ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ ਸੀ ਅਜੈਬ ਸਿੰਘ ਬਰਾੜ ਵਲੋਂ ਪੰਜਾਬੀ ਵਿਰੋਧੀ ਨੀਤੀ ਧਾਰਨ ਕਰਨ ‘ਤੇ ਅਲੋਚਨਾਤਮਕ ਟਿਪਣੀ ਕਰਦਿਆਂ ਅੱਖਰ ਕਾਵਿ ਕਬੀਲਾ ਅਤੇ ਮਾਝਾ ਪੰਜਾਬੀ ਸਾਹਿਤ ਅਕਾਦਮੀ ਦੇ ਸੰਚਾਲਕ ’ਤੇ ਸ਼੍ਰੋਮਣੀ ਕਵੀ ਪ੍ਰਮਿੰਦਰਜੀਤ ਦਾ ਪੰਜਾਬੀ ਬੋਲੀ ਤੇ ਭਾਸ਼ਾ ਨੂੰ ਅਜੋਕੀ ਉਚ ਸਿੱਖਿਆ ’ਚੋਂ ਮੂਲੋਂ ਹੀ ਖਾਰਜ ਕਰ ਦੇਣ ਦੇ ਤੁਗਲਕੀ ਫੁਰਮਾਨ ਦੇ ਪ੍ਰਸੰਗ ਵਿਚ ਕਹਿਣਾ ਹੈ ਕਿ ਅਜੋਕੇ ਬਹੁਪੱਖੀ ਤਕਨੀਕੀ ਗਿਆਨ ਦੇ ਦੌਰ ਵਿਚ ਗਿਆਨ ਵਿਗਿਆਨ ਨੂੰ ਹਾਸਲ ਕਰਨ ਲਈ ਬੇਸ਼ਕ ਸਿੱਖਿਆ ਦੇ ਮਾਪਦੰਡ ਕੁਝ ਕੁਝ ਬਦਲ ਰਹੇ ਹਨ ਤੇ ਸਮਿਆਂ ਦਾ ਹਾਣੀ ਹੋਣ ਲਈ ਸਿੱਖਿਆ ਦੇ ਰੂਪ ਸਰੂਪ ਵਿਚ ਲੋੜੀਂਦੀ ਤਬਦੀਲੀ ਦੀ ਵੀ ਲੋੜ ਹੈ, ਪਰ ਕਿਸੇ ਵੀ ਖਿੱਤੇ ਦੀ ਬੋਲੀ ਤੇ ਭਾਸ਼ਾ ਦੇ ਗਿਆਨ ਨੂੰ ਮੂਲੋਂ ਹੀ ਨਜ਼ਰਅੰਦਾਜ਼ ਕਰ ਦੇਣਾ ਸਰਾਸਰ, ਨਿੰਦਣਯੋਗ ਕਾਰਜ ਹੋਵੇਗਾ। ਗਿਆਨ ਵਿਗਿਆਨ ਦੀਆਂ ਅਨੇਕਾਂ ਪ੍ਰਣਾਲੀਆਂ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਆਪਣੀ ਬੋਲੀ, ਸਾਹਿਤ ਤੇ ਸਭਿਆਚਾਰ ਦੀ ਭਰਵੀਂ ਸਿੱਖਿਆ ਤੇ ਜਾਣਕਾਰੀ ਲੈਣੀ ਬੜੀ ਹੀ ਲਾਜ਼ਮੀ ਹੈ। ਆਪਣੀ ਬੋਲੀ, ਭਾਸ਼ਾ ਤੇ ਸਭਿਆਚਾਰ ਤੋਂ ਵਿਰਵਾ ਰਿਹਾ ਵਿਦਿਆਰਥੀ ਕਈ ਕੁਝ ਤੋਂ ਅਣਭਿੱਜ ਤੇ ਅਵੇਸਲਾ ਹੀ ਰਹਿ ਜਾਏਗਾ। ਉਚ ਸਿੱਖਿਆ ਜਾਂ ਤਕਨੀਕੀ ਸਿੱਖਿਆ ਦਾ ਗਿਆਨ ਆਪਣੀ ਬੋਲੀ, ਭਾਸ਼ਾ ਤੇ ਸਭਿਆਚਾਰ ਨਾਲ ਜੁੜੇ ਰਹਿ ਕੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਨਵੇਂ ਪੌਦੇ ਲਾਉਣ ਵੇਲੇ ਪੁਰਾਣੇ ਸਾਰੇ ਬਿਰਖਾਂ ਦੀ ਕਟਾਈ ਕਰ ਦੇਣੀ ਲਾਜ਼ਮੀ ਨਹੀਂ ਹੁੰਦੀ। ਗੁਰੂਆਂ ਦੇ ਨਾਵਾਂ ਤੇ ਉਸਰੀਆਂ ਸੰਸਥਾਵਾਂ ਵਿਚੋਂ ਉਨ੍ਹਾਂ ਦੀ ਗੁਰਬਾਣੀ ਵਾਲੀ ਭਾਸ਼ਾ ਨੂੰ ਹੀ ਵਿਸਾਰ ਦੇਣਾ ਇਕ ਮਹਾ ਅਪਰਾਧ ਕਰਨ ਵਰਗਾ ਕਾਰਜ ਹੀ ਹੋਵੇਗਾ। ਆਪਣੀ ਬੋਲੀ ਤੇ ਭਾਸ਼ਾ ਨਾਲ ਜੁੜੇ ਰਹਿ ਕੇ ਵੀ ਉ¤ਚ ਤਕਨੀਕੀ ਸਿੱਖਿਆ ਹਾਸਲ ਕੀਤੀ ਜਾ ਸਕਦੀ ਹੈ। ਅਧਿਐਨ ਤੇ ਅਧਿਆਪਨ ’ਚੋਂ ਖਿੱਤੇ ਦੀ ਬੋਲੀ ਤੇ ਭਾਸ਼ਾ ਨੂੰ ਖਾਰਜ ਕਰ ਦੇਣਾ ਉਸ ਬੋਲੀ ਤੇ ਭਾਸ਼ਾ ਵਿਰੁੱਧ ਕੀਤੀ ਜਾ ਰਹੀ ਗਿਣੀ ਮਿਥੀ ਸਾਜ਼ਿਸ਼ ਹੀ ਹੋ ਸਕਦਾ ਹੈ। ਇਸ ਸਾਜ਼ਿਸ਼ ਨੂੰ ਬੇਨਕਾਬ ਕਰਨ ਵਿਚ ਪੰਜਾਬੀ ਦੇ ਮੋਹਰੀ ਅਦੀਬ, ਬੁੱਧੀਜੀਵੀ ਤੇ ਚਿੰਤਕ ਭਰਵਾਂ ਯੋਗਦਾਨ ਪਾਉਣਗੇ। ਲੱਖਾਂ ਵਿਦਿਆਰਥੀਆਂ ਤੇ ਹਜ਼ਾਰਾਂ ਪ੍ਰਾਧਿਆਪਕਾਂ ਦਾ ਭਵਿੱਖ ਖ਼ਤਰੇ ਵਿਚ ਪਾ ਕੇ ਉਨ੍ਹਾਂ ਦੀ ਰੋਜ਼ੀ ਰੋਟੀ ਖੋਹਣ ਦੇ ਹਰ ਫ਼ੈਸਲੇ ਦਾ ਹਰ ਪੱਖੋਂ ਵਿਰੋਧ ਕੀਤਾ ਜਾਏਗਾ। ਪੰਜਾਬ ਵਿਚ ਪੰਜਾਬੀ ਬੋਲੀ ਅਤੇ ਭਾਸ਼ਾ ਨੂੰ ਅਣਡਿੱਠ ਕੀਤੇ ਜਾਣ ਦੀ ਹਰ ਕੋਸ਼ਿਸ਼ ਨੂੰ ਹਰ ਪੰਜਾਬੀ ਪਿਆਰਾ ਕਦੇ ਵੀ ਸਹਿਨ ਨਹੀਂ ਕਰੇਗਾ। ਵਾਈਸ ਚਾਂਸਲਰ ਤੇ ਹੋਰ ਸਾਰੇ ਅਹੁਦੇਦਾਰਾਂ ਨੂੰ ਆਪਣਾ ਪੰਜਾਬੀ ਵਿਰੋਧੀ ਕਿਰਦਾਰ ਬਦਲ ਲੈਣਾ ਚਾਹੀਦਾ ਹੈ।
ਉਚ ਸਿੱਖਿਆ ਦਾ ਗਿਆਨ ਆਪਣੀ ਬੋਲੀ, ਭਾਸ਼ਾ ਤੇ ਸਭਿਆਚਾਰ ਨਾਲ ਜੁੜੇ ਰਹਿ ਕੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ
This entry was posted in ਪੰਜਾਬ.