ਬਠਿੰਡਾ, (ਗੁਰਿੰਦਰਜੀਤ ਸਿੰਘ ਪੀਰਜੈਨ)-ਤਜ਼ਰਬੇਕਾਰ ਧਾਵੀ ਅਤੇ ਪਹਿਲੇ ਕਬੱਡੀ ਵਿਸ਼ਵ ਕੱਪ ਦੇ ਹੀਰੋ ਸੁਖਬੀਰ ਸਿੰਘ ਸਰਾਵਾਂ ਨੂੰ ਭਾਰਤੀ ਕਬੱਡੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਸੁਖਬੀਰ ਸਰਾਵਾਂ ਦੇ ਤਜ਼ਰਬੇ ਨੂੰ ਦੇਖਦਿਆਂ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਹਰਦਵਿੰਦਰ ਸਿੰਘ ਦੁੱਲਾ ਸੁਰਖਪੁਰੀਆ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਸੁਖਬੀਰ ਸਰਾਵਾਂ ਤੇ ਦੁੱਲਾ ਸੁਰਖਪੁਰੀਆ ਟੀਮ ਦੇ ਸਭ ਤੋਂ ਅਨੁਭਵੀ ਖਿਡਾਰੀ ਹੈ ਅਤੇ ਭਾਰਤੀ ਰੇਡਰ ਪੰਕਤੀ ਦੀ ਜਿੰਦ-ਜਾਨ ਹੈ।
ਟੀਮ ਦੀ ਕਪਤਾਨੀ ਮਿਲਣ ਤੋਂ ਬਾਅਦ ਸੁਖਬੀਰ ਸਿੰਘ ਸਰਾਵਾਂ ਨੇ ਕਿਹਾ ਕਿ ਇਹ ਉਸ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ ਹੈ। ਸੁਖਬੀਰ ਨੇ ਕਿਹਾ ਕਿ ਉਹ ਸਾਰੀ ਟੀਮ ਨੂੰ ਨਾਲ ਲੈ ਕੇ ਚੱਲੇਗਾ ਕਿਉਂਕਿ ਕਬੱਡੀ ਇਕ ਟੀਮ ਖੇਡ ਹੈ ਜਿਸ ਵਿੱਚ ਵਿਅਕਤੀਗਤ ਨਾਲੋਂ ਸਮੁੱਚੀ ਟੀਮ ਦਾ ਪ੍ਰਦਰਸ਼ਨ ਜ਼ਿਆਦਾ ਜ਼ਰੂਰੀ ਹੁੰਦਾ ਹੈ। ਟੀਮ ਦੀ ਸੰਭਾਵਨਾ ਪੁੱਛੇ ਜਾਣ ’ਤੇ ਸੁਖਬੀਰ ਸਰਾਵਾਂ ਨੇ ਕਿਹਾ ਕਿ ਉਹ ਵਿਸ਼ਵ ਕੱਪ ਜਿੱਤਣ ਲਈ ਪੂਰੀ ਵਾਹ ਲਾਵਾਂਗੇ। ਉਨ੍ਹਾਂ ਕਿਹਾ ਕਿ ਟੀਮ ਵਿੱਚ ਨਵੇਂ ਅਤੇ ਪੁਰਾਣੇ ਖਿਡਾਰੀਆਂ ਦਾ ਸੁਮੇਲ ਹੈ ਅਤੇ ਰੇਡਰ ਅਤੇ ਜਾਫੀ ਪੰਕਤੀ ਦੋਵੇਂ ਹੀ ਚੰਗੀਆਂ ਹਨ।