ਅੰਮ੍ਰਿਤਸਰ:- ਨਵੰਬਰ 1984 ‘ਚ ਦਿੱਲੀ ਅਤੇ ਭਾਰਤ ਦੇ ਹੋਰ ਕਈ ਸ਼ਹਿਰਾਂ ਵਿੱਚ ਘੱਟ-ਗਿਣਤੀ ਸਿੱਖਾਂ ਨੂੰ ਹਜ਼ਾਰਾਂ ਦੀ ਗਿਣਤੀ ’ਚ ਸ਼ਹੀਦ ਕਰ ਦਿੱਤਾ ਗਿਆ ਸੀ ਜਿਸ ਦੀ ਯਾਦ ਤਾਜ਼ਾ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸ੍ਰੀ ਅਖੰਡਪਾਠ ਸਾਹਿਬ ਦਾ ਭੋਗ ਪਾਇਆ ਗਿਆ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਭਾਈ ਕੁਲਵਿੰਦਰ ਸਿੰਘ ਵੱਲੋਂ ਕੀਤੀ ਗਈ।
ਇਸ ਮੌਕੇ ਜੁੜੀਆਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਕਿਹਾ ਕਿ ਜਨਤਾ ਆਪਣੇ ਨੁਮਾਇੰਦੇ ਚੁਣ ਕੇ ਜਾਨ-ਮਾਲ ਅਤੇ ਕਾਨੂੰਨ ਦੀ ਰਾਖੀ ਲਈ ਸਰਕਾਰ ਬਣਾਉਂਦੀ ਹੈ ਪਰ ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਤਾਂ ਫਿਰ ਅਜਿਹੇ ਦੇਸ਼ ਦਾ ਰੱਬ ਹੀ ਰਾਖਾ ਹੈ। ਤਕਰੀਬਨ 27 ਸਾਲ ਪਹਿਲਾਂ ਅਜਿਹਾ ਹੀ ਇਸ ਦੇਸ਼ ’ਚ ਵਾਪਰਿਆ। ਦੇਸ਼ ਦੀ ਅਜ਼ਾਦੀ ‘ਚ 80 ਪ੍ਰਤੀਸ਼ਤ ਤੋਂ ਵੀ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਸਮੇਂ ਦੇ ਸਰਕਾਰੀ ਹਾਕਮਾਂ ਨੇ ਆਪਣੀ ਸਰਪ੍ਰਸਤੀ ਹੇਠ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਸਿੱਖਾਂ ਦੇ ਜਿਉਂਦੇ ਜੀਅ ਗਲ਼ਾਂ ‘ਚ ਟਾਇਰ ਪਾ ਕੇ ਹਜ਼ਾਰਾਂ ਨੌਜਵਾਨ, ਬਜ਼ੁਰਗ, ਬੱਚੇ ਅਤੇ ਬੀਬੀਆਂ ਨੂੰ ਸ਼ਹੀਦ ਕੀਤਾ ਗਿਆ ਤੇ ਕੇਂਦਰ ਸਰਕਾਰ ਵੱਲੋਂ ਅੱਜ ਤੀਕ ਕਿਸੇ ਵੀ ਦੋਸ਼ੀ ਜਾਂ ਉਹਨਾਂ ਦੀ ਅਗਵਾਈ ਕਰਨ ਵਾਲੇ ਸਮੇਂ ਦੇ ਰਾਜਸੀ ਆਗੂ ਨੂੰ ਸਜ਼ਾ ਤਾਂ ਕੀ ਦੇਣੀ ਸੀ ਸਗੋਂ ਵਜ਼ੀਰੀਆਂ ਦੇ ਕੇ ਨਿਵਾਜਿਆ ਜਾਂਦਾ ਰਿਹਾ ਹੈ ਤੇ ਇੱਥੋਂ ਸਿੱਧ ਹੁੰਦਾ ਹੈ ਕਿ ਦੁਨੀਆਂ ‘ਚ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ‘ਚ ਘੱਟ ਗਿਣਤੀ ਸਿੱਖ ਕੌਮ ਲਈ ਕਾਨੂੰਨ ਵੱਖਰਾ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਲਈ ਇਹ ਕੋਈ ਨਵੀਂ ਗੱਲ ਨਹੀਂ। ਸਿੱਖ ਕੌਮ ਕੁਰਬਾਨੀਆਂ ਤੋਂ ਨਹੀਂ ਡਰਦੀ। ਸ਼ਹਾਦਤ ਦਾ ਜਾਮ ਪੀਣਾ ਸਿੱਖ ਕੌਮ ਨੂੰ ਮੁੱਢੋਂ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਵਿਰਸੇ ‘ਚ ਮਿਲਿਆ ਹੈ। ਸਾਨੂੰ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਚਾਹੀਦਾ ਹੈ ਤੇ ਗੁਰੂ ਸਾਹਿਬ ਤੇ ਭਰੋਸਾ ਰੱਖਣਾ ਚਾਹੀਦਾ ਹੈ। ਇੱਕ ਦਿਨ ਆਵੇਗਾ ਜਦੋਂ ਇਹ ਕਾਤਲ ਤੇ ਉਹਨਾਂ ਦੇ ਸਰਪ੍ਰਸਤ ਨਿਆਂ ਦੇ ਕਟਹਿਰੇ ‘ਚ ਖੜ੍ਹੇ ਹੋਣਗੇ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਵੇਲ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀਸ਼ਨਲ ਸਕੱਤਰ ਸ. ਤਰਲੋਚਨ ਸਿੰਘ, ਸ. ਸਤਬੀਰ ਸਿੰਘ, ਸ. ਮਨਜੀਤ ਸਿੰਘ ਤੇ ਸ. ਹਰਭਜਨ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸ. ਰਣਜੀਤ ਸਿੰਘ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਦਿਲਜੀਤ ਸਿੰਘ ਬੇਦੀ, ਸ. ਕੁਲਦੀਪ ਸਿੰਘ, ਸ. ਛਿੰਦਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ ਮੱਲ੍ਹੀ ਤੇ ਸ. ਪ੍ਰਤਾਪ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਸ. ਗੁਰਦੇਵ ਸਿੰਘ ਉਬੋਕੇ, ਸ. ਪਰਮਦੀਪ ਸਿੰਘ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ, ਸਹਾਇਕ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਐਡੀ. ਮੈਨੇਜਰ ਸ. ਬਲਦੇਵ ਸਿੰਘ, ਸ. ਬਿਅੰਤ ਸਿੰਘ ਤੇ ਸ. ਮਹਿੰਦਰ ਸਿੰਘ, ਮੀਤ ਮੈਨੇਜਰ ਸ. ਮੰਗਲ ਸਿੰਘ, ਚੀਫ਼ ਅਕਾਊਂਟੈਂਟ ਸ. ਰਜਿੰਦਰ ਸਿੰਘ ਤੇ ਸ. ਹਰਿੰਦਰਪਾਲ ਸਿੰਘ, ਸਹਾਇਕ ਅਕਾਊਂਟੈਂਟ ਸ. ਮਨਜੀਤ ਸਿੰਘ, ਐਡੀ. ਚੀਫ਼ ਸ. ਹਰਪਾਲ ਸਿੰਘ, ਸੁਪਰਵਾਈਜ਼ਰ ਸ. ਕਰਮਬੀਰ ਸਿੰਘ, ਸ. ਜਤਿੰਦਰ ਸਿੰਘ, ਸ. ਲਖਬੀਰ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸਮੂੱਚੇ ਸਟਾਫ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।