀ ਰੁਚੀ ਨਹੀਂ ਰਹੀ ਅਤੇ ਦੇਸੀ ਰੂੜੀ ਦੀ ਮਾਤਰਾ ਵੀ ਸਾਡੀਆਂ ਲੋੜਾਂ ਮੁਤਾਬਿਕ ਪੂਰੀ ਨਹੀਂ । ਗੋਡੀ ਕਰਕੇ ਨਦੀਨ ਕੱਢਣ ਦੀ ਥਾਂ 1975 ਤੋਂ ਨਦੀਨ ਨਾਸ਼ਕ ਜ਼ਹਿਰਾਂ ਦੀ ਵਰਤੋਂ ਹੁਣ ਸਿਖ਼ਰਾਂ ਤੇ ਪਹੁੰਚ ਗਈ ਹੈ । ਜਿੰਨੀ ਮਸ਼ੀਨਰੀ ਸਾਨੂੰ ਚਾਹੀਦੀ ਹੈ ਉਸ ਨਾਲੋਂ ਕਿਤੇ ਵੱਧ ਮਸ਼ੀਨਰੀ ਅਸੀਂ ਖ਼ਰੀਦੀ ਬੈਠੇ ਹਾਂ । ਲਗਪਗ ਸਾਢੇ ਚਾਰ ਲੱਖ ਟਰੈਕਟਰ ਅਤੇ ਲਗਪਗ ਸਾਢੇ ਬਾਰਾਂ ਲੱਖ ਟਿਊਬਵੈਲ ਪੰਜਾਬ ਦੀ ਖੇਤੀ ਨੂੰ ਪਾਲ ਰਹੇ ਹਨ । ਘੱਟੋ ਘੱਟ ਸਮਰਥਨ ਮੁੱਲ ਮਿਲਣ ਕਰਕੇ ਕਣਕ ਅਤੇ ਝੋਨਾ ਤਾਂ ਪੰਜਾਬ ਦੀ ਮੁੱਖ ਫ਼ਸਲ ਬਣ ਗਈ ਹੈ ਪਰ ਖੇਤੀਬਾੜੀ ਵੰਨ ਸੁਵੰਨਤਾ ਵੱਲ ਸਾਡਾ ਰੁਝਾਨ ਨਹੀਂ ਬਣ ਰਿਹਾ ਹੈ । ਝੋਨੇ ਹੇਠ ਸਾਡੀ ਕੁਦਰਤੀ ਸੋਮਿਆਂ ਦੀ ਸਮਰੱਥਾ ਤੋਂ ਕਿਤੇ ਜ਼ਿਆਦਾ ਵਧ ਗਿਆ ਹੈ ਅਤੇ ਵਰਤਮਾਨ ਹਾਲਤਾਂ ਵਿਚ ਕੋਈ ਫ਼ਸਲ ਅਜਿਹੀ ਨਹੀਂ ਦਿਸ ਰਹੀ ਜੋ ਇਸ ਦੇ ਬਰਾਬਰ ਆਮਦਨ ਦੇ ਸਕੇ ।
ਕੁਦਰਤੀ ਸੋਮਿਆਂ ਦਾ ਖ਼ੁਰਨਾ ਸਾਡੇ ਲਈ ਵੱਡੀ ਫ਼ਿਕਰਮੰਦੀ ਦਾ ਵਿਸ਼ਾ ਹੈ । ਇਸ ਦਾ ਇਕ ਕਾਰਨ ਜਿਥੇ ਘਣੀ ਖੇਤੀ ਹੈ ਉਥੇ ਲੋੜ ਮੁਤਾਬਕ ਪਾਣੀ ਖਾਦਾਂ ਅਤੇ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਨਾ ਕਰਨਾ ਵੀ ਮੁਸੀਬਤਾਂ ਵਧਾ ਰਿਹਾ ਹੈ। ਵਾਤਾਵਰਣ ਪਲੀਤ ਕਰਨ ਵਿਚ ਵੀ ਅਸੀਂ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਾਂ । ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤੀਬਾੜੀ ਵਿਭਾਗ ਅਤੇ ਪੰਜਾਬ ਰਾਜ ਪ੍ਰਦੂਸ਼ਣ ਰੋਕੋ ਬੋਰਡ ਵੱਲੋਂ ਝੋਨੇ ਦੇ ਪਰਾਲੀ ਨੂੰ ਅੱਗ ਲਾਉਣ ਦੇ ਖਿਲਾਫ਼ ਮੁਹਿੰਮ ਦਾ ਠੋਸ ਨਤੀਜਾ ਅਜੇ ਨਹੀਂ ਮਿਲਿਆ ਪ੍ਰੰਤੂ ਭਵਿੱਖ ਵਿਚ ਲੋਕ ਲਾਜ਼ਮੀ ਸਾਡਾ ਸਾਥ ਦੇਣਗੇ ਅਤੇ ਪਰਾਲੀ ਨੂੰ ਅੱਗ ਲਾ ਕੇ ਸਾੜਨ ਤੋਂ ਗੁਰੇਜ਼ ਕਰਨਗੇ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਮੂਨੇ ਦੇ ਤੌਰ ਤੇ ਜ਼ਿਲ੍ਹਾ ਬਠਿੰਡਾ ਵਿਚ ਪਿੰਡ ਕਿਲੀ ਨਿਹਾਲ ਸਿੰਘ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਅਪਣਾਇਆ ਗਿਆ ਹੈ । ਇਸ ਪਿੰਡ ਦੀ ਸਮੁੱਚੀ ਕਾਸ਼ਤ ਯੋਗ ਜ਼ਮੀਨ ਵਿਚ ਲੇਜ਼ਰ, ਸੁਹਾਗਾ ਵਰਤ ਕੇ ਜ਼ਮੀਨ ਪੱਧਰੀ ਕਰਾਂਗੇ, ਹੈਪੀਸੀਡਰ ਨਾਲ ਕਣਕ ਬੀਜਾਂਗੇ ਅਤੇ ਪਰਾਲੀ ਦੀ ਸੰਭਾਲ ਵਾਸਤੇ ਬੇਲਰ ਨਾਲ ਗੰਢਾਂ ਬੰਨ੍ਹਣ ਵਿਚ ਤਕਨੀਕੀ ਜਾਣਕਾਰੀ ਦਿਆਂਗੇ । ਇਹ ਦੋਵੇਂ ਪਿੰਡ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਸੌਂਪੇ ਗਏ ਹਨ । ਖੇਤੀਬਾੜੀ ਵਿਕਾਸ ਨਾਲ ਸਬੰਧਤ ਅਦਾਰਿਆਂ ਨੂੰ ਇਥੇ ਕੀਤੇ ਕੰਮ ਤੋਂ ਤਕਨੀਕੀ ਅਤੇ ਵਿਹਾਰਕ ਜਾਣਕਾਰੀ ਹਾਸਲ ਹੋਵੇਗੀ ਜਿਸ ਨਾਲ ਉਹ ਪੰਜਾਬ ਦੇ ਬਾਕੀ ਪਿੰਡਾਂ ਵਿਚ ਕੁਦਰਤੀ ਸੋਮਿਆਂ ਦੀ ਸੰਭਾਲ ਵਾਸਤੇ ਅੱਗੇ ਤੁਰ ਸਕਣਗੇ ।
ਇਕ ਗੱਲ ਵਿਚਾਰਨ ਵਾਲੀ ਇਹ ਵੀ ਹੈ ਕਿ ਸਾਡੇ ਪੰਜਾਬੀ ਪੁੱਤਰ ਹੁਣ ਸੁਖ ਰਹਿਣੇ ਹੋ ਗਏ ਹਨ ਅਤੇ ਸੁੱਖ ਮਾਣਦੇ ਮਾਣਦੇ ਨਸ਼ਿਆ ਵੱਲ ਵਧੇਰੇ ਉਲਰ ਗਏ ਹਨ । ਜਿਹੜਾ ਜੱਟ ਕਦੇ ਕੁੜੀਆਂ ਤੋਂ ਡਰਦਾ ਮਾਰਾ ਮੋਢੇ ਉਤੇ ਡਾਂਗ ਰੱਖਦਾ ਸੀ, ਉਸਨੂੰ ਹੁਣ ਆਪਣਾ ਆਪ ਸੰਭਾਲਣਾ ਵੀ ਔਖਾ ਹੋ ਗਿਆ ਹੈ । ਕਮਾਈ ਨਾਲੋਂ ਵੱਧ ਖ਼ਰਚੇ ਕਰਦਿਆਂ ਉਹ ਫੋਕਾ ਅਭਿਮਾਨੀ ਵੀ ਹੋ ਰਿਹਾ ਹੈ ਅਤੇ ਅਮੀਰਾਂ ਦੀਆਂ ਕਾਰਾਂ ਕੋਠੀਆਂ ਅਤੇ ਹੋਰ ਸੁਖ ਸਹੂਲਤਾਂ ਵੇਖ ਵੇਖ ਕੇ ਉਹ ਵਿਖਾਵੇ ਦਾ ਗੁਲਾਮ ਬਣ ਰਿਹਾ ਹੈ । ਆਉ ਇਸ ਤੋਂ ਬਚੀਏ, ਪੰਜਾਬ ਅਭਿਮਾਨ ਦੀ ਨਹੀਂ ਸਵੈਮਾਨ ਦੀ ਧਰਤੀ ਹੈ ਅਤੇ ਸਵੈਮਾਨ ਸਿਰਫ਼ ਕਿਰਤ ਕਰਕੇ ਹੀ ਵਧ ਕਮਾਈ ਨਾਲ ਆਉਂਦਾ ਹੈ ।
ਹੁਣ ਅਸੀਂ ਕੀ ਕਰ ਸਕਦੇ ਹਾਂ :
ਲੇਜ਼ਰ ਕਰਾਹੇ ਦੀ ਮਦਦ ਨਾਲ ਜ਼ਮੀਨ ਪੱਧਰੀ ਕਰਨ, ਹੈਪੀਸੀਡਰ ਨਾਲ ਕਣਕ ਦੀ ਕਾਸ਼ਤ ਕਰਨ ਨਾਲ ਅਤੇ ਜ਼ਮੀਨ ਹੇਠ ਪਾਈਪਾਂ ਰਾਹੀਂ ਸਿੰਚਾਈ ਪ੍ਰਬੰਧ ਤੋਂ ਇਲਾਵਾ ਝੋਨਾ ਲਾਉਣ ਵਾਲੀ ਮਸ਼ੀਨ ਦੀ ਵਰਤੋਂ ਵੱਲ ਪਰਤਣਾ ਪਵੇਗਾ।
ਖੇਤੀਬਾੜੀ ਮਸ਼ੀਨੀਕਰਨ ਲਈ ਵਿਅਕਤੀਗਤ ਖ਼ਰਚੇ ਕਰਨ ਦੀ ਥਾਂ ਛੋਟੇ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਵੱਲੋਂ ਮਿਲਦੀਆਂ ਸੇਵਾਵਾਂ ਨੂੰ ਅਪਨਾਉਣਾ ਚਾਹੀਦਾ ਹੈ । ਜਿਹੜੇ ਪਿੰਡਾਂ ਵਿਚ ਇਹ ਸੇਵਾਵਾਂ ਅਜੇ ਸਹਿਕਾਰੀ ਸਭਾਵਾਂ ਨੇ ਦੇਣੀਆਂ ਸ਼ੁਰੂ ਨਹੀਂ ਕੀਤੀਆਂ ਉਹਨਾਂ ਨੂੰ ਵੀ ਇਸ ਪਾਸੇ ਅੱਗੇ ਆਉਣਾ ਚਾਹੀਦਾ ਹੈ ਅਤੇ ਖੇਤੀਬਾੜੀ ਮਸ਼ੀਨਰੀ ਨੂੰ ਸਾਂਝੇ ਤੌਰ ਤੇ ਵਰਤਣ ਲਈ ਉਤਸ਼ਾਹ ਦੇਣਾ ਚਾਹੀਦਾ ਹੈ। ਹੁਣ ਨਵੀਆਂ ਤੋਂ ਨਵੀਆਂ ਮਸ਼ੀਨਾਂ ਆ ਗਈਆਂ ਹਨ ਜੋ ਮਹਿੰਗੀਆਂ ਹੋਣ ਕਾਰਨ ਸਹਿਕਾਰੀ ਪੱਧਰ ਤੇ ਹੀ ਵਰਤਣੀਆਂ ਚਾਹੀਦੀਆਂ ਹਨ ।
ਸਬਜ਼ੀਆਂ ਦੀ ਨੈਟ ਹਾਊਸ ਵਿੱਚ ਕਾਸ਼ਤ, ਨਰੋਆ ਪਸ਼ੂ ਪਾਲਣ, ਖੁੰਬਾਂ ਦੀ ਕਾਸ਼ਤ, ਮਧੂ ਮਖੀਆਂ ਤੋਂ ਸ਼ਹਿਦ ਅਤੇ ਹੋਰ ਉਤਪਾਦਨ ਹਾਸਲ ਕਰਨ ਦੇ ਨਾਲ ਨਾਲ ਦਾਲਾਂ ਦੀ ਕਾਸ਼ਤ, ਲਿਫ਼ਾਫ਼ਾਬੰਦੀ ਅਤੇ ਵਿਕਰੀ ਖ਼ੁਦ ਕਰਕੇ ਕਮਾਈ ਵਧਾਈ ਜਾ ਸਕਦੀ ਹੈ । ਝੋਨਾ ਲਾਉਣ ਵਾਲੀ ਮਸ਼ੀਨ ਵਾਸਤੇ ਪਨੀਰੀ ਬੀਜ ਕੇ ਵੀ ਹੋਰ ਲੋਕਾਂ ਨੂੰ ਵੇਚੀ ਜਾ ਸਕਦੀ ਹੈ । ਇਸੇ ਤਰ੍ਹਾਂ ਦੋਗਲੇ ਬੀਜ ਵੀ ਤੁਹਾਡੀ ਕਮਾਈ ਵਧਾ ਸਕਦੇ ਹਨ ।
ਖੇਤੀਬਾੜੀ ਗਿਆਨ ਵੰਡਦੇ ਅਦਾਰਿਆਂ ਤੋਂ ਗਿਆਨ ਲੈ ਕੇ ਖੇਤੀ ਲਾਗਤਾਂ ਘਟਾ ਸਕਦੇ ਹਾਂ ।
ਦੇਸੀ ਰੂੜੀ ਵਾਲੀ ਖਾਦ, ਹਰੀ ਖਾਦ ਕੰਪੋਸਟ ਆਦਿ ਵਰਤਣ ਨਾਲ ਰਸਾਇਣਕ ਖਾਦਾਂ ਤੇ ਨਿਰਭਰਤਾ ਘਟੇਗੀ । ਮਿੱਟੀ ਪਰਖ਼ ਦੇ ਅਧਾਰ ਤੇ ਖਾਦਾਂ, ਟੈਨਸ਼ੀਓਮੀਟਰ ਦੀ ਵਰਤੋਂ ਨਾਲ ਝੋਨੇ ਨੂੰ ਘ¤ਟ ਪਾਣੀ ਅਤੇ ਹਰਾ ਪ¤ਤਾ ਚਾਰਟ ਦੀ ਵਰਤੋਂ ਨਾਲ ਝੋਨੇ ਅਤੇ ਮੱਕੀ ਨੂੰ ਸਹੀ ਖਾਦਾਂ ਦੀ ਮਾਤਰਾ ਪਾ ਸਕਦੇ ਹਾਂ।
ਸਰਬਪੱਖੀ ਕੀਟ ਕੰਟਰੋਲ ਨਾਲ ਕੀਟ ਨਾਸ਼ਕ ਜ਼ਹਿਰਾਂ ਦਾ ਖ਼ਰਚਾ ਘਟੇਗਾ । ਇਸ ਨਾਲ ਜਿਥੇ ਲਾਗਤਾਂ ਘਟਣਗੀਆਂ, ਮੁਨਾਫ਼ਾ ਵਧੇਗਾ ਅਤੇ ਕੁਦਰਤੀ ਸੋਮਿਆਂ ਦੀ ਵੀ ਬ¤ਚਤ ਹੋਵੇਗੀ । ਘੱਟ ਲਾਗਤਾਂ ਵਾਲੀ ਟੈਕਨਾਲੋਜੀ ਅਪਣਾ ਕੇ ਅਸੀਂ ਆਪਣੇ ਖੇਤੀ ਖ਼ਰਚੇ ਘਟਾ ਸਕਦੇ ਹਾਂ ।
ਵਿਗਿਆਨੀਆਂ ਦੀ ਜ਼ਿੰਮੇਵਾਰੀ :
ਗਲੋਬਲ ਤਪਸ਼ ਕਾਰਨ ਬਦਲਦੇ ਮੌਸਮੀ ਹਾਲਾਤ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੋਜ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ । ਭਾਵੇਂ ਬਰਸਾਤਾਂ ਦੀ ਬੇਯਕੀਨੀ ਹੋ ਗਈ ਹੈ ਪਰ ਇਸ ਖੇਤਰ ਵਿਚ ਮਹੱਤਵਪੂਰਨ ਖੋਜ ਸੰਭਵ ਹੈ । ਯੂਨੀਵਰਸਿਟੀ ਵੱਲੋਂ ਮੌਸਮੀ ਤਪਸ਼ ਨੂੰ ਝਲਣ ਵਾਲੀਆਂ ਕਿਸਮਾਂ ਬਾਰੇ ਖੋਜ ਤੋਂ ਇਲਾਵਾ ਬਰਸਾਤ ਦੇ ਵਿਹਾਰ ਨੂੰ ਦੇਖਦੇ ਹੋਏ ਅਜਿਹੀਆਂ ਕਿਸਮਾਂ ਦਾ ਵਿਕਾਸ ਕੀਤਾ ਜਾਵੇਗਾ ਜੋ ਮੌਨਸੂਨ ਆਉਣ ਤੋਂ ਪਹਿਲਾਂ ਹੀ ਪੱਕ ਜਾਣ ਅਤੇ ਸੰਭਾਲੀਆਂ ਜਾ ਸਕਣ । ਖੇਤੀਬਾੜੀ ਦਾ ਕੰਮ ਭਾਵੇਂ ਜ਼ਿਆਦਾ ਮੌਸਮ ਤੇ ਨਿਰਭਰ ਕਰਦਾ ਹੈ ਪਰ ਇਹਨਾਂ ਚੁਣੌਤੀਆਂ ਦਾ ਟਾਕਰਾ ਵਿਗਿਆਨੀ ਜ਼ਰੂਰ ਕਰਨਗੇ, ਇਹ ਮੇਰਾ ਵਿਸ਼ਵਾਸ ਹੈ ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਧ ਝਾੜ ਦੇਣ ਵਾਲੀਆਂ ਬੀਮਾਰੀ ਮੁਕਤ ਕਿਸਮਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ ਇਸ ਨਾਲ ਇਹ ਵੀ ਯਤਨ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਕਿਸਮਾਂ ਦਾ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੰਡੀ ਵਿਚ ਗਾਹਕ ਵੀ ਹੋਵੇ । ਕੁਝ ਵਰ੍ਹੇ ਪਹਿਲਾਂ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਗਈ ਝੋਨੇ ਦੀ ਕਿਸਮ ਪੀ.ਏ.ਯੂ. 201 ਦਾ ਬਹੁਤ ਜ਼ਿਆਦਾ ਝਾੜ ਸੀ । ਜਲਦੀ ਪੱਕਣ ਕਰਕੇ ਪਾਣੀ ਵੀ ਘੱਟ ਲੈਂਦੀ ਸੀ ਪਰ ਮੰਡੀ ਦੀ ਪ੍ਰਵਾਨਗੀ ਨਾ ਮਿਲਣ ਕਾਰਨ ਕਿਸਮ ਵਾਪਸ ਲੈਣੀ ਪਈ, ਹੁਣ ਇਸ ਨੂੰ ਸੁਧਾਰ ਕੇ ਨਵੇਂ ਰੂਪ ਵਿਚ ਪੇਸ਼ ਕਰਨ ਦੀ ਯੋਜਨਾ ਹੈ । ਵਧੀਆਂ ਚੌਲਾਂ ਵਾਲੀ ਇਸ ਕਿਸਮ ਨੂੰ ਤੁਸੀਂ ਯਕੀਨਨ ਪਸੰਦ ਕਰੋਗੇ । ਕੋਸ਼ਿਸ਼ ਕਰ ਰਹੇ ਹਾਂ ਕਿ ਬੀ ਟੀ ਨਰਮੇ ਦੇ ਬਰਾਬਰ ਝਾੜ ਦੇਣ ਵਾਲੀਆਂ ਟਰਾਂਸਜੈਨਿਕ ਕਿਸਮਾਂ ਬਾਰੇ ਵੀ ਖੋਜ ਕੀਤੀ ਜਾ ਰਹੀ ਹੈ । ਮੱਕੀ ਦੇ ਹਾਈਬ੍ਰਿਡ ਬੀਜ ਉਤਪਾਦਨ ਦੀ ਵੀ ਯੋਜਨਾ ਤਿਆਰ ਕੀਤੀ ਗਈ ਹੈ ਇਵੇਂ ਹੀ ਮਟਰ, ਮਿਰਚ ਅਤੇ ਟਮਾਟਰ ਦੀਆਂ ਕਿਸਮਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ । ਮੌਸਮੀ ਬਦਲਾਅ ਨੂੰ ਧਿਆਨ ਵਿਚ ਰੱਖਦੇ ਹੋਏ ਕਣਕ ਅਤੇ ਮੱਕੀ ਆਦਿ ਫ਼ਸਲਾਂ ਵੱਲ ਲੋੜ ਅਧਾਰਤ ਖੋਜ ਕੀਤੀ ਜਾ ਰਹੀ ਹੈ ।
ਜ਼ਹਿਰ ਮੁਕਤ ਸਬਜ਼ੀਆਂ ਦੀ ਕਾਸ਼ਤ ਲਈ ਨੈਟ ਹਾਊਸ ਤਕਨਾਲੋਜੀ ਵਰਗੀਆਂ ਤਕਨੀਕਾਂ ਪਾਸੋਂ ਸਾਨੂੰ ਵੱਡੀਆਂ ਉਮੀਦਾਂ ਹਨ । ਕੁਦਰਤੀ ਖੇਤੀ ਬਾਬਤ ਬੇਲੋੜਾ ਵਿਵਾਦ ਚਲ ਰਿਹਾ ਹੈ । ਜੇਕਰ ਕੁਦਰਤੀ ਖੇਤੀ ਦੇ ਲਈ ਦੇਸੀ ਰੂੜੀ ਵਰਗੇ ਲੋੜੀਂਦੇ ਕੁਦਰਤੀ ਸਾਧਨ ਹਾਸਲ ਹੋਣ, ਫ਼ਸਲ ਨੂੰ ਯੋਗ ਮੰਡੀਕਰਨ ਅਤੇ ਸਹੀ ਕੀਮਤ ਮਿਲੇ ਅਤੇ ਇਸ ਨਾਲ ਦੇਸ਼ ਦੀ ਅਨਾਜ ਸੁਰੱਖਿਆ ਵੀ ਨਾ ਡੋਲੇ ਤਾਂ ਇਸ ਵਿਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ । ਸਾਨੂੰ ਵਕਤ ਦੀਆਂ ਲੋੜਾਂ ਦੇ ਨਾਲ ਨਾਲ ਤੁਰਨਾ ਪਵੇਗਾ ।
ਖੇਤੀਬਾੜੀ ਉਪਜ ਦੀ ਪ੍ਰੋਸੈਸਿੰਗ ਕਰਨ ਵਾਲੀਆਂ ਇਕਾਈਆਂ ਨਾਲ ਤਾਲਮੇਲ ਵਧਾਉਣਾ ਪਵੇਗਾ । ਉਹਨਾਂ ਦੀਆਂ ਲੋੜਾਂ ਮੁਤਾਬਿਕ ਆਪਣੀ ਉਪਜ ਨੂੰ ਢਾਲਣਾ ਪਵੇਗਾ । ਬਾਗਬਾਨੀ ਅਤੇ ਸਬਜ਼ੀਆਂ ਦੀਆਂ ਕਾਸ਼ਤ ਪ੍ਰੋਸੈਸਿੰਗ ਇਕਾਈਆਂ ਦੀ ਲੋੜ ਮੁਤਾਬਿਕ ਤਬਦੀਲ ਕਰਨੀ ਪਵੇਗੀ । ਜੈਵਿਕ ਊਰਜਾ ਹਾਸਲ ਕਰਨ ਲਈ ਲੰਮੀ ਮਿਆਦ ਵਾਲੀ ਯੋਜਨਾਕਾਰੀ ਕਰਨੀ ਪਵੇਗੀ । ਸਾਡੇ ਕੋਲ ਝੋਨੇ ਦੀ ਪਰਾਲੀ, ਨਰਮੇ ਕਪਾਹ ਦੀਆਂ ਛਟੀਆਂ, ਮਕੱਈ, ਬਾਜਰਾ ਅਤੇ ਚਰ੍ਹੀ ਦੇ ਟਾਂਡੇ ਇਸ ਕੰਮ ਵਿਚ ਮਦਦਗਾਰ ਸਾਬਤ ਹੋ ਸਕਦੇ ਹਨ ।
ਖੇਤੀਬਾੜੀ ਹੁਣ ਰਵਾਇਤੀ ਗਿਆਨ ਆਸਰੇ ਨਹੀਂ ਸਗੋਂ ਵਿਗਿਆਨਿਕ ਚੇਤਨਾ ਨਾਲ ਵਿਕਾਸ ਦੇ ਰਾਹ ਤੁਰਦੀ ਹੈ। ਇਹ ਚੇਤਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਛਾਪੀਆਂ ਜਾਂਦੀਆਂ ਕਿਤਾਬਾਂ, ਮਾਸਿਕ ਪੱਤਰ ਚੰਗੀ ਖੇਤੀ ਅਤੇ ਇੰਟਰਨੈਟ ਵਿਚੋਂ ਪ੍ਰਾਪਤ ਗਿਆਨ ਰਾਹੀਂ ਹਾਸਲ ਕੀਤੀ ਜਾ ਸਕਦੀ ਹੈ । ਜਾਗਰੂਕਤਾ, ਸਹਿਕਾਰਤਾ ਅਤੇ ਵਣਜ ਪ੍ਰਬੰਧ ਯੋਗਤਾ ਦੇ ਨਾਲ ਨਾਲ ਰੁਝਾਨ ਪੈਦਾ ਕਰਨਾ ਅੱਜ ਦੀ ਪ੍ਰਮੁੱਖ ਲੋੜ ਹੈ । ਅਭਿਮਾਨ ਦਾ ਸਵੈਮਾਨ ਨਾਲ ਟਾਕਰਾ ਕਰੋ । ਜਿੱਤ ਤੁਹਾਡੀ ਹੋਵੇਗੀ । ਕਿਸਾਨ, ਵਿਗਿਆਨ ਅਤੇ ਉਦਯੋਗ ਦੇ ਸੁਮੇਲ ਵਿਚ ਹੀ ਪੰਜਾਬ ਦਾ ਖੇਤੀਬਾੜੀ ਭਵਿੱਖ ਰੌਸ਼ਨ ਹੋਣ ਦੀਆਂ ਸੰਭਾਵਨਾਵਾਂ ਛੁਪੀਆਂ ਹੋਈਆ ਹਨ ।