ਤਾਏ ਵਲੈਤੀਏ ਦੀ ਬੈਠਕ ਵਿਚ ਰੋਜ਼ ਵਾਂਗ ਹੀ ਸ਼ਾਮ ਦੀ ਮਹਿਫਲ ਜੰਮੀ ਹੋਈ ਸੀ। ਸਾਰੇ ਹੀ ਮੈਂਬਰ ਆਪੋ ਆਪਣੀਆਂ ਤਕਰੀਰਾਂ ਝਾੜਦੇ ਹੋਏ ਮਹਿਫਲ ਦੀਆਂ ਰੌਣਕਾਂ ਵਧਾ ਰਹੇ ਸਨ। ਮਾਸਟਰ ਧਰਮ ਸਿੰਘ ਆਪਣੀ ਅਖ਼ਬਾਰ ਪੜ੍ਹਕੇ ਤਾਏ ਨੂੰ ਖ਼ਬਰਾਂ ਸੁਣਾ ਰਿਹਾ ਸੀ। ਤਾਇਆ ਭਾਵੇਂ ਰੋਜ਼ਾਨਾ ਟੀ ਵੀ ‘ਤੇ ਵੰਨ ਸੁਵੰਨੀਆਂ ਖ਼ਬਰਾਂ ਸੁਣਦਾ ਰਹਿੰਦਾ ਪਰ ਜਦ ਤੱਕ ਉਸਨੂੰ ਮਾਸਟਰ ਧਰਮੇ ਜਾਂ ਮਾਸਟਰ ਜਗੀਰ ਪਾਸੋਂ ਅਖ਼ਬਾਰ ਦੀਆਂ ਖ਼ਬਰਾਂ ਸੁਣਨ ਨੂੰ ਨਹੀਂ ਸਨ ਮਿਲਦੀਆਂ ਉਸਨੂੰ ਲਗਦਾ ਜਿਵੇਂ ਉਸਦਾ ਨਸ਼ਾ ਟੁਟਦਾ ਜਾ ਰਿਹਾ ਹੋਵੇ। ਸ਼ੀਤਾ ਆਪਣੇ ਹੀ ਲੋਰ ਵਿਚ ਅਮਲੀ ਨਿਹਾਲੇ ਅਤੇ ਗੱਪੀ ਕਮਾਲਪੁਰੀਏ ਨਾਲ ਰੁਝਿਆ ਹੋਇਆ ਸੀ। ਇੰਝ ਲੱਗ ਰਿਹਾ ਸੀ ਜਿਵੇਂ ਸ਼ੀਤੇ ਨੂੰ ਉਨ੍ਹਾਂ ਦੋਵਾਂ ਨਾਲ ਗੱਲਾਂ ਕਰਨ ਦਾ ਸੁਆਦ ਜਿਹਾ ਨਹੀਂ ਸੀ ਆ ਰਿਹਾ। ਉਹ ਪਾਸਾ ਵੱਟਕੇ ਤਾਏ ਅਤੇ ਮਾਸਟਰ ਧਰਮ ਸਿੰਘ ਵਲ ਵੀ ਵੇਖ ਲੈਂਦਾ।
ਮਾਸਟਰ ਨੇ ਜਦੋਂ ਹੀ ਅਖ਼ਬਾਰ ਪੜ੍ਹਣ ਤੋਂ ਬਾਅਦ ਵਲੇਟਕੇ ਪਾਸੇ ਰੱਖੀ ਤਾਂ ਸ਼ੀਤੇ ਨੇ ਮਾਸਟਰ ‘ਤੇ ਵਾਰ ਕਰਦੇ ਹੋਇਆਂ ਕਿਹਾ,” ਬਈ ਮਾਸਟਰਾ! ਤੇਰੀ ਇਸ ਅਖ਼ਬਾਰ ਦੀਆਂ ਖ਼ਬਰਾਂ ਕਰਕੇ ਸਾਡਾ ਇੰਨਾ ਚਿਰ ਬਰਬਾਦ ਹੋ ਗਿਆ।”
-ਆਹੋ! ਏਹ ਜਿਹੜਾ ਗੱਪੀ ਦੇ ਮਾਸੜ ਪਟਵਾਰੀ ਵਾਂਗ ਪੈਲੀਆਂ ਦੀ ਗਰਦੌਰੀ ਕਰਨੋਂ ਲੇਟ ਹੋਣ ਦਿਆ ਹੋਣੈ।” ਤਾਏ ਨੇ ਮੋੜਵਾਂ ਜਵਾਬ ਦਿੰਦਿਆਂ ਹੋਇਆਂ ਸ਼ੀਤੇ ਨੂੰ ਚਾਰੋ ਖਾਨੇ ਚਿੱਤ ਕਰ ਦਿਤਾ।
“ਓ ਨਹੀਂ ਤਾਇਆ! ਗੱਲ ਇੰਜ ਆ ਕਿ ਤੁਹਾਡੀਆਂ ਵੱਡੀਆਂ ਵੱਡੀਆਂ ਖ਼ਬਰਾਂ ਸਾਡੇ ਸਿਰ ਉਤੋਂ ਦੀ ਨਿਕਲ ਜਾਂਦੀਆਂ ਨੇ, ਜਾਂ ਤਾਂ ਮਾਸਟਰ ਨੂੰ ਕਹਿ ਕੇ ਦੋ ਕੁ ਪੜ੍ਹੀਆਂ ਪੜ੍ਹਾਈਆਂ ਖ਼ਬਰ ਲੈ ਆਇਆ ਕਰੇ ‘ਤੇ ਮਿੰਟਾਂ ਸਕਿੰਟਾਂ ‘ਚ ਖ਼ਬਰਾਂ ਸੁਣਾਕੇ ਵੇਹਲਾ ਹੋ ਜਾਇਆ ਕਰੇ।” ਸ਼ੀਤੇ ਨੇ ਤਾਏ ਦੀ ਗੱਲ ਦਾ ਜਵਾਬ ਦਿੰਦਿਆਂ ਹੋਇਆਂ ਕਿਹਾ।
-ਬਈ ਮਾਸਟਰਾ! ਆਹ ਬਣੀਆਂ ਬਣਾਈਆਂ ਕਮੀਜ਼ਾਂ ਪੈਂਟਾਂ ਤਾਂ ਸੁਣੀਆਂ ਸੀ ਪਰ ਪੜ੍ਹੀਆਂ ਪੜ੍ਹਾਈਆਂ ਖ਼ਬਰਾਂ ਵਾਲੀ ਗੱਲ ਕੁਝ ਸਮਝ ਨਹੀਂ ਆਈ। ਤਾਏ ਨੇ ਹੱਸਦਿਆਂ ਹੋਇਆ ਮਾਸਟਰ ਧਰਮ ਸਿਹੁੰ ਨੂੰ ਪੁੱਛਿਆ।
“ ਬੱਸ ਤਾਇਆ! ਸ਼ੀਤੇ ਦੀਆਂ ਗੱਲਾਂ ਏਹਦੇ ਮਾਸਟਰ ਨੂੰ ਵੀ ਸਮਝ ਨਹੀਂ ਸੀ ਆਈਆਂ ਓਹਨੇ ਵੀ ਸ਼ੀਤੇ ਦੇ ਘਰਦਿਆਂ ਨੂੰ ਮੈਟ੍ਰਿਕ ਪਾਸ ਕਰਨੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਏਸ ਪੜ੍ਹੇ ਪੜ੍ਹਾਏ ਮੁੰਡੇ ਨੂੰ ਹੋਰ ਪੜ੍ਹਾਈ ਦੀ ਲੋੜ ਨਹੀਂ। ਬੱਸ ਓਦੋਂ ਤੋਂ ਈਂ ਸ਼ੀਤਾ ਪੜ੍ਹੀਆਂ ਪੜ੍ਹਾਈਆਂ ਕਲਾਸਾਂ ਪਾਸ ਕਰਦਾ ਹੋਇਆ ਪੜ੍ਹੀਆਂ ਪੜ੍ਹਾਈਆਂ ਖ਼ਬਰਾਂ ਤੱਕ ਪਹੁੰਚ ਗਿਆ।” ਮਾਸਟਰ ਨੇ ਸ਼ੀਤੇ ‘ਤੇ ਝੁੱਟੀ ਲਾਉਂਦਿਆਂ ਹੱਸਦੇ ਹੋਏ ਕਿਹਾ।
“ਵੇਖ ਮਾਸਟਰਾ! ਮੇਰੀ ਪੜ੍ਹਾਈ ਦੀ ਗੱਲ ਨਾ ਛੇੜੀਂ।”
-ਕਿਉਂ?
“ਨਹੀਂ ਤਾਂ…
“ਕੀ ਨਹੀਂ ਤਾਂ? ਕੁੱਝ ਦੱਸੇਂਗਾ ਵੀ ਕਿ ਜੁਆਕਾਂ ਵਾਂਗੂੰ ਐਂਵੇਂ ਈ। ਨਹੀਂ ਤਾਂ … ਨਹੀਂ ਤਾਂ… ਕਰੀ ਜਾਵੇਂਗਾ।” ਮਾਸਟਰ ਨੇ ਸ਼ੀਤੇ ਦੀਆਂ ਰੀਸਾਂ ਲਾਉਂਦਿਆਂ ਕਿਹਾ।
“ਨਹੀਂ ਤਾਂ, ਮੈਂ ਵੀ ਆਪਣੇ ਘਰੇ ਬਣਾਈ ਅੰਗ੍ਰੇਜ਼ੀ ਦੇ ਤੀਰ ਮਾਰਕੇ ਤੈਨੂੰ ਬੇਹੋਸ਼ ਕਰ ਦਿਆਂਗਾ।” ਸ਼ੀਤੇ ਨੇ ਮਾਸਟਰ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ।
-ਚਲੋ ਛੱਡੋ ਮੁੰਡਿਓ! ਪਹਿਲਾਂ ਏਹ ਦੱਸੋ ਕਿ ਆਹ ਜਿਹੜਾ ਕਬੱਡੀ ਦਾ ਵਰਲਡ ਕੱਪ ਹੋ ਰਿਹੈ। ਇਸ ‘ਚ ਕਿਹੜੀ ਟੀਮ ਜਿਤੂਗੀ? ਤਾਏ ਨੇ ਮਹਿਫਲ ਦੀ ਗੱਲਬਾਤ ਨੂੰ ਅੱਗੇ ਤੋਰਦਿਆਂ ਕਿਹਾ।
“ਲੈ ਇਹਦੇ ‘ਚ ਕਿਹੜੀਆਂ ਦੋ ਰਾਵਾਂ ਨੇ ਇਸ ਵਾਰ ਵੀ ਸਾਡੇ ਭਾਰਤ ਦੀ ਟੀਮ ਈ ਜਿੱਤੂਗੀ।” ਗੱਪੀ ਨੇ ਸੁਲਝੇ ਹੋਏ ਸਿਆਸਤਦਾਨ ਵਾਂਗ ਆਪਣੀ ਟੀਮ ਦਾ ਦਾਅਵਾ ਪੇਸ਼ ਕਰਦਿਆਂ ਕਿਹਾ।
-ਕਿਉਂ ਬਈ ਕਮਾਲਪੁਰੀਆ ਸਾਡੀ ਬਾਹਰਲੀਆਂ ਟੀਮਾਂ ਕਿਹੜੀਆਂ ਘੱਟ ਨੇ?
“ਵੇਖ ਤਾਇਆ ਤੁਹਾਡੀਆਂ ਬਾਹਰਲੀਆਂ ਟੀਮਾਂ ਕਿਹੜੀਆਂ ਪੂਰੇ ਦੇਸ਼ ਦੀਆਂ ਬਣੀਆਂ ਹੋਈਆਂ ਹੁੰਦੀਆਂ ਨੇ। ਬੱਸ ਜਿਹੜੀ ਧਿਰ ਦਾ ਜ਼ੋਰ ਸਰਕਾਰੇ ਦਰਬਾਰੇ ਹੁੰਦਾ ਉਹ ਆਪਣੀ ਟੀਮ ਨੂੰ ਹੀ ਬਾਹਰਲੇ ਦੇਸ਼ ਦੀ ਟੀਮ ਬਣਾਕੇ ਲੈ ਆਉਂਦੈ।” ਗੱਪੀ ਨੇ ਆਪਣੀ ਫਿਲਾਸਫ਼ੀ ਝਾੜਦਿਆਂ ਕਿਹਾ।
“ਓਏ ਗੱਪੀਆ! ਤੈਨੂੰ ਇਹ ਕਿਹਨੇ ਦੱਸਿਆ?” ਸ਼ੀਤੇ ਨੇ ਗੱਪੀ ਦੀ ਗੱਲ ‘ਤੇ ਹੈਰਾਨ ਹੁੰਦਿਆਂ ਕਿਹਾ।
“ ਓਏ ਸ਼ੀਤਿਆ! ਪਿਛਲੀ ਵਾਰ ਜਦੋਂ ਬਲਕਾਰਾ ਜਾਫੀ ਅਮਰੀਕਾ ਤੋਂ ਆਇਆ ਤਾਂ ਮੈਂ ਉਹਨੂੰ ਪੁੱਛਿਆ ਕਿ ਤੂੰ ਇੰਨਾ ਸੋਹਣਾ ਜਾਫੀ ਏਂ ਪਰ ਬਲਕਾਰ ਸਿੰਹਾਂ ਤੂੰ ਕੱਬਡੀ ਖੇਡਣ ਕਿਉਂ ਨਹੀਂ ਆਇਆ? ਤਾਂ ਉਹ ਕਹਿਣ ਲੱਗਾ ਕਿ ਬਈ ਉਥੋਂ ਦੀਆਂ ਦੋ-ਚਾਰ ਕਲੱਬਾਂ ਨੇ ‘ਕੱਠੀਆਂ ਹੋ ਕੇ ਆਪਣੇ ਬੰਦੇ ਭੇਜ ਦਿੱਤੇ, ਇਸ ਕਰਕੇ ਸਾਨੂੰ ਕਿਹਨੇ ਲਿਆਉਣਾ ਸੀ?” ਗੱਪੀ ਨੇ ਆਪਣੀ ਗੱਲ ਪੂਰੀ ਕਰਦਿਆਂ ਕਿਹਾ।
“ਅੱਛਾ” ਸਾਰਿਆਂ ਨੇ ਹੈਰਾਨ ਹੁੰਦਿਆਂ ਕਿਹਾ।
“ਆਹੋ ਨਾਲੇ! ਅਸੀਂ ਵੀ ਕ੍ਰਿਕਟ ਟੀਮਾਂ ਵਾਂਗੂੰ ਆਪਣੇ ਦੇਸ਼ ਦੀ ਟੀਮ ਨੂੰ ਈ ਜਿਤਾਵਾਂਗੇ। ਅਸੀਂ ਕਿਉਂ ਆਪਣਾ ਪੈਸਾ ਬਾਹਰਲੇ ਦੇਸ਼ਾਂ ਦੇ ਖਿਡਾਰੀਆਂ ਨੂੰ ਇਨਾਮ ਵਿਚ ਵੰਡੀਏ। ਉਹਨਾਂ ਕੋਲ ਕਿਹੜਾ ਘੱਟ ਪੈਸਾ ਹੈ?” ਸ਼ੀਤੇ ਨੇ ਗੱਲ ਨੂੰ ਹੋਰ ਤੜਕਾ ਲਾਉਦਿਆਂ ਕਿਹਾ।
