ਗੁਰਦਾਸਪੁਰ, (ਗੁਰਿੰਦਰਜੀਤ ਸਿੰਘ ਪੀਰਜੈਨ)-ਗੁਰਦਾਸਪੁਰ ਦੇ ਸਰਕਾਰੀ ਕਾਲਜ ਸਪੋਰਟਸ ਸਟੇਡੀਅਮ ਵਿਖੇ ਨਵੇਂ ਬਣੇ ਫਲੱਡ ਲਾਈਟਾਂ ਵਾਲੇ ਸਟੇਡੀਅਮ ਦਾ ਅੱਜ ਇਥੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੂਲ ‘ਬੀ’ ਦੇ ਮੈਚਾਂ ਦੀ ਸ਼ੁਰੂਆਤ ਨਾਲ ਰਸਮੀ ਉਦਘਾਟਨ ਹੋ ਗਿਆ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਫਲੱਡ ਲਾਈਟਾਂ ਵਾਲੇ ਸਟੇਡੀਅਮ ਦਾ ਉਦਘਾਟਨ ਕੀਤਾ। ਸ. ਬਾਦਲ ਨੇ ਕਿਹਾ ਕਿ ਇਹ ਸਟੇਡੀਅਮ ਨਾ ਸਿਰਫ ਗੁਰਦਾਸਪੁਰ ਬਲਕਿ ਸਮੁੱਚੇ ਮਾਝੇ ਦੇ ਲੋਕਾਂ ਨੂੰ ਤੋਹਫਾ ਹੈ। ਇਹ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦਾ ਪਹਿਲਾ ਫਲੱਡ ਲਾਈਟ ਸਟੇਡੀਅਮ ਹੈ।
ਸ. ਬਾਦਲ ਨੇ ਨਾਰਵੇ ਤੇ ਸਪੇਨ ਦੀਆਂ ਟੀਮਾਂ ਨਾਲ ਜਾਣ ਪਛਾਣ ਕਰ ਕੇ ਪੂਲ ‘ਬੀ’ ਦੇ ਮੈਚਾਂ ਦੀ ਸ਼੍ਰੁਰੂਆਤ ਕੀਤੀ। ਪਹਿਲਾ ਹੀ ਮੈਚ ਫਸਵਾਂ ਰਿਹਾ ਅਤੇ ਨਾਰਵੇ ਨੇ ਸਪੇਨ ਨੂੰ 49-35 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਅੱਧੇ ਸਮੇਂ ਤੱਕ ਨਾਰਵੇ ਦੀ ਟੀਮ 29-12 ਨਾਲ ਅੱਗੇ ਸੀ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਨਿਰਮਲ ਸਿੰਘ ਕਾਹਲੋਂ, ਸਿੱਖਿਆ ਮੰਤਰੀ ਸ. ਸੇਵਾ ਸਿੰਘ ਸੇਖਵਾਂ, ਖੇਤੀਬਾੜੀ ਮੰਤਰੀ ਸ. ਸੁੱਚਾ ਸਿੰਘ ਲੰਗਾਹ, ਪਰਵਾਸੀ ਮਾਮਲਿਆਂ ਦੇ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਵਿਧਾਇਕ ਜਗਦੀਸ਼ ਸਾਹਨੀ ਤੇ ਗੁਰਬਚਨ ਸਿੰਘ ਬੱਬੇਹਾਲੀ ਆਦਿ ਹਾਜ਼ਰ ਸਨ।