ਲੁਧਿਆਣਾ:-ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੇ ਨਾਂ ਇੱਕ ਪੱਤਰ ਵਿੱਚ ਕਿਹਾ ਹੈ ਕਿ ਗਿਆਨ ਵਿਗਿਆਨ ਪੱਖੋਂ ਪੰਜਾਬ ਹੌਲੀ ਹੌਲੀ ਬੰਜਰ ਹੋ ਰਿਹਾ ਹੈ। ਇਸ ਧਰਤੀ ਨੂੰ ਲਿਆਕਤ ਪੱਖੋਂ ਜਰਖੇਜ਼ ਬਣਾਉਣ ਲਈ ਸਾਨੂੰ ਖੇਤੀਬਾੜੀ ਗਿਆਨ ਦਾ ਪਸਾਰਾ ਕਰਨਾ ਚਾਹੀਦਾ ਹੈ ਅਤੇ ਯੂਨੀਵਰਸਿਟੀ ਵੱਲੋਂ ਛਪਦੀਆਂ ਕਿਤਾਬਾਂ ਅਤੇ ਰਸਾਲਿਆਂ ਦੀਆਂ ਵਿਸੇਸ਼ ਲਾਇਬ੍ਰੇਰੀਆਂ ਵਾਸਤੇ ਰਾਜ ਪੱਧਰ ਤੇ ਪ੍ਰਬੰਧ ਕਰਨਾ ਚਾਹੀਦਾ ਹੈ। ਪਿੰਡਾਂ ਦੀਆਂ ਸਹਿਕਾਰੀ ਸਭਾਵਾਂ, ਪੰਚਾਇਤਾਂ, ਸਕੂਲ, ਕਾਲਜ, ਖੇਡ ਕਲੱਬਾਂ, ਧਾਰਮਿਕ ਸੰਸਥਾਵਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਇਹ ਸਾਹਿਤ ਪਹੁੰਚਣ ਨਾਲ ਪਿੰਡਾਂ ਦਾ ਗਿਆਨ ਪੱਧਰ ਉੱਚਾ ਚੁੱਕਿਆ ਜਾ ਸਕਦਾ ਹੈ।
ਸ: ਗਿੱਲ ਨੇ ਮੁੱਖ ਮੰਤਰੀ ਸ: ਬਾਦਲ ਦੇ ਨਾਂ ਚਿੱਠੀ ਵਿੱਚ ਕਿਹਾ ਹੈ ਕਿ ਕਿਸੇ ਵੀ ਸੂਬੇ ਦਾ ਸਰਵਪੱਖੀ ਵਿਕਾਸ ਕਰਨ ਵਿੱਚ ਉਥੋਂ ਦੇ ਲੋਕਾਂ ਦਾ ਗਿਆਨ ਵਿਗਿਆਨ ਸਾਹਿਤ ਨਾਲ ਸਿਖਿਅਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਲੋਕ ਉਸ ਗਿਆਨ ਦੇ ਸਹਾਰੇ ਆਪਣੇ ਆਪ ਨੂੰ ਵਿਕਾਸ ਦਾ ਹਿੱਸਾ ਬਣਾ ਲੈਣਗੇ ਤਾਂ ਕੋਮਲ ਕਲਾਵਾਂ, ਸਾਹਿਤ ਅਤੇ ਸਭਿਆਚਾਰ ਦਾ ਵਿਕਾਸ ਵੀ ਆਪਣੇ ਆਪ ਹੋ ਜਾਵੇਗਾ।
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਮੈਂ ਅਤੇ ਮੇਰੇ ਸਾਥੀ ਮਹਿਸੂਸ ਕਰਦੇ ਹਾਂ ਕਿ ਲਮੇ ਸਮੇਂ ਤੋਂ ਪੰਜਾਬ ਦਾ ਕਿਸਾਨ ਕੁਦਰਤੀ ਸੋਮਿਆਂ ਦੇ ਖੋਰੇ, ਘਟ ਰਹੀ ਜ਼ਮੀਨ ਮਾਲਕੀ, ਵਧ ਰਹੀ ਕਰਜ਼ਦਾਰੀ ਅਤੇ ਕੁਦਰਤੀ ਮਾਰ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਨਵੀਆਂ ਚੁਣੌਤੀਆਂ ਦੇ ਸਾਹਮਣੇ ਆਪਣੇ ਕਿਸਾਨ ਭਾਈਚਾਰੇ ਨੂੰ ਸਿੱਧਾ ਖੜਾ ਕਰਨ ਲਈ ਅਤੇ ਪੰਜਾਬ ਦੀ ਖੇਤੀਬਾੜੀ ਨੁਹਾਰ ਨੂੰ ਖੁਸ਼ਹਾਲ ਬਣਾਉਣ ਲਈ ਗਿਆਨ-ਵਿਗਿਆਨ ਪਸਾਰ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ।
ਸ: ਗਿੱਲ ਨੇ ਕਿਹਾ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਖੇਤੀਬਾੜੀ ਗਿਆਨ ਵਿਗਿਆਨ ਸਾਹਿਤ ਰਾਹੀਂ ਪਿੰਡਾਂ ਵਿੱਚ ਵੱਸਦੇ ਕਿਸਾਨ ਭਰਾਵਾਂ ਨੂੰ ਵੱਧ ਅਤੇ ਮਿਆਰੀ ਉਤਪਾਦਨ ਬਾਰੇ ਚੇਤਨ ਕਰਨ ਲਈ ਯੂਨੀਵਰਸਿਟੀ ਵੱਲੋਂ ਛਪਦੇ ਮਾਸਕ ਪੱਤਰ ‘‘ਚੰਗੀ ਖੇਤੀ’’ ਅਤੇ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫਾਰਸ਼ਾਂ ਜੇਕਰ ਪੰਚਾਇਤਾਂ ਰਾਹੀਂ ਪੰਜਾਬ ਦੇ ਹਰ ਪਿੰਡ ਵਿੱਚ ਪਹੁੰਚਾਓ। ਲਗਪਗ 12,600 ਪਿੰਡਾਂ ਵਿੱਚ ਜੇਕਰ ਇਹ ਰਸਾਲੇ ਪਹਿਲਾਂ ਤਜਰਬੇ ਦੇ ਤੌਰ ਤੇ ਸਿਰਫ ਪੰਜ ਸਾਲਾਂ ਲਈ ਭੇਜਣ ਹੋਣ ਤਾਂ ਲਗਪਗ 72 ਲੱਖ ਰੁਪਏ ਦੀ ਜ਼ਰੂਰਤ ਹੈ ਕਿਉਂਕਿ ਪੰਜ ਸਾਲਾਂ ਦਾ ਚੰਗੀ ਖੇਤੀ ਲਈ ਚੰਦਾ ਕੇਵਲ 600 ਰੁਪਏ ਹੈ। ਇਹ ਕੰਮ ਪਹਿਲਾਂ ਪੰਜ ਸਾਲਾਂ ਲਈ ਕਰਕੇ ਉਸ ਦਾ ਅਸਰ ਵੇਖਿਆ ਜਾ ਸਕਦਾ ਹੈ ਅਤੇ ਬਾਅਦ ਵਿੱਚ ਇਸ ਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਹੈ।