ਪੈਰਿਸ- ਫਰਾਂਸ ਦੇ ਰਾਸ਼ਟਰਪਤੀ ਨਿਕੋਲਾ ਸਰਕੋਜੀ ਨੇ ਕਿਹਾ ਹੈ ਕਿ 2001 ਵਿੱਚ ਗਰੀਸ ਨੂੰ ਯੂਰੋਜੋਨ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਇੱਕ ਗਲਤੀ ਸੀ। ਉਨ੍ਹਾਂ ਕਿਹਾ ਕਿ ਗਰੀਸ ਦੇ ਰਿਣ ਸੰਕਟ ਦੇ ਮਸਲੇ ਨੂੰ ਹੱਲ ਕਰਨ ਲਈ ਪੂਰੀ ਮਦਦ ਕੀਤੀ ਜਾਵੇਗੀ।
ਫਰਾਂਸ ਦੇ ਰਾਸ਼ਟਰਪਤੀ ਸਰਕੋਜੀ ਨੇ ਇੱਕ ਸਥਾਨਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਗਰੀਸ ਨੂੰ ਯੂਰੋਜੋਨ ਵਿੱਚ ਸ਼ਾਮਿਲ ਨਹੀਂ ਸੀ ਕਰਨਾ ਚਾਹੀਦਾ। ਉਨ੍ਹਾਂ ਦਾ ਕਹਿਣਾ ਹੈ ਕਿ ਗਰੀਸ ਇਸ ਲਈ ਤਿਆਰ ਨਹੀਂ ਸੀ, ਗਰੀਸ ਦੇ ਆਰਥਿਕ ਅੰਕੜੇ ਗਲਤ ਸਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਗਰੀਸ ਮੌਜੂਦਾ ਸੰਕਟ ਵਿਚੋਂ ਨਿਕਲ ਆਵੇਗਾ ਅਤੇ ਬਰਸੇਲਜ਼ ਵਿੱਚ ਹੋਏ ਸਮਝੌਤੇ ਨੇ ਬਹੁਤ ਵੱਡੀ ਮੁਸੀਬਤ ਨੂੰ ਟਾਲ ਦਿੱਤਾ ਹੈ। ਯੌਰਪੀਨ ਨੇਤਾਵਾਂ ਦੀ ਬਰਸੇਲਜ਼ ਵਿੱਚ ਚਲ ਰਹੀ ਬੈਠਕ ਵਿੱਚ ਆਪਸੀ ਸਹਿਮਤੀ ਬਣ ਜਾਣ ਤੋਂ ਬਾਅਦ ਹੀ ਇਹ ਬਿਆਨ ਆਇਆ ਹੈ।
ਗਰੀਸ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਮੌਜੂਦਾ ਯੂਰੋ ਸੰਕਟ ਦੇ ਲਈ ਕੇਵਲ ਗਰੀਸ ਹੀ ਜਿੰਮੇਵਾਰ ਨਹੀਂ ਹੈ ਅਤੇ ਕਿਸੇ ਇੱਕ ਦੇਸ਼ ਨੂੰ ਬਲੀ ਦਾ ਬੱਕਰਾ ਬਣਾਇਆ ਜਾਣਾ ਗੱਲਤ ਗੱਲ ਹੈ। ਗਰੀਸ ਦੀ ਸਮਸਿਆ ਕਰਕੇ ਪਿੱਛਲੇ ਕਾਫ਼ੀ ਅਰਸੇ ਤੋਂ ਯੌਰਪ ਅਤੇ ਦੁਨੀਆਭਰ ਦੇ ਬਾਜ਼ਾਰ ਪ੍ਰਭਾਵਿਤ ਹੋ ਰਹੇ ਸਨ। ਇਸ ਸਮਝੌਤੇ ਦੇ ਹੁੰਦੇ ਸਾਰ ਹੀ ਯੌਰਪ ਅਤੇ ਅਮਰੀਕਾ ਦੇ ਬਾਜ਼ਾਰਾਂ ਵਿੱਚ ਤੇਜ਼ੀ ਵੇਖਣ ਨੂੰ ਮਿਲੀ।