ਚੰਡੀਗੜ੍ਹ- ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਵਲੋਂ ਸਟਾਰਾਂ ਤੇ ਕੀਤੇ ਜਾ ਰਹੇ ਫਾਲਤੂ ਖਰਚਿਆਂ ਬਾਰੇ ਇਹ ਸਵਾਲ ਕੀਤਾ ਹੈ ਕਿ ਉਹ ਕਬੱਡੀ ਵਰਲੱਡ ਕੱਪ ਦਾ ਆਯੋਜਨ ਕਰ ਰਹੇ ਹਨ ਜਾਂ ਚੋਣਾਂ ਦੇ ਲਈ ਆਪਣਾ ਵਿਅਕਤੀਗਤ ਪ੍ਰਚਾਰ ਕਰ ਰਹੇ ਹਨ। ਖੇਡ ਮੇਲਿਆਂ ਤੇ ਬਾਲੀਵੁੱਡ ਸਟਾਰਾਂ ਨੂੰ ਸੱਦਣ ਤੇ ਕਰੋੜਾਂ ਰੁਪੈ ਖਰਚ ਕਰਨ ਨੂੰ ਉਨ੍ਹਾਂ ਨੇ ਫਜੂਲ ਖਰਚੀ ਦਸਿਆ ਹੈ।
‘ਵਰਲੱਡ ਕਬੱਡੀ ਕੱਪ’ ਉਦਘਾਟਨ ਸਮਾਗਮ ਦੌਰਾਨ ਸ਼ਾਹਰੁੱਖ ਖਾਨ ਅਤੇ ਸਮਾਪਤੀ ਸਮੇਂ ਕਿਸੇ ਹੋਰ ਅਭਿਨੇਤਾ ਤੇ ਕਰੋੜਾਂ ਰੁਪੈ ਖਰਚ ਕਰਨ ਤੇ ਸਾਬਕਾ ਮੁੱਖ ਮੰਤਰੀ ਨੇ ਤਿੱਖੀ ਅਲੋਚਨਾ ਕਰਦੇ ਹੋਏ ਕਿਹਾ ਹੈ ਕਿ ਸੁਖਬੀਰ ਵਲੋਂ ਕੀਤਾ ਜਾ ਰਿਹਾ ਇਹ ਪਰਚਾਰ ਕਬੱਡੀ ਲਈ ਘੱਟ ਅਤੇ ਆਪਣੇ ਵਿਅਕਤੀਗਤ ਪਰਚਾਰ ਲਈ ਜਿਆਦਾ ਲਗਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ 1.72 ਲੱਖ ਕਰੋੜ ਦੇ ਕਰਜ਼ੇ ਦੇ ਭਾਰ ਥੱਲੇ ਦਬਿਆ ਹੋਇਆ ਹੈ ਅਤੇ ਇਸ ਤਰ੍ਹਾਂ ਦੇ ਫਜੂਲ ਖਰਚ ਕਰਕੇ ਲੋਕਾਂ ਤੇ ਕਰੋੜਾਂ ਰੁਪੈ ਦਾ ਹੋਰ ਬੋਝ ਪਾਇਆ ਜਾ ਰਿਹਾ ਹੈ।ਉਧਾਰ ਦੇ ਪੈਸਿਆਂ ਨਾਲ ਸ਼ਾਨ ਖਰੀਦਣੀ ਕੋਈ ਮਾਣ ਵਾਲੀ ਗੱਲ ਨਹੀਂ ਹੈ, ਸਗੋਂ ਸ਼ਰਮਨਾਕ ਗੱਲ ਹੈ। ਇਸ ਪੈਸੇ ਦਾ ਇਸਤੇਮਾਲ ਰਾਜ ਵਿੱਚ ਖੇਡਾਂ ਅਤੇ ਖਿਡਾਰੀਆਂ ਨੂੰ ਪਰਮੋਟ ਕਰਨ ਤੇ ਕੀਤਾ ਜਾਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਸਰਕਾਰ ਤੇ ਵਰਦਿਆਂ ਹੋਇਆਂ ਕਿਹਾ ਕਿ ਅਕਾਲੀਆਂ ਦੇ ਪੈਰਾਂ ਹੇਠੋਂ ਜਮੀਨ ਖਿਸਕੀ ਹੋਈ ਹੈ ਅਤੇ ਇਨ੍ਹਾਂ ਨੂੰ ਭੀੜ੍ਹ ਇੱਕਠੀ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ। ਇਸ ਲਈ ਬਾਲੀਵੁੱਡ ਸਟਾਰਾਂ ਦਾ ਆਸਰਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਬੱਡੀ ਕੱਪ ਦੀ ਆੜ ਵਿੱਚ ਉਹ ਨਾਂ ਕੇਵਲ ਆਪਣੇ ਆਪ ਨੂੰ ਹੀ ਪਰਮੋਟ ਕਰ ਰਹੇ ਹਨ, ਸਗੋਂ ਆਪਣੇ ਨਿਜੀ ਪੀ.ਟੀ.ਸੀ. ਚੈਨਲ ਨੂੰ ਪਰਸਾਰਣ ਦੇ ਸਾਰੇ ਅਧਿਕਾਰ ਦੇ ਕੇ ਚੰਗਾ ਪੈਸਾ ਵੀ ਕਮਾ ਰਹੇ ਹਨ। ਇਸ ਤਰ੍ਹਾਂ ਸੁਖਬੀਰ ਬਾਦਲ ਲੋਕਾਂ ਦੇ ਪੈਸੇ ਨਾਲ ਆਪਣੇ ਨਿਜੀ ਲਾਭ ਪ੍ਰਾਪਤ ਕਰੇਗਾ।