ਬਠਿੰਡਾ, (ਗੁਰਿੰਦਰਜੀਤ ਸਿੰਘ ਪੀਰਜੈਨ)- ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਰੰਗਾਰੰਗ ਆਗਾਜ਼ ਨੂੰ ਲੈ ਕੇ ਬਠਿੰਡਾ ਸ਼ਹਿਰ ਪੱਬਾਂ ਭਾਰ ਹੈ ਅਤੇ ਪੂਰਾ ਸ਼ਹਿਰ ਕਬੱਡੀ ਦੇ ਵਿਸ਼ਵ ਕੱਪ ਦੇ ਰੰਗ ਵਿੱਚ ਰੰਗਿਆ ਗਿਆ ਹੈ। ਕਬੱਡੀ ਦੇ ਮਹਾਂਕੁੰਭ ਨੂੰ ਲੈ ਕੇ ਸਮੁੱਚੀ ਮਾਲਵਾ ਪੱਟੀ ਵਿੱਚ ਉਤਸ਼ਾਹ ਹੈ।
ਮਾਲਵੇ ਦੇ ਪ੍ਰਮੁੱਖ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਹੋ ਰਹੇ ਝੀਲਾਂ ਦੇ ਸ਼ਹਿਰ ਬਠਿੰਡਾ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਖੇਡ ਦਾ ਆਲਮੀ ਕੱਪ ਦਾ ਉਦਘਾਟਨ ਹੋ ਰਿਹਾ ਹੋਵੇ। ਉਦਘਾਟਨੀ ਸਮਾਰੋਹ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਹੋਵੇਗਾ ਜਿਹੜਾ ਨਵੇਂ ਬਣੇ ਸਪਰੋਟਸ ਸਟੇਡੀਅਮ ਦੀ ਸ਼ਾਨ ਨੂੰ ਹੋਰ ਵਧਾਏਗਾ। ਬਠਿੰਡਾ ਸ਼ਹਿਰ ਵਾਸੀ ਕਬੱਡੀ ਵਿਸ਼ਵ ਕੱਪ ਦੇ ਧੂਮ ਧੜੱਕੇ ਨਾਲ ਹੋਣ ਵਾਲੇ ਆਗਾਜ਼ ਅਤੇ ਬਾਲੀਵੁੱਡ ਸਟਾਰ ਦੇ ਸਵਾਗਤ ਲਈ ਪੱਬਾਂ ਭਾਰ ਹਨ।
ਕਬੱਡੀ ਵਿਸ਼ਵ ਕੱਪ ਸਦਕਾ ਹੀ ਇਥੋਂ ਦੀ ਸਪੋਰਟਸ ਸਟੇਡੀਅਮ ਵਿਖੇ ਫਲੱਡ ਲਾਈਟਾਂ ਲਗਾਈਆਂ ਗਈਆਂ ਜਿਸ ਨੂੰ ਲੈ ਕੇ ਵੀ ਬਠਿੰਡਾ ਵਾਸੀਆਂ ਵਿੱਚ ਉਤਸ਼ਾਹ ਹੈ। ਬਠਿੰਡਾ ਸ਼ਹਿਰ ਦੇ ਪ੍ਰਮੁੱਖ ਫੌਜੀ ਚੌਕ ਦੇ ਨਾਲ ਬਣੇ ਸਪਰੋਟਸ ਸਟੇਡੀਅਮ ਵਿੱਚ ਹੋਣ ਵਾਲੇ ਰੰਗਾਰੰਗ ਉਦਘਾਟਨੀ ਸਮਾਰੋਹ ਵਿੱਚ ਪੁਰਸ਼ ਵਰਗ ਦੀਆਂ 14 ਅਤੇ ਮਹਿਲਾ ਵਰਗ ਦੀਆਂ 4 ਟੀਮਾਂ ਦੀ ਮਾਰਚ ਪਾਸਟ ਵੀ ਖਿੱਚ ਦਾ ਕੇਂਦਰ ਹੋਵੇਗੀ। ਪਹਿਲੇ ਵਿਸ਼ਵ ਕੱਪ-2010 ਦੇ ਸੈਮੀ ਫਾਈਨਲ ਬਠਿੰਡਾ ਵਿਖੇ ਖੇਡੇ ਗਏ ਸਨ ਅਤੇ ਸਭ ਤੋਂ ਵੱਧ ਇਕੱਠ ਵੀ ਬਠਿੰਡਾ ਵਿਖੇ ਲੱਖਾਂ ਦੀ ਗਿਣਤੀ ਵਿੱਚ ਜੁੜਿਆ ਸੀ। ਇਸੇ ਪਿਆਰ ਨੂੰ ਦੇਖਦਿਆਂ ਦੂਜੇ ਕਬੱਡੀ ਵਿਸ਼ਵ ਕੱਪ ਦੇ ਸੈਮੀ ਫਾਈਨਲ ਵੀ ਜਿੱਥੇ ਬਠਿੰਡਾ ਵਿਖੇ ਹੋਣਗੇ ਉਥੇ ਉਦਘਾਟਨੀ ਸਮਾਰੋਹ ਵੀ ਇਥੇ ਹੀ ਕਰਵਾਉਣ ਦਾ ਫੈਸਲਾ ਕੀਤਾ ਗਿਆ।
ਬਠਿੰਡਾ ਵਾਸੀ ਜਿੱਥੇ ਪਹਿਲਾਂ ਹੀ ਭਾਰਤੀ ਕਬੱਡੀ ਟੀਮ ਦੇ ਇਥੇ ਲਗਾਏ ਕੈਂਪ ਕਾਰਨ ਉਤਸ਼ਾਹਤ ਸਨ ਉਥੇ ਅੱਜ ਵੱਖ-ਵੱਖ ਵਿਦੇਸ਼ੀ ਮੁਲਕਾਂ ਦੀਆਂ ਟੀਮਾਂ ਨਾਲ ਇਹ ਉਤਸ਼ਾਹ ਹੋਰ ਵੀ ਵਧ ਗਿਆ। ਬਠਿੰਡਾ ਵਾਸੀਆਂ ਲਈ ਇਹ ਪਹਿਲਾ ਮੌਕਾ ਹੈ ਜਦੋਂ ਉਹ ਕਿਸੇ ਵੀ ਖੇਡ ਦਾ ਉਦਘਾਟਨ ਸਮਾਰੋਹ ਅਤੇ ਮੈਚ ਫਲੱਡ ਲਾਈਟਾਂ ਵਾਲੇ ਸਟੇਡੀਅਮ ਵਿੱਚ ਰਾਤ ਸਮੇਂ ਦੇਖਣਗੇ। ਬਠਿੰਡਾ ਵਿਖੇ ਭਲਕੇ ਉਦਘਾਟਨੀ ਸਮਾਰੋਹ ਅਤੇ 18 ਨਵੰਬਰ ਨੂੰ ਸੈਮੀ ਫਾਈਨਲ ਮੁਕਾਬਲੇ ਫਲੱਡ ਲਾਈਟਾਂ ਹੇਠ ਹੀ ਹੋਣਗੇ।
ਬਠਿੰਡਾ ਮਾਲਵੇ ਦੀ ‘ਰਾਜਧਾਨੀ’ ਵਜੋਂ ਮਸ਼ਹੂਰ ਹੈ ਅਤੇ ਕਬੱਡੀ ਵਿਸ਼ਵ ਕੱਪ ਨੂੰ ਲੈ ਕੇ ਪੂਰੇ ਮਾਲਵਾ ਖੇਤਰ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਬਠਿੰਡਾ ਵਿਖੇ ਜਿੱਥੇ ਉਦਘਾਟਨੀ ਸਮਾਰੋਹ ਅਤੇ ਸੈਮੀ ਫਾਈਨਲ ਖੇਡੇ ਜਾਣਗੇ ਉਥੇ ਮਾਨਸਾ, ਫਰੀਦਕੋਟ, ਦੋਦਾ (ਮੁਕਤਸਰ), ਢੁੱਡੀਕੇ (ਮੋਗਾ), ਸੰਗਰੂਰ, ਫਿਰੋਜ਼ਪੁਰ, ਪਟਿਆਲਾ ਵਿਖੇ ਵੀ ਲੀਗ ਮੈਚ ਖੇਡੇ ਜਾਣਗੇ ਜਦੋਂ ਕਿ ਲੁਧਿਆਣਾ ਵਿਖੇ ਸਮਾਪਤੀ ਸਮਾਰੋਹ ਅਤੇ ਫਾਈਨਲ ਹੋਵੇਗਾ।