ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਖੇਡਾਂ ਅਤੇ ਯੁਵਕ ਗਤੀਵਿਧੀਆਂ ਸੰਬੰਧੀ ਕੌਂਸਲ ਵੱਲੋਂ ਕੌਂਸਲ ਦੇ ਚੇਅਰਮੈਨ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਹੋਈ ਇਕੱਤਰਤਾ ਵਿੱਚ ਵਿਦਿਆਰਥੀ ਭਲਾਈ ਲਈ ਅਹਿਮ ਫੈਸਲੇ ਲਏ ਗਏ ਅਤੇ ਯੁਵਕ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਡਾ: ਦਵਿੰਦਰ ਸਿੰਘ ਚੀਮਾ ਨੇ ਕੌਂਸਲ ਦੀ ਅੱਠਤਾਲਵੀਂ ਮੀਟਿੰਗ ਦੌਰਾਨ ਕੌਂਸਲ ਦੇ ਚੇਅਰਮੈਨ ਡਾ: ਬਲਦੇਵ ਸਿੰਘ ਢਿੱਲੋਂ ਅਤੇ ਬਾਕੀ ਮੈਂਬਰਾਂ ਨੂੰ ਜੀ ਆਇਆਂ ਆਖਿਆ ਅਤੇ ਪਿਛਲੀ ਮੀਟਿੰਗ ਦੇ ਫੈਸਲਿਆਂ ਤੇ ਹੋਏ ਅਮਲ ਬਾਰੇ ਜਾਣਕਾਰੀ ਦਿੱਤੀ।
ਡਾ: ਦਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਖੇਡ ਅਤੇ ਸਹਿ ਵਿਦਿਅਕ ਗਤੀਵਿਧੀਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੌਂਸਲ ਦੀਆਂ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਅਥਲੈਟਿਕ ਦੇ ਪ੍ਰਧਾਨ ਸਰਬਜੀਤ ਸਿੰਘ, ਬੈਡਮਿੰਦਟ ਦੇ ਡਾ: ਸੁਰਜੀਤ ਸਿੰਘ ਮਾਹਲ, ਬਾਸਕਟਬਾਲ ਦੇ ਡਾ: ਤਜਿੰਦਰ ਸਿੰਘ ਰਿਆੜ, ਕ੍ਰਿਕਟ ਦੇ ਡਾ: ਸਤੀਸ਼ ਕੁਮਾਰ ਗੁਪਤਾ, ਸਾਈਕ¦ਿਗ ਦੇ ਡਾ: ਬਲਦੇਵ ਸਿੰਘ ਸੋਹਲ, ਹੈਂਡਬਾਲ ਦੇਡਾ: ਰਮਨਦੀਪ ਸਿੰਘ ਜੱਸਲ, ਹਾਕੀ ਦੇ ਡਾ: ਵਿਸ਼ਵਜੀਤ ਸਿੰਘ ਹਾਂਸ, ਲਾਅਨ ਟੈਨਸ ਦੇ ਡਾ: ਸੁਰਜੀਤ ਸਿੰਘ ਮਾਹਲ, ਤੈਰਾਕੀ ਦੇ ਡਾ: ਐਨ ਕੇ ਖੁੱਲਰ, ਟੇਬਲ ਟੈਨਸ ਦੇ ਡਾ: ਸੁਨੀਲ ਗਰਗ, ਵਾਲੀਬਾਲ ਦੇ ਡਾ: ਅੱਲ੍ਹਾ ਰੰਗ, ਭਾਰ ਤੋਲਣ ਦੇ ਡਾ: ਸੁਖਜਿੰਦਰ ਸਿੰਘ ਸਿੱਧੂ, ਸੂਖ਼ਮ ਕਲਾਵਾਂ ਦੇ ਡਾ: ਮਾਨ ਸਿੰਘ ਤੂਰ, ਗੁਰੂ ਗੋਬਿੰਦ ਸਟੱਡੀ ਸਰਕਲ ਦੀਆਂ ਗਤੀਵਿਧੀਆਂ ਦੇ ਡਾ: ਜਤਿੰਦਰ ਕੌਰ ਗੁਲਾਟੀ, ਪਹਾੜੀ ਕਰਤਵਾਂ ਦੇ ਡਾ: ਦਲਜੀਤ ਸਿੰਘ ਢਿੱਲੋਂ, ਸਪੀਕਰਜ਼ ਫੋਰਮ ਦੇ ਡਾ: ਸਵਰਨਜੀਤ ਸਿੰਘ ਹੁੰਦਲ ਅਤੇ ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਸ਼੍ਰੀ ਗੁਰਭਜਨ ਸਿੰਘ ਗਿੱਲ ਜਦੋਂ ਕਿ ਡਾਂਸ, ਡਰਾਮਾ ਅਤੇ ਸੰਗੀਤ ਕਲੱਬ ਦੇ ਡਾ: ਦਵਿੰਦਰ ਸਿੰਘ ਚੀਮਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਪਰੋਕਤ ਗਤੀਵਿਧੀਆਂ ਦੀ ਸਮੁੱਚੀ ਕਾਰਵਾਈ ਲਈ ਨਿਰਦੇਸ਼ਕ ਵਿਦਿਆਰਥੀਆਂ ਭਲਾਈ ਡਾ: ਦਵਿੰਦਰ ਸਿੰਘ ਚੀਮਾ ਮੁੱਖ ਪ੍ਰਬੰਧਕ ਹੋਣਗੇ ਜਦੋਂ ਕਿ ਖੇਡਾਂ ਲਈ ਸ਼੍ਰੀਮਤੀ ਜਗਜੀਵਨ ਕੌਰ ਡਿਪਟੀ ਡਾਇਰੈਕਟਰ ਸਪੋਰਟਸ ਅਤੇ ਸਹਿ ਵਿਦਿਅਕ ਗਤੀਵਿਧੀਆਂ ਲਈ ਡਾ: ਨਿਰਮਲ ਜੌੜਾ ਡਿਪਟੀ ਡਾਇਰੈਕਟਰ, ( ਸੰਚਾਰ) ਉਪ ਮੁੱਖ ਪ੍ਰਬੰਧਕਾਂ ਵਜੋਂ ਸੇਵਾਵਾਂ ਨਿਭਾਉਣਗੇ।
ਡਾ: ਦਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਵਿਦਿਅਕ ਸਾਲ 2011-12 ਦੌਰਾਨ ਹੋਣ ਵਾਲੇ ਅੰਤਰ ਕਾਲਜ ਖੇਡ ਮੁਕਾਬਲਿਆਂ ਦੀਆਂ ਮਿਤੀਆਂ ਨਿਸ਼ਚਤ ਕਰ ਦਿੱਤੀਆਂ ਗਈਆਂ ਹਨ । ਡਾ: ਚੀਮਾ ਨੇ ਦੱਸਿਆ ਕਿ ਕੌਂਸਲ ਵੱਲੋਂ ਵੱਖ ਵੱਖ ਕਾਲਜ ਦੇ ਵਿਦਿਆਰਥੀਆਂ ਵੱਲੋਂ ਦਿੱਤ ਬਿਨੇ ਪੱਤਰਾਂ ਨੂੰ ਘੋਖਦਿਆਂ 35 ਵਿਦਿਆਰਥੀਆਂ ਨੂੰ ਯੂਨੀਵਰਸਿਟੀ ਮੈਰਿਟ ਸਰਟੀਫਿਕੇਟ ਅਤੇ 11 ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕਲਰ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਡਾ:ਚੀਮਾ ਨੇ ਦੱਸਿਆ ਕਿ ਖੇਤ ਗਤੀਵਿਧੀਆਂ ਲਈ ਲੱਗਣ ਵਾਲੇ ਕੈਂਪਾਂ ਦੌਰਾਨ ਦਿੱਤੇ ਜਾਣ ਵਾਲੇ ਭੋਜਨ ਦੀਆਂ ਦਰਾਂ ਵਧਾ ਦਿੱਤੀਆ ਗਈਆਂ ਹਨ ਤਾਂ ਕਿ ਵਿਦਿਆਰਥੀਆਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਦਿੱਤੀ ਜਾ ਸਕੇ। ਇਸੇ ਤਰ੍ਹਾਂ ਵਿਦਿਆਰਥੀਆਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਡ ਵਜੀਫ਼ਿਆਂ ਦੀ ਗਿਣਤੀ ਚਾਰ ਤੋਂ ਛੇ ਕਰ ਦਿੱਤੀ ਗਈ ਹੈ ਅਤੇ ਰਾਸ਼ੀ ਵਿੱਚ ਵੀ ਲੋੜ ਅਨੁਸਾਰ ਵਾਧਾ ਕੀਤਾ ਗਿਆ ਹੈ। ਡਾ:ਚੀਮਾ ਨੇ ਦੱਸਿਆ ਕਿ ਚੰਗੀ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਲਈ ਲੈਫਟੀਨੈਂਟ ਤਰੈਵੈਨੀ ਸਿੰਘ ਠਾਕਰ ਐਵਾਰਡ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ।