ਨਵੀਂ ਦਿੱਲੀ – ਸ. ਤਰਸੇਮ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਕਮੇਟੀ) ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇੱਕ ਪਤ੍ਰ ਲਿਖ ਕੇ ਇਸ ਗਲ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ ਕਿ ਖਬਰਾਂ ਅਨੁਸਾਰ ਭਾਰਤ ਸਰਕਾਰ ਇੱਕ ਪਤੱਤ ਨੂੰ ਪੰਜਾਬ ਐਡ ਸਿੰਧ ਬੈਂਕ ਦਾ ਚੇਅਰਮੈਨ ਲਾਉਣ ਜਾ ਰਹੀ ਹੈ। ਸ. ਤਰਸੇਮ ਸਿੰਘ ਨੇ ਇਹ ਪਤ੍ਰ ਲਿਖੇ ਜਾਣ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਉਨ੍ਹਾਂ ਆਪਣੇ ਪਤ੍ਰ ਵਿਚ ਪ੍ਰਧਾਨ ਮੰਤਰੀ ਨੂੰ ਇਹ ਵੀ ਲਿਖਿਆ ਹੈ ਕਿ ਅਜਿਹਾ ਉਸ ਹਾਲਤ ਵਿੱਚ ਹੋ ਰਿਹਾ ਹੈ, ਜਦਕਿ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਸਿੱਖ ਹੀ ਨਹੀਂ, ਸਗੋਂ ਸਿੱਖ ਧਰਮ ਦੀ ਰਹਿਤ ਮਰਿਆਦਾ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੈ। ਉਨ੍ਹਾਂ ਹੋਰ ਦਸਿਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਸ ਗਲੋਂ ਵੀ ਅਗਾਹ ਕੀਤਾ ਹੈ ਕਿ ਇੱਕ ਪਤੱਤ ਨੂੰ ਪੰਜਾਬ ਐਂਡ ਸਿੰਧ ਬੈਂਕ ਦਾ ਚੇਅਰਮੈਨ ਲਾਏ ਜਾਣ ਨਾਲ ਸਿੱਖਾਂ ਵਿੱਚ ਗਲਤ ਸੁਨੇਹਾ ਜਾਇਗਾ ਅਤੇ ਉਹ ਭਾਰਤ ਸਰਕਾਰ ਦੇ ਇਸ ਕਦਮ ਨੂੰ ਸਿੱਖਾਂ ਦੀਆਂ ਭਾਵਨਾਵਾਂ ਪੁਰ ਸੱਟ ਮਾਰਨ ਵਾਲਾ ਕਰਾਰ ਦੇ, ਇਹ ਮਹਿਸੂਸ ਕਰਨ ਤੇ ਮਜਬੂਰ ਹੋਣਗੇ ਕਿ ਇੱਕ ਸਿੱਖ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਆਰ ਐਸ ਐਸ ਦੇ ਏਜੰਡੇ ਨੂੰ ਲਾਗੂ ਕਰ ਸਿੱਖਾਂ ਦੀ ਸੁਤੰਤਰ ਪਛਾਣ ਅਤੇ ਸਿੱਖ ਧਰਮ ਦੀ ਸੁਤੰਤਰ ਹੋਂਦ ਨੂੰ ਖਤਮ ਕਰਨਾ ਚਾਹੁੰਦੀ ਹੈ।
ਸ. ਤਰਸੇਮ ਸਿੱੰਘ ਨੇ ਦਸਿਆ ਕਿ ਉਨ੍ਹਾਂ ਆਪਣੇ ਪਤ੍ਰ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਐਂਡ ਸਿੱੰਧ ਬੈਂਕ ਦੇ ਚੇਅਰਮੈਨ ਦੇ ਅਹੁਦੇ ਤੇ ਨਿਯੁਕਤੀ ਕਰਦਿਆਂ ਸਿੱਖਾਂ ਦੀਆਂ ਭਾਵਨਾਵਾਂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਸਿੱਖਾਂ ਨੂੰ ਦੁਆਏ ਗਏ ਉਸ ਵਿਸ਼ਵਾਸ ਦਾ ਮਾਣ ਰਖਣਗੇ, ਜਿਸ ਵਿੱਚ ਉਨ੍ਹਾਂ ਭਵਿਖ ਵਿੱਚ ਪੂਰੇ ਸਿੱਖੀ ਸਰੂਪ ਵਾਲੇ ਨੂੰ ਹੀ ਪੰਜਾਬ ਐਂਡ ਸਿੰਧ ਬੈਂਕ ਦਾ ਚੇਅਰਮੈਨ ਲਾਏ ਜਾਣ ਦਾ ਵਾਇਦਾ ਕੀਤਾ ਸੀ।