ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ: ਅਮਰਜੀਤ ਸਿੰਘ ਖਹਿਰਾ ਅਤੇ ਵਰਤਮਾਨ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਅੱਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਤ ਕੀਤੀ ਅੰਗਰੇਜ਼ੀ ਪੰਜਾਬੀ ਪ੍ਰਬੰਧਕ ਸ਼ਬਦਾਵਲੀ ਯੂਨੀਵਰਸਿਟੀ ਦੇ ਸਮੂਹ ਡੀਨਜ਼, ਡਾਇਰੈਕਟਰ ਸਾਹਿਬਾਨ ਨੂੰ ਭੇਂਟ ਕਰਦਿਆਂ ਕਿਹਾ ਹੈ ਕਿ ਮਾਂ ਬੋਲੀ ਪੰਜਾਬੀ ਦੀ ਵਰਤੋਂ ਸਿਰਫ ਪੰਜਾਬੀ ਸਪਤਾਹ ਦੌਰਾਨ ਹੀ ਚੇਤੇ ਕਰਨ ਦੀ ਲੋੜ ਨਹੀਂ ਸਗੋਂ ਇਸ ਨੂੰ ਆਮ ਵਿਹਾਰ ਵਿੱਚ ਵੀ ਵਰਤਣ ਦੀ ਆਦਤ ਪਾਈ ਜਾਵੇ। ਉਨ੍ਹਾਂ ਆਖਿਆ ਕਿ ਦਫ਼ਤਰੀ ਚਿੱਠੀਆਂ ਅਤੇ ਆਮ ਕੰਮ ਕਾਜ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਵੱਲੋਂ ਖੇਤੀਬਾੜੀ ਸਬੰਧਿਤ ਸ਼ਬਦਾਂ ਦਾ ਇਕ ਕੋਸ਼ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਪੁਰਾਣੇ ਖੇਤੀਬਾੜੀ ਸ਼ਬਦਾਂ ਦੇ ਨਾਲ ਨਾਲ ਨਵੇਂ ਵਿਗਿਆਨਕ ਸ਼ਬਦਾਂ ਦਾ ਪੰਜਾਬੀ ਰੂਪ ਵੀ ਸੰਭਾਲਿਆ ਜਾਵੇਗਾ।
ਡਾ: ਅਮਰਜੀਤ ਸਿੰਘ ਖਹਿਰਾ ਨੇ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਰਫ ਵਿਗਿਆਨ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਕੋਮਲ ਕਲਾਵਾਂ, ਸਾਹਿਤ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਅੰਤਰ ਰਾਸ਼ਟਰੀ ਪੱਧਰ ਤੇ ਨਿਵੇਕਲੀ ਪਛਾਣ ਹੈ। ਉਨ੍ਹਾਂ ਪ੍ਰੋਫੈਸਰ ਮੋਹਨ ਸਿੰਘ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਗੁਲਜ਼ਾਰ ਸਿੰਘ ਸੰਧੂ, ਅਜਾਇਬ ਚਿਤਰਕਾਰ, ਕ੍ਰਿਸ਼ਨ ਅਦੀਬ ਅਤੇ ਸੁਰਜੀਤ ਪਾਤਰ ਦੇ ਹਵਾਲੇ ਨਾਲ ਗੱਲ ਕਰਦਿਆਂ ਆਖਿਆ ਕਿ ਇਸ ਵੇਲੇ ਵੀ ਸਾਡੇ ਕੋਲ ਚੰਗੇ ਲੇਖਕ ਮੌਜੂਦ ਹਨ। ਉਨ੍ਹਾਂ ਆਖਿਆ ਕਿ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਰਗੀ ਮਹਾਨ ਸੰਸਥਾ ਦੇ ਮੁਖੀਆਂ ਵਿਚੋਂ ਡਾ: ਮਹਿੰਦਰ ਸਿੰਘ ਰੰਧਾਵਾ, ਡਾ: ਸਰਦਾਰਾ ਸਿੰਘ ਜੌਹਲ, ਡਾ: ਸੁਰਜੀਤ ਪਾਤਰ ਅਤੇ ਹੁਣ ਗੁਰਭਜਨ ਗਿੱਲ ਜੇਕਰ ਪ੍ਰਧਾਨ ਬਣਿਆ ਹੈ ਤਾਂ ਇਹ ਵੀ ਇਸੇ ਯੂਨੀਵਰਸਿਟੀ ਦੀ ਸ਼ਾਨ ਹੈ। ਉਨ੍ਹਾਂ ਆਖਿਆ ਕਿ ਵਿਗਿਆਨ ਦੇ ਖੇਤਰ ਵਿੱਚ ਇਸ ਯੂਨੀਵਰਸਿਟੀ ਨੇ ਦੇਸ਼ ਦੀ ਖੇਤੀਬਾੜੀ ਨੁਹਾਰ ਨੂੰ ਸ਼ਿੰਗਾਰਿਆ ਹੈ। ਪਿਛਲੇ 50 ਸਾਲਾਂ ਦੌਰਾਨ ਵਧਦੀ ਆਬਾਦੀ ਦੇ ਨਾਲ ਉਪਜ ਦਾ ਸੁਮੇਲ ਕਰਨ ਵਿੱਚ ਇਹ ਯੂਨੀਵਰਸਿਟੀ ਦੇਸ਼ ਨੂੰ ਅਗਵਾਈ ਦੇ ਰਹੀ ਹੈ। ਨਵੀਆਂ ਚੁਣੌਤੀਆਂ ਲਈ ਵੀ ਸਾਨੂੰ ਨਵੇਂ ਗਿਆਨ ਨਾਲ ਤਿਆਰ ਹੋਣਾ ਚਾਹੀਦਾ ਹੈ। ਉਨ੍ਹਾਂ ਡਾ: ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਇਸ ਯੂਨੀਵਰਸਿਟੀ ਦੇ ਵਿਕਾਸ ਲਈ ਕਾਮਨਾ ਕਰਦਿਆਂ ਕਿਹਾ ਕਿ ਟੀਮ ਭਾਵਨਾ ਬਿਨਾਂ ਕੁਝ ਵੀ ਸੰਭਵ ਨਹੀਂ ਅਤੇ ਡਾ: ਢਿੱਲੋਂ ਦਾ ਵਿਸਵਾਸ਼ ਹੀ ਟੀਮ ਦੀ ਸਾਂਝੀ ਜਿੰਮੇਂਵਾਰ ਭਾਵਨਾ ਉਸਾਰਨਾ ਹੈ।
ਡਾ: ਬਲਦੇਵ ਸਿੰਘ ਢਿੱਲੋਂ ਨੇ ਇਸ ਮੌਕੇ ਆਖਿਆ ਕਿ ਮਹਾਨ ਵਿਰਾਸਤ ਵੀ ਤਾਂ ਹੀ ਜਿਉਂਦੀ ਅਤੇ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ ਜੇਕਰ ਮਨੁੱਖ ਦੀਆਂ ਜੜ੍ਹਾਂ ਸਲਾਮਤ ਰਹਿਣ। ਜੜ੍ਹਾਂ ਸਲਾਮਤ ਰੱਖਣ ਲਈ ਮਾਂ ਬੋਲੀ ਤੋਂ ਵੱਡਾ ਕੋਈ ਆਸਰਾ ਨਹੀਂ। ਉਨ੍ਹਾਂ ਆਖਿਆ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਵਿਗਿਆਨੀਆਂ ਨੇ ਵੀ ਬਣਦਾ ਹਿੱਸਾ ਪਾਉਣਾ ਹੈ ਕਿਉਂਕਿ ਇਸ ਯੂਨੀਵਰਸਿਟੀ ਦੇ ਗਿਆਨ ਨੂੰ ਵਰਤਣ ਵਾਲੇ ਕਿਸਾਨ ਪੰਜਾਬੀ ਭਾਸ਼ਾ ਵਿੱਚ ਸਾਡਾ ਸਾਹਿਤ ਜ਼ਿਆਦਾ ਪੜ੍ਹਦੇ ਹਨ। ਉਨ੍ਹਾਂ ਆਖਿਆ ਕਿ ਪੰਜਾਬੀ ਵਿੱਚ ਕਿਸੇ ਵੀ ਯੂਨੀਵਰਸਿਟੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲੋਂ ਵੱਧ ਪੁਸਤਕਾਂ ਵੇਚਣ ਦਾ ਮਾਣ ਸ਼ਾਇਦ ਹੀ ਹਾਸਿਲ ਹੋਵੇ। ਇਸ ਨੂੰ ਹੋਰ ਅੱਗੇ ਵਧਾਇਆ ਜਾਵੇਗਾ।
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਅਤੇ ਪੀ ਏ ਯੂ ਅਧਿਆਪਕ ਗੁਰਭਜਨ ਸਿੰਘ ਗਿੱਲ ਨੇ ਮਾਂ ਬੋਲੀ ਨੂੰ ਸਮਰਪਿਤ ਹਫ਼ਤੇ ਦੇ ਪ੍ਰਸੰਗ ਵਿੱਚ ਗੱਲ ਕਰਦਿਆਂ ਆਖਿਆ ਕਿ ਪ੍ਰਬੰਧਕੀ ਸ਼ਬਦਾਵਲੀ ਦੀ ਵਰਤੋਂ ਯਕੀਨੀ ਬਣਾਉਣ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਮੇਸ਼ਾਂ ਵਾਂਗ ਪਹਿਲ ਕਰੇਗੀ ਕਿਉਂਕਿ ਇਥੋਂ ਦੇ ਵਿਗਿਆਨੀ ਆਮ ਬੋਲ ਚਾਲ ਦੀ ਭਾਸ਼ਾ ਵਿੱਚ ਕਿਸਾਨਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਸਾਫ ਨੀਅਤ ਅਤੇ ਸਪਸ਼ਟ ਨੀਤੀ ਨਾਲ ਹੀ ਮਾਂ ਬੋਲੀ ਪੰਜਾਬੀ ਦੀ ਅਹਿਮੀਅਤ ਸਮਝੀ ਜਾ ਸਕਦੀ ਹੈ। ਉਨ੍ਹਾਂ ਆਖਿਆ ਕਿ ਭਵਿੱਖ ਦੇ ਬੱਚਿਆਂ ਅੱਗੇ ਸ਼ਰਮਸਾਰ ਹੋਣ ਦੀ ਥਾਂ ਅੱਜ ਸੰਭਲਣ ਦੀ ਲੋੜ ਹੈ ਕਿਉਂਕਿ ਜਿਹੜੇ ਸ਼ਬਦਾਂ ਨੂੰ ਅਸੀਂ ਅੱਜ ਤਿਆਗਾਂਗੇ ਉਨ੍ਹਾਂ ਨੇ ਸਾਨੂੰ ਹਮੇਸ਼ਾਂ ਲਈ ਤਿਆਗ ਦੇਣਾ ਹੈ। ਉਨ੍ਹਾਂ ਮਾਨਯੋਗ ਸਾਬਕਾ ਵਾਈਸ ਚਾਂਸਲਰ ਡਾ: ਅਮਰਜੀਤ ਸਿੰਘ ਖਹਿਰਾ ਅਤੇ ਡਾ: ਬਲਦੇਵ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅੱਜ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਦਾ ਸੁਨੇਹਾ ਪੂਰੇ ਵਿਸ਼ਵ ਨੂੰ ਦਿੱਤਾ ਹੈ। ਇਸ ਮੌਕੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ, ਡੀਨ ਹੋਮ ਸਾਇੰਸ ਕਾਲਜ ਡਾ: ਨੀਲਮ ਗਰੇਵਾਲ, ਡੀਨ ਖੇਤੀ ਇੰਜੀਨੀਅਰਿੰਗ ਕਾਲਜ ਡਾ: ਪਰਿਤਪਾਲ ਸਿੰਘ ਲੁਬਾਣਾ, ਚੀਫ ਇੰਜੀਨੀਅਰ ਡਾ: ਜਸਪਾਲ ਸਿੰਘ, ਅਸਟੇਟ ਅਫਸਰ ਡਾ: ਜਸਕਰਨ ਸਿੰਘ, ਵਾਈਸ ਚਾਂਸਲਰ ਦੇ ਤਕਨੀਕੀ ਸਲਾਹਕਾਰ ਡਾ: ਪੀ ਕੇ ਖੰਨਾ ਅਤੇ ਹੋਰ ਅਧਿਕਾਰੀਆਂ ਨੇ ਆਪੋ ਆਪਣੇ ਅਧਿਕਾਰ ਖੇਤਰ ਵਿੱਚ ਮਾਂ ਬੋਲੀ ਪੰਜਾਬੀ ਦੀ ਵਰਤੋਂ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਅੰਗਰੇਜ਼ੀ ਪੰਜਾਬੀ ਖੇਤੀਬਾੜੀ ਸ਼ਬਦਾਵਲੀ ਕੋਸ਼ ਤਿਆਰ ਕਰਵਾਇਆ ਜਾਵੇਗਾ-ਡਾ: ਢਿੱਲੋਂ
This entry was posted in ਖੇਤੀਬਾੜੀ.