-ਆਹੋ ਤੁਹਾਡੇ ਕੋਲ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਸ਼ਾਹਰੁੱਖ ਖਾਨ ਵਰਗੇ ਐਕਟਰਾਂ ਨੂੰ ਵੰਡਣ ਲਈ ਐਗਾ। ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਇਨਾਮ ਦੇਣ ਲਈ ਨਹੀਂ ਐਗਾ। ਤਾਏ ਨੇ ਟਕੋਰ ਜਿਹੀ ਮਾਰਦਿਆਂ ਕਿਹਾ।
“ਲੈ ਤਾਇਆ! ਸ਼ਾਹਰੁੱਖ ਨੂੰ ਨੱਚਦਿਆਂ ਵੇਖਕੇ ਸਾਰਾ ਸਟੇਡੀਅਮ ਕਿਵੇਂ ਝੂਮ ਰਿਹਾ ਸੀ।” ਸ਼ੀਤੇ ਨੇ ਚਸਕਾ ਲੈਂਦਿਆਂ ਕਿਹਾ।
-ਓਏ ਸ਼ੀਤਿਆ! ਜਿਹੜੇ ਪੰਜਾਬ ਦੇ ਕਿਸਾਨ ਕਰਜ਼ੇ ਨਾ ਅਦਾ ਕੀਤੇ ਜਾਣ ਕਰਕੇ ਖੁਦਕਸ਼ੀਆਂ ਕਰ ਰਹੇ ਹੋਣ। ਉਸ ਸੂਬੇ ਵਿਚ ਕਿਸੇ ਐਕਟਰ ਨੂੰ ਕੁਝ ਮਿੰਟਾਂ ਤੱਕ ਵੇਖਣ ਲਈ ਕਰੋੜਾਂ ਰੁਪਏ ਬਰਬਾਦ ਕਰਨੇ ਕੋਈ ਚੰਗੀ ਗੱਲ ਨਹੀਂ। ਤਾਏ ਨੇ ਸ਼ੀਤੇ ਨੂੰ ਸਮਝਾਉਂਦਿਆਂ ਕਿਹਾ।
“ਬਈ ਤਾਇਆ! ਇਹ ਗੱਲ ਤਾਂ ਸਾਨੂੰ ਸਮਝ ਨਹੀਂ ਆਈ ?” ਸ਼ੀਤੇ ਨੇ ਆਪਣਾ ਸਿਰ ਖੁਰਕਦਿਆਂ ਕਿਹਾ।
-ਬਈ ਸ਼ੀਤਿਆ ਗੱਲ ਸਿੱਧੀ ਆ ਕਿ ਚਲੋ ਆਪਣੇ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਨੂੰ ਬੁਲਾ ਲਿਆ। ਖਲੀ ਇਕ ਪਹਿਲਵਾਨ ਹੈ ਉਸਨੂੰ ਬੁਲਾ ਲਿਆ ਕੋਈ ਗੱਲ ਨਹੀਂ। ਪਰ ਚਿੱਬੀਆਂ ਜਿਹੀਆਂ ਗਲ੍ਹਾਂ ਵਾਲੇ ਸ਼ਾਹਰੁੱਖ ਨੂੰ ਸੱਦਕੇ ਇਨ੍ਹਾਂ ਕੱਬਡੀ ਖਿਡਾਰੀਆਂ ਨੂੰ ਕਿਹੜਾ ਸੁਨੇਹਾ ਦੇ ਦਿੱਤਾ। ਇਹੀ ਕਰੋੜਾਂ ਰੁਪਏ ਜੇਕਰ ਪੰਜਾਬ ਦੇ ਕਿਸਾਨਾਂ ਦੇ ਕਰਜਿ਼ਆਂ ਵਿਚ ਰਾਹਤ ਦੇਣ ਲਈ ਵੰਡੇ ਹੁੰਦੇ ਤਾਂ ਹੋ ਸਕਦਾ ਸੀ ਕੁਝ ਕਿਸਾਨ ਖੁਦਕਸ਼ੀਆਂ ਕਰਨੋ ਬਚ ਜਾਂਦੇ। ਨਾਲੇ ਆਹ ਮਾਸਟਰ ਨੂੰ ਪੁੱਛ ਕਿ ਉਹਦੇ ਸਕੂਲ ਵਿਚ ਕਿੰਨੇ ਮਾਸਟਰ ਬੱਚਿਆਂ ਨੂੰ ਪੜ੍ਹਾਉਂਦੇ ਨੇ। ਜੇਕਰ ਪੰਜਾਬ ਦੇ ਕੁਝ ਸਕੂਲਾਂ ਵਿਚ ਮਾਸਟਰ ਭਰਤੀ ਕਰਕੇ ਉਨ੍ਹਾਂ ਦੀਆਂ ਤਨਖਾਹਾਂ ਇਨ੍ਹਾਂ ਕਰੋੜਾਂ ਰੁਪਿਆਂ ਦੀਆਂ ਵੰਡ ਦਿੱਤੀਆਂ ਜਾਂਦੀਆਂ ਤਾਂ ਕਿੰਨੇ ਮਾਸਟਰਾਂ ਨੂੰ ਰੋਟੀ ਮਿਲ ਜਾਣੀ ਸੀ। ਤਾਇਆ ਲੰਮਾ ਚੌੜਾ ਲੈਕਚਰ ਝਾੜਿਆਂ ਸ਼ੀਤੇ ਨੂੰ ਸਮਝਾਉਣ ਲੱਗਾ।ਸ਼ੀਤਾ ਮੂੰਹ ਅੱਡੀ ਤਾਏ ਦੀਆਂ ਗੱਲਾਂ ਸੁਣ ਰਿਹਾ ਸੀ।
“ਤਾਇਆ! ਸਰਕਾਰੀ ਸਕੂਲਾਂ ‘ਚ ਹੁਣ ਦੋ-ਚਾਰ ਮਾਸਟਰ ਈ ਬੁੱਤਾ ਸਾਰੀ ਜਾਂਦੇ ਨੇ। ਬਾਕੀ ਮਾਸਟਰਾਂ ਦੀ ਨੌਕਰੀਆਂ ਲੱਭਣ ਲਈ ਮੁਜਾਹਰੇ ਕਰਕੇ ਪੁਲਿਸ ਦੀਆਂ ਡਾਂਗਾਂ ਖਾਣ ਲਈ ਰੱਖੇ ਹੋਏ ਨੇ।” ਗੱਪੀ ਨੇ ਤਾਏ ਦੀ ਗੱਲ ਨੇ ਹੋਰ ਚਾਸ਼ਨੀ ਲਾਉਂਦਿਆਂ ਕਿਹਾ।
“ਚਲ ਤਾਇਆ! ਜੇਕਰ ਇਨ੍ਹਾਂ ਨੇ ਕਿਸਾਨਾਂ ਨੂੰ ਪੈਸੇ ਨਹੀਂ ਸੀ ਦੇਣੇ ਤਾਂ ਨਾਂ ਸਹੀ। ਜਾਂ ਮਾਸਟਰ ਭਰਤੀ ਨਹੀਂ ਸਨ ਕਰਨੇ ਤਾਂ ਉਹ ਵੀ ਰਹਿਣ ਦੇਓ। ਜੇਕਰ ਇਹੀ ਕਰੋੜਾਂ ਰੁਪਏ ਪੰਜਾਬ ਵਿਚ ਸਹੂਲਤਾਂ ਨੂੰ ਵਾਂਝੇ ਬੈਠੇ ਖਿਡਾਰੀਆਂ ਨੂੰ ਚੰਗੀਆਂ ਸਹੂਲਤਾਂ ਮੁਹਈਆ ਕਰਾਉਣ ਵਿਚ ਈ ਲਾ ਦਿੰਦੇ ਤਾਂ ਵੀ ਪੰਜਾਬ ਦੇ ਖਿਡਾਰੀਆਂ ਦਾ ਈ ਕੁਝ ਭਲਾ ਹੋ ਜਾਣਾ ਸੀ।” ਧਰਮੇ ਨੇ ਆਪਣਾ ਸੁਝਾਅ ਦਿੰਦਿਆਂ ਕਿਹਾ।
-ਵੇਖ ਸ਼ੀਤਿਆ! ਅਸੀਂ ਕੋਈ ਕੱਬਡੀ ਦੇ ਜਾਂ ਹੋਰਨਾਂ ਖੇਡਾਂ ਦੇ ਦੁਸ਼ਮਣ ਨਹੀਂ। ਅਸੀਂ ਤਾਂ ਚਾਹੁੰਦੇ ਹਾਂ ਕਿ ਜਿਨ੍ਹਾਂ ਲੋਕਾਂ ਕੋਲ ਪਹਿਲਾਂ ਈ ਕਰੋੜਾਂ ਰੁਪਏ ਪਏ ਨੇ ਉਨ੍ਹਾਂ ਭਰਿਆਂ ਦੇ ਘਰ ਭਰਨ ਦਾ ਕੋਈ ਮਤਲਬ ਨਹੀਂ। ਇਹ ਪੈਸਾ ਜੇਕਰ ਲੋੜਵੰਦਾਂ ਨੂੰ ਮਿਲੇ ਤਾਂ ਕਿੰਨਾ ਚੰਗਾ ਹੈ। ਹੁਣ ਵੇਖ ਜਦੋਂ ਕੱਬਡੀ ਟੂਰਨਾਮੈਂਟ ਖ਼ਤਮ ਹੋਣਾ ਹੈ ਉਦੋਂ ਫਿਰ ਕਿਸੇ ਹੋਰ ਐਕਟਰ ਨੂੰ ਫਿਰ ਕਰੋੜਾਂ ਰੁਪਏ ਦੇਕੇ ਸੱਦਣਗੇ। ਇਸ ਹਿਸਾਬ ਨਾਲ ਪੰਜਾਬ ਦਾ ਕਿੰਨਾ ਪੈਸਾ ਬਿਨਾਂ ਕਿਸੇ ਵਜ੍ਹਾ ਦੇ ਹੀ ਬਰਬਾਦ ਹੋ ਗਿਆ। ਤਾਏ ਨੇ ਸ਼ੀਤੇ ਨੂੰ ਸਮਝਾਉਂਦਿਆਂ ਕਿਹਾ।
“ਵੇਖ ਤਾਇਆ! ਤੇਰੀਆਂ ਗੱਲਾਂ ਸੁਣਕੇ ਮੇਰਾ ਦਿਮਾਗ਼ ਵਾਹਵਾ ਖੁਲ੍ਹ ਗਿਐ। ਹੁਣ ਕੱਢ ਪੈਸੇ ‘ਤੇ ਮੈਂ ਲਿਆਵਾਂ ਕੁਝ ਖਾਣ ਲਈ। ਬਾਕੀ ਚਾਹ ਪੀਕੇ ਦਿਮਾਗ ਨੂੰ ਕੁਝ ਤਰੋ ਤਾਜ਼ਾ ਕਰਾਂ। ਨਾਲੇ ਤਾਇਆ ਇਹ ਕੱਬਡੀ ਦੀ ਖੇਡ ਨਹੀਂ ਆ। ਜਿਵੇਂ ਮੇਲਿਆਂ ਵਿਚ ਗੌਣ ਵਾਲੀਆਂ ਲਿਆਕੇ ਸਿਆਸੀ ਸਟੇਜਾਂ ਸਜਾਈਆਂ ਜਾਂਦੀਆਂ ਨੇ। ਏਸ ਵਾਰ ਅਗਲੀਆਂ ਚੋਣਾਂ ਲਈ ਗੌਣ ਵਾਲੇ ਲਿਆਕੇ ਸਟੇਜਾਂ ਸਜਾਈਆਂ ਜਾ ਰਹੀਆਂ ਨੇ।” ਤਾਏ ਕੋਲੋਂ ਪੈਸੇ ਫੜਕੇ ਸ਼ੀਤਾ ਛਾਲਾਂ ਮਾਰਦਾ ਕਸ਼ਮੀਰੀ ਦੀ ਹੱਟੀ ਵੱਲ ਉਡਾਰੀਆਂ ਮਾਰ ਗਿਆ।
ਬੈਠਕ ਵਿਚ ਬੈਠੇ ਸਾਰੇ ਈ ਲੋਕੀਂ ਸ਼ੀਤੇ ਦਾ ਮੂੰਹ ਵੇਂਹਦੇ ਰਹਿ ਗਏ